ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਚ ਲੈਕਚਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਫਰਵਰੀ
ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਕਾਲਜ ਵਿਖੇ ਪਬਲਿਕ ਲੈਕਚਰ ਕਰਵਾਇਆ ਗਿਆ। ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਮੈਂਬਰ ਰੁਪਿੰਦਰ ਕੌਰ, ਪ੍ਰੋਫ਼ੈਸਰ ਰੇਖਾ ਸਕਸੈਨਾ ਤੇ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਪ੍ਰੋਫ਼ੈਸਰ ਰੇਖਾ ਸਕਸੈਨਾ ਨੇ ‘ਭਾਰਤ ਐਟ 75: ਕੋਲੈਬੋਰੇਟਿਵ ਫੈਡਰਲਿਜ਼ਮ’ ਵਿਸ਼ੇ 'ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਭਾਰਤ ਵਿੱਚ ਸੰਘੀ ਸਬੰਧਾਂ ਨੂੰ ਨਿਯੰਤਰਿਤ ਕਰਨ ਵਾਲੇ ਸੰਵਿਧਾਨਕ ਢਾਂਚੇ ਅਤੇ ਸੰਸਥਾਗਤ ਵਿਧੀਆਂ 'ਤੇ ਜ਼ੋਰ ਦਿੰਦੇ ਹੋਏ ਕੇਂਦਰ ਸਰਕਾਰ ਅਤੇ ਰਾਜਾਂ ਵਿਚਕਾਰ ਸ਼ਕਤੀ ਦੇ ਸੰਤੁਲਨ ਦੀ ਗੱਲ ਕੀਤੀ। ਲੈਕਚਰ ਦੇ ਅੰਤ ਵਿਚ ਵਿਦਿਆਰਥੀਆਂ ਨੇ ਚਰਚਾ ਕੀਤੇ ਵਿਸ਼ਿਆਂ ਨਾਲ ਸਬੰਧਿਤ ਸਵਾਲ-ਜਵਾਬ ਵਿਚ ਹਿੱਸਾ ਲਿਆ। ਕਾਰਜਕਾਰੀ ਪ੍ਰਿੰਸੀਪਲ ਪ੍ਰੋਫ਼ੈਸਰ ਸੁਰਿੰਦਰ ਕੌਰ ਨੇ ਮੁੱਖ ਬੁਲਾਰੇ ਪ੍ਰੋਫ਼ੈਸਰ ਰੇਖਾ ਸਕਸੈਨਾ ਲੈਕਚਰ ਅਤੇ ਮੁੱਖ ਮਹਿਮਾਨ ਰੁਪਿੰਦਰ ਕੌਰ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੀ ਪ੍ਰਤੀਕ ਫੁਲਕਾਰੀ ਅਤੇ ਫੁੱਲਾਂ ਦੇ ਸੁੰਦਰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਯੋਗਦਾਨ ਬਾਰੇ ਚਾਨਣਾ ਪਾਇਆ। ਵਿਭਾਗ ਦੀ ਕਨਵੀਨਰ ਡਾ: ਜਗੀਰ ਕੌਰ ਨੇ ਮੁੱਖ ਮਹਿਮਾਨਾਂ ਨਾਲ ਜਾਣ ਪਛਾਣ ਕਰਵਾਈ।