ਚੌਧਰੀ ਦੇਵੀ ਲਾਲ ’ਵਰਸਿਟੀ ’ਚ ਸੁਰਜੀਤ ਪਾਤਰ ਦੀ ਯਾਦ ’ਚ ਲੈਕਚਰ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 1 ਫਰਵਰੀ
ਪੰਜਾਬੀ ਮੀਡੀਆ ਦਾ ਭਵਿੱਖ ਬੇਹੱਦ ਰੌਸ਼ਨ ਹੈ ਕਿਉਂਕਿ ਇਸ ਦਾ ਫੈਲਾਅ ਹੁਣ ਕੌਮਾਂਤਰੀ ਪੱਧਰ ’ਤੇ ਹੋ ਚੁੱਕਾ ਹੈ। ਇਹ ਗੱਲਾਂ ਆਸਟਰੇਲੀਆ ਵਾਸੀ ਪੱਤਰਕਾਰ ਅਤੇ ਲੇਖਕ ਗੁਰਸ਼ਮਿੰਦਰ ਸਿੰਘ ਉਰਫ ਮਿੰਟੂ ਬਰਾੜ ਨੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਪੰਜਾਬੀ ਵਿਭਾਗ ਵੱਲੋਂ ਡਾ. ਸੁਰਜੀਤ ਪਾਤਰ ਦੀ ਯਾਦ ਵਿੱਚ ਕਰਵਾਏ ਗਏ ਐਕਸਟੈਂਨਸ਼ਨ ਲੈਕਚਰ ‘ਮੀਡੀਆ ਅਤੇ ਪੰਜਾਬੀ ਮੀਡੀਆ’ ਬਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਹੀਆਂ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਣਜੀਤ ਕੌਰ ਨੇ ਕੀਤੀ। ਇਸ ਮੌਕੇ ’ਤੇ ਵਿਭਾਗ ਦੇ ਐਸਿਸਟੈਂਟ ਪ੍ਰੋਫੈਸਰ ਡਾ. ਗੁਰਸਾਹਿਬ ਸਿੰਘ, ਡਾ. ਹਰਦੇਵ ਸਿੰਘ ਅਤੇ ਭੁਪਿੰਦਰ ਪੰਨੀਵਾਲੀਆ ਵੀ ਹਾਜ਼ਰ ਸਨ। ਮਿੰਟੂ ਬਰਾੜ ਨੇ ਕਿਹਾ ਕਿ ਅੱਜ ਪੂਰੇ ਵਿਸ਼ਵ ਵਿੱਚ ਪੰਜਾਬੀ ਮੀਡੀਆ ਆਪਣੀ ਵਿਸ਼ੇਸ਼ ਥਾਂ ਬਣਾ ਚੁੱਕਾ ਹੈ। ਅਨੇਕ ਅਜਿਹੇ ਅਖ਼ਬਾਰ, ਟੀਵੀ ਚੈਨਲ ਅਤੇ ਯੂ-ਟਿਊਬ ਚੈਨਲ ਹਨ ਜਿਨ੍ਹਾਂ ਦੇ ਪਾਠਕਾਂ ਅਤੇ ਦਰਸ਼ਕਾਂ ਦੀ ਗਿਣਤੀ ਕਰੋੜਾਂ ਵਿੱਚ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਰਗੇ ਪੰਜਾਬੀ ਬਹੁ ਗਿਣਤੀ ਵਾਲੇ ਮੁਲਕ ਵਿੱੱਚ ਲੱਖਾਂ ਦੀ ਗਿਣਤੀ ’ਚ ਯੂ-ਟਿਊਬਰ ਕੰਮ ਕਰ ਰਹੇ ਹਨ। ਇਸ ਦੇਸ਼ ਦੇ ਪੰਜਾਬੀਆਂ ਵਿੱਚ ਪੰਜਾਬੀ ਯੂ-ਟਿਊਬ ਪ੍ਰਤੀ ਬਹੁਤ ਜ਼ਿਆਦਾ ਰੁਚੀ ਦੇਖਣ ਨੂੰ ਮਿਲੀ ਹੈ ਅਤੇ ਹਰ ਯੂ-ਟਿਊਬ ਚੈਨਲ ਦੇ ਲੱਖਾਂ ਦੀ ਗਿਣਤੀ ’ਚ ਅਸਲੀ ਦਰਸ਼ਕ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਉਨ੍ਹਾਂ ਦੇ ਯੂ-ਟਿਊਬ ਚੈਨਲ ‘ਪੇਂਡੂ ਆਸਟਰੇਲੀਆ’ ਦੇ ਦਰਸ਼ਕਾਂ ਦੀ ਗਿਣਤੀ ਹੁਣ ਲੱਖਾਂ ਦੀ ਗਿਣਤੀ ’ਚ ਪੁੱਜ ਚੁੱਕੀ ਹੈ। ਵਿਸ਼ਵ ਦੇ ਵੱਡੇ ਮੁਲਕਾਂ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਿੱਚ ਵੀ ਵੱਡੇ ਟੀਵੀ ਚੈਨਲ ਚੱਲ ਰਹੇ ਹਨ, ਜਿਨ੍ਹਾਂ ਦਾ ਦਰਸ਼ਕਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਰਣਜੀਤ ਕੌਰ ਨੇ ਮਿੰਟੂ ਬਰਾੜ ਦਾ ਸਵਾਗਤ ਕੀਤਾ।