ਭਾਰਤੀ ਫੌਜ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਸਬੰਧੀ ਲੈਕਚਰ
ਪੱਤਰ ਪ੍ਰੇਰਕ
ਯਮੁਨਾਨਗਰ, 7 ਜਨਵਰੀ
ਇੱਥੇ 14 ਹਰਿਆਣਾ ਬਟਾਲੀਅਨ ਐੱਨਸੀਸੀ ਯਮੁਨਾਨਗਰ ਅਤੇ ਡੀਏਵੀ ਗਰਲਜ਼ ਕਾਲਜ ਦੇ ਐੱਨਸੀਸੀ ਵਿੰਗ ਦੇ ਸਾਂਝੇ ਉੱਦਮ ਹੇਠ ਹਥਿਆਰਬੰਦ ਸੇਵਾਵਾਂ ਬਲ ਵਿੱਚ ਨੌਕਰੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ।
ਆਰਮੀ ਰਿਕਰੂਟਿੰਗ ਦਫਤਰ ਅੰਬਾਲਾ ਕੈਂਟ ਦੇ ਡਾਇਰੈਕਟਰ ਮੇਜਰ ਹੇਮੰਤ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ 14 ਹਰਿਆਣਾ ਬਟਾਲੀਅਨ ਐੱਨਸੀਸੀ ਯਮੁਨਾਨਗਰ ਦੇ ਕਮਾਂਡਿੰਗ ਅਫਸਰ ਕਰਨਲ ਜਰਨੈਲ ਸਿੰਘ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਜਤਿੰਦਰ ਦਹੀਆ ਦੀ ਅਗਵਾਈ ਹੇਠ ਹੋਇਆ ਜਦਕਿ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਅਨੀਤਾ ਮੌਦਗਿਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ । ਮੇਜਰ ਹੇਮੰਤ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਫੌਜੀ ਭਰਤੀ ਲਈ ਜੂਨ 2022 ਵਿੱਚ ਅਗਨੀਵੀਰ ਯੋਜਨਾ ਸ਼ੁਰੂ ਕੀਤੀ ਗਈ ਸੀ।
ਇਸ ਸਕੀਮ ਤਹਿਤ ਫੌਜ, ਹਵਾਈ ਫੌਜ ਅਤੇ ਜਲ ਫੌਜ ਵਿੱਚ ਚਾਰ ਸਾਲਾਂ ਲਈ ਸਿਪਾਹੀਆਂ ਦੀ ਭਰਤੀ ਕੀਤੀ ਜਾਂਦੀ ਹੈ। ਸਰਵਿਸ ਫੰਡ ਪੈਕੇਜ ਤਹਿਤ ਚਾਰ ਸਾਲ ਸੇਵਾ ਕਰਨ ਵਾਲੇ ਫੌਜੀਆਂ ਨੂੰ 11 ਲੱਖ 71 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਕੇਂਦਰੀ ਹਥਿਆਰਬੰਦ ਬਲਾਂ ਅਤੇ ਅਸਾਮ ਰਾਈਫਲਜ਼ ਵਿੱਚ ਅਗਨੀਵੀਰ ਯੋਧਿਆਂ ਲਈ 10 ਫ਼ੀਸਦ ਰਾਖਵਾਂਕਰਨ ਦਾ ਪ੍ਰਬੰਧ ਕੀਤਾ ਗਿਆ ਹੈ। ਸੇਵਾ ਤੋਂ ਬਾਅਦ ਸੀਏਪੀਐੱਫ, ਪੁਲੀਸ ਫੋਰਸ, ਪ੍ਰਾਈਵੇਟ ਸੈਕਟਰਾਂ ਵਿੱਚ ਨੌਕਰੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਯੋਜਨਾ ਦਾ ਮੁੱਖ ਉਦੇਸ਼ ਫੌਜ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ ਦੇ ਨਾਲ-ਨਾਲ ਉਨ੍ਹਾਂ ਵਿੱਚ ਅਨੁਸ਼ਾਸਨ, ਹੁਨਰ ਅਤੇ ਅਨੁਭਵ ਪ੍ਰਦਾਨ ਕਰਨਾ ਹੈ। ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਅਸਾਮੀਆਂ ਲਈ ਨਿਯਮਤ ਭਰਤੀਆਂ ਕੀਤੀਆਂ ਜਾਂਦੀਆਂ ਹਨ। ਭਰਤੀ ਲਈ ਚੋਣ ਲਿਖਤੀ ਪ੍ਰੀਖਿਆ, ਸਰੀਰਕ ਕੁਸ਼ਲਤਾ ਟੈਸਟ, ਸਰੀਰਕ ਮਿਆਰੀ ਟੈਸਟ ਅਤੇ ਇੰਟਰਵਿਊ ਰਾਹੀਂ ਕੀਤੀ ਜਾਂਦੀ ਹੈ। ਉਨ੍ਹਾਂ ਨੌਜਵਾਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਦਾ ਸੱਦਾ ਦਿੱਤਾ।
ਕਰਨਲ ਜਰਨੈਲ ਸਿੰਘ ਨੇ ਕਿਹਾ ਕਿ ਫੌਜ ਵਿੱਚ ਨੌਜਵਾਨਾਂ ਵਿੱਚ ਅਥਾਹ ਸੰਭਾਵਨਾਵਾਂ ਹਨ। ਇਸ ਲਈ ਅਪਡੇਟ ਰਹਿਣਾ ਬਹੁਤ ਜ਼ਰੂਰੀ ਹੈ। ਡੀਏਵੀ ਗਰਲਜ਼ ਕਾਲਜ ਵਿੱਚ ਐੱਨਸੀਸੀ ਵਿੰਗ ਇੰਚਾਰਜ ਮੇਜਰ ਗੀਤਾ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੂਬੇਦਾਰ ਮੇਜਰ ਸ਼ਹਿਨਾਜ਼ ਹੁਸੈਨ, ਏਐੱਨਓ ਪੀਆਈ ਸਟਾਫ਼ ਹਾਜ਼ਰ ਸਨ।