ਪਲਾਸਟਿਕ ਪ੍ਰਦੂਸ਼ਣ ਦੇ ਖ਼ਤਰਿਆਂ ਬਾਰੇ ਲੈਕਚਰ
ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਅਕਤੂਬਰ
ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅ, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ, ਲੁਧਿਆਣਾ ਦੀ ਕੌਮੀ ਸੇਵਾ ਯੋਜਨਾ (ਐੱਨ.ਐੱਸ.ਐੱਸ.) ਯੂਨਿਟ ਨੇ ‘ਪਲਾਸਟਿਕ ਨੂੰ ਕਰੋ ਨਾਂਹ’ ਸਿਰਲੇਖ ਹੇਠ ਗੈਸਟ ਲੈਕਚਰ ਕਰਵਾਇਆ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਰਹਿੰਦ-ਖੂੰਹਦ ਘਟਾਉਣ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਠੋਸ ਕਦਮ ਚੁੱਕਣ ਲਈ ਪ੍ਰੇਰਿਤ ਕਰਨਾ ਸੀ। ਸਰਕਾਰੀ ਕਾਲਜ ਫ਼ਾਰ ਗਰਲਜ਼, ਲੁਧਿਆਣਾ ਵਿੱਚ ਵਾਤਾਵਰਨ ਵਿਗਿਆਨ ਦੇ ਸਹਾਇਕ ਪ੍ਰੋਫ਼ੈਸਰ ਅੰਮ੍ਰਿਤ ਪਾਲ ਸਿੰਘ ਨੇ ਪਲਾਸਟਿਕ ਪ੍ਰਦੂਸ਼ਣ ਦੇ ਵਾਤਾਵਰਨ ਖ਼ਤਰਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਲਾਸਟਿਕ ਇੱਕ ਸਹੂਲਤ ਦੀ ਤਰ੍ਹਾਂ ਜਾਪਦਾ ਹੈ, ਪਰ ਇਹ ਇੱਕ ਬੋਝ ਹੈ ਜੋ ਸਾਡੀ ਧਰਤੀ ਲਈ ਵੱਡੇ ਖਤਰੇ ਵਜੋਂ ਉੱਭਰ ਰਿਹਾ ਹੈ। ਇਸ ਲਈ ਸਾਨੂੰ ਆਪਣੇ ਰੋਜ਼ਾਨਾ ਦੇ ਜੀਵਨ ਵਿੱਚੋਂ ਇਸਦੀ ਵਰਤੋਂ ਘਟਾਉਣ ਦੀ ਲੋੜ ਹੈ। ਲੈਕਚਰ ਨੇ ਈਕੋਸਿਸਟਮ ’ਤੇ ਸਿੰਗਲ- ਯੂਜ਼ ਪਲਾਸਟਿਕ ਦੇ ਵਿਨਾਸ਼ਕਾਰੀ ਪ੍ਰਭਾਵਾਂ ਅਤੇ ਹਰਿਆਲੀ ਵਿਕਲਪਾਂ ਵੱਲ ਪਰਿਵਰਤਨ ਦੀ ਲੋੜ ਨੂੰ ਉਜਾਗਰ ਕੀਤਾ। ਉਨ੍ਹਾਂ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨ ਅਤੇ ਵਾਤਾਵਰਣ ਪੱਖੀ ਬਾਇਓ-ਪਲਾਸਟਿਕ ਦੀ ਵਰਤੋਂ ਵਧਾਉਣ ਦੀ ਵਕਾਲਤ ਕੀਤੀ। ਇਹ ਸਮਾਗਮ ਸੰਸਥਾ ਮੁਖੀ ਪ੍ਰੋ. (ਡਾ.) ਅਮਨ ਅੰਮ੍ਰਿਤ ਚੀਮਾ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਇਸ ਦਾ ਸੰਚਾਲਨ ਦੀਪਕ ਕੁਮਾਰ ਅਤੇ ਡਾ. ਪੂਜਾ ਸਿੱਕਾ (ਪ੍ਰੋਗਰਾਮ ਅਫਸਰ) ਵੱਲੋਂ ਸਟੂਡੈਂਟ ਕੋ-ਆਰਡੀਨੇਟਰ ਸੁਹਾਨੀ ਅਤੇ ਸੁਕ੍ਰਿਤ ਬੱਸੀ, ਵਿਭਾਗੀ ਪ੍ਰਤੀਨਿਧੀ ਜੀਸਸ ਗੋਇਲ ਦੇ ਸਹਿਯੋਗ ਨਾਲ ਸੰਪੂਰਨ ਹੋਇਆ।