‘ਮੀਡੀਆ ਵਿੱਚ ਔਰਤਾਂ ਨੂੰ ਚੁਣੌਤੀਆਂ ਅਤੇ ਮੌਕੇ’ ਵਿਸ਼ੇ ’ਤੇ ਭਾਸ਼ਣ
ਕੁਲਦੀਪ ਸਿੰਘ
ਚੰਡੀਗੜ੍ਹ, 19 ਸਤੰਬਰ
ਪੰਜਾਬ ਯੂਨੀਵਰਸਿਟੀ ਵਿਖੇ ਅਲੂਮਨੀ ਇੰਟਰਐਕਸ਼ਨ ਸੀਰੀਜ਼ ਦੇ ਤਹਿਤ ਵਿਭਾਗ-ਕਮ-ਸੈਂਟਰ ਫਾਰ ਵਿਮੈਨ ਸਟੱਡੀਜ਼ ਐਂਡ ਡਿਵੈਲਪਮੈਂਟ ਵੱਲੋਂ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਸੀਨੀਅਰ ਐਸੋਸੀਏਟ ਐਡੀਟਰ, ਬਿਜ਼ਨਸ ਸਟੈਂਡਰਡ ਅਤੇ ਵਿਭਾਗ ਦੀ ਸਾਬਕਾ ਵਿਦਿਆਰਥਣ ਵੀਨੂ ਸੰਧੂ ਨੇ ਭਾਸ਼ਣ ਦੀ ਸ਼ੁਰੂਆਤ ਦੋ ਦਹਾਕੇ ਪਹਿਲਾਂ ਦੇ ਉਸ ਸਫ਼ਰ ਦੀ ਯਾਦ ਦਿਵਾਈ ਜਦੋਂ ਮੀਡੀਆ ਵਿੱਚ ਔਰਤਾਂ ਦੀ ਨੁਮਾਇੰਦਗੀ ਬਹੁਤ ਘੱਟ ਸੀ। ਜਦਕਿ ਮੌਜੂਦਾ ਸਮੇਂ ਵਿੱਚ ਮਹਿਲਾ ਪੱਤਰਕਾਰ ਬਹੁਤ ਸਾਰੀਆਂ ਸ਼੍ਰੇਣੀਆਂ ’ਤੇ ਲਿਖ ਰਹੀਆਂ ਹਨ। ਮੀਡੀਆ ਕਰਮਚਾਰੀਆਂ ਦੁਆਰਾ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇਮਾਨਦਾਰੀ ਅਤੇ ਵਚਨਬੱਧਤਾ ਦੇ ਗੁਣਾਂ ’ਤੇ ਵੀ ਚਰਚਾ ਕੀਤੀ ਗਈ। ਮਹਿਲਾ ਮੀਡੀਆ ਕਰਮਚਾਰੀਆਂ ਦੇ ਜੀਵਨ ਵਿੱਚ ਭਾਵਨਾਵਾਂ ਬਨਾਮ ਤਰਕਸ਼ੀਲਤਾ ਦੀ ਸਦੀਵੀ ਬਹਿਸ, ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਔਰਤਾਂ ਵਿਰੁੱਧ ਹਿੰਸਾ ਦੀ ਰਿਪੋਰਟਿੰਗ, ਪੱਤਰਕਾਰਾਂ, ਖਾਸ ਕਰਕੇ ਮਹਿਲਾ ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਲਾਂ, ਸਮਾਜ ਅਤੇ ਮੀਡੀਆ ਵਿੱਚ ਵਿਭਿੰਨਤਾ ਦੇ ਮੁੱਦਿਆਂ ’ਤੇ ਰਿਪੋਰਟਿੰਗ ਬਾਰੇ ਚਰਚਾ ਕੀਤੀ ਗਈ ਸੀ। ਬੁਲਾਰੇ ਨੇ ਮੀਡੀਆ ਕਰਮਚਾਰੀਆਂ ਨੂੰ ਸਮਾਜ ਦੇ ਚੰਗੇ ਵਿਦਿਆਰਥੀ ਬਣਨ ਅਤੇ ਔਰਤਾਂ ਨੂੰ ਮੀਡੀਆ ਵਿੱਚ ਸ਼ਾਮਲ ਕਰਨ ਦੀ ਵਕਾਲਤ ਕਰਦਿਆਂ ਆਪਣਾ ਭਾਸ਼ਣ ਸਮਾਪਤ ਕੀਤਾ। ਪ੍ਰੋ. ਪੈਮ ਰਾਜਪੂਤ ਨੇ ਪ੍ਰਧਾਨਗੀ ਭਾਸ਼ਣ ਵਿੱਚ ਮੀਡੀਆ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀਆਂ ਪ੍ਰਾਪਤੀਆਂ ਅਤੇ ਕੰਮ ਵਿੱਚ ਆ ਰਹੀਆਂ ਰੁਕਾਵਟਾਂ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾਂ ਪ੍ਰੋ. ਮਨਵਿੰਦਰ ਕੌਰ, ਚੇਅਰਪਰਸਨ ਅਤੇ ਡਾ. ਅਮੀਰ ਸੁਲਤਾਨਾ ਐਸੋਸੀਏਟ ਪ੍ਰੋਫ਼ੈਸਰ ਨੇ ਸਪੀਕਰ ਦਾ ਸਵਾਗਤ ਕੀਤਾ।