‘ਸੰਘਰਸ਼ੀ ਸਮੇਂ ਵਿੱਚ ਸਿੱਖਾਂ ਦਾ ਉਭਾਰ’ ਵਿਸ਼ੇ ’ਤੇ ਲੈਕਚਰ
ਕੁਲਦੀਪ ਸਿੰਘ
ਨਵੀਂ ਦਿੱਲੀ, 12 ਨਵੰਬਰ
ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਸਦਨ ਦੇ ਕਾਨਫਰੰਸ ਹਾਲ ਵਿੱਚ ‘18ਵੀਂ ਸਦੀ ਦੇ ਸੰਘਰਸ਼ੀ ਸਮੇਂ ’ਚ ਸਿੱਖਾਂ ਦਾ ਉਭਾਰ’ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ। ਇਸ ਦੇ ਮੁੱਖ ਵਕਤਾ ਅਮਰੀਕਾ ਤੋਂ ਪਹੁੰਚੇ ਉਘੇ ਲੇਖਕ, ਪੌਡਕਾਸਟਰ ਅਤੇ ਸਮੀਖਿਅਕ ਸਰਬਪ੍ਰੀਤ ਸਿੰਘ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਲੇਖਕ ਅਤੇ ਭਾਰਤ ਸਰਕਾਰ ਦੇ ਕੈਬਨਿਟ ਸਕਤਰੇਤ ਦੇ ਸਾਬਕਾ ਵਿਸ਼ੇਸ਼ ਸਕੱਤਰ ਜੀਬੀਐਸ ਸਿੱਧੂ ਨੇ ਕੀਤੀ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੀ ਖੋਜ-ਵਿਦਿਆਰਥੀ ਹਰਮਨਜੋਤ ਕੌਰ ਨੇ ਵਕਤਿਆਂ ਨਾਲ ਜਾਣ ਪਛਾਣ ਕਰਵਾਈ। ਉਪਰੰਤ ਸਰਬਪ੍ਰੀਤ ਸਿੰਘ ਨੇ ਆਪਣੇ ਲੈਕਚਰ ’ਚ ਕਿਤਾਬਾਂ ਪੜ੍ਹਨ ਦੇ ਸ਼ੌਕ ਤੋਂ ਗੱਲ ਸ਼ੁਰੂ ਕਰਦਿਆਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਦੇ ਸਮਾਨਤਾ ਦੇ ਸਿਧਾਂਤ ਦੀ ਗੱਲ ਕੀਤੀ ਜਿਸ ਸਦਕਾ ਜਾਤਾਂ ਪਾਤਾਂ ’ਚ ਵੰਡੇ ਲੋਕ ਖਾਸ ਕਰਕੇ ਪਛੜੀਆਂ ਜਾਤੀਆਂ ’ਚੋਂ ਵੱਡੀ ਗਿਣਤੀ ’ਚ ਸਿੱਖ ਧਰਮ ਦੇ ਅਨੁਆਈ ਬਣੇ ਤੇ ਪਰਵਰਤੀ ਗੁਰੂਆਂ ਦੇ ਸਮੇਂ ਸਿੱਖ ਧਰਮ ਦਾ ਹੋਰ ਪ੍ਰਚਾਰ ਪ੍ਰਸਾਰ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ ਵਿਅਕਤੀਗਤ ਗੁਰਤਾ ਦਾ ਸਿਲਸਿਲਾ ਖ਼ਤਮ ਕਰਦਿਆਂ ਸੰਗਤਾਂ ਨੂੰ ਗੁਰੂ ਗ੍ਰੰਥ ਤੇ ਗੁਰੂ ਪੰਥ (ਖਾਲਸਾ) ਦੇ ਲੜ ਲਾਇਆ। ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸੰਘਰਸ਼ ਅਤੇ ਸਿੱਖ ਰਾਜ ਦੀ ਸਥਾਪਨਾ ਬਾਰੇ ਗੱਲ ਕੀਤੀ। ਉਪਰੰਤ ਜੀਬੀਐੱਸ ਸਿੱਧੂ ਨੇ ਸਰਬਪ੍ਰੀਤ ਸਿੰਘ ਦੇ ਲੈਕਚਰ ਦੀ ਪ੍ਰਸੰਸਾ ਕਰਦਿਆਂ ਮਾਲੇਰਕੋਟਲਾ ਅਤੇ ਸਰਹਿੰਦ ਨਾਲ ਸਬੰਧਤ ਆਪਣੀਆਂ ਯਾਦਾਂ ਤੇ ਉਥੋਂ ਦੀਆਂ ਯਾਦਗਾਰਾਂ ਨੂੰ ਸਾਂਝਾ ਕੀਤਾ। ਅਖੀਰ ’ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਿੱਖ ਵਿਰਸੇ ਦਾ ਮੰਥਨ ਕਰਦੇ ਇਸ ਲੈਕਚਰ ਦੀ ਅਜੋਕੇ ਸਮੇਂ ’ਚ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਡਾ. ਤ੍ਰਿਪਤਾ ਵਾਹੀ, ਡਾ. ਮਨਜੀਤ ਭਾਟੀਆ ਹਾਜ਼ਰ ਸਨ।