ਬਾਸਕਟਬਾਲ ਦਾ ਬਾਦਸ਼ਾਹ ਲੇਬਰਾਨ ਜੇਮਸ
ਪ੍ਰਿੰ. ਸਰਵਣ ਸਿੰਘ
ਲੇਬਰਾਨ ਜੇਮਸ ਨੇ ਓਲੰਪਿਕ ਖੇਡਾਂ ਵਿੱਚੋਂ ਇੱਕ ਕਾਂਸੀ ਤੇ ਤਿੰਨ ਗੋਲਡ ਮੈਡਲ ਜਿੱਤੇ ਹਨ। ਚਾਰ ਵਾਰ ਐੱਨਬੀਏ ਦੀ ਚੈਂਪੀਅਨਸ਼ਿਪ ਜਿੱਤਿਆ ਤੇ ਅੱਠ ਵਾਰ ਐੱਨਬੀਏ ਦੇ ਫਾਈਨਲ ਮੈਚ ਖੇਡਿਆ ਹੈ। ਚਾਰ ਵਾਰ ਉਸ ਨੂੰ ਬਾਸਕਟਬਾਲ ਦਾ ਸਭ ਤੋਂ ਮੁੱਲਵਾਨ ਖਿਡਾਰੀ ਹੋਣ ਦਾ ਖ਼ਿਤਾਬ ਮਿਲਿਆ ਹੈ। 2024 ਦੀਆਂ ਓਲੰਪਿਕ ਖੇਡਾਂ ਦਾ ਵੀ ਉਹ ਐੱਮਵੀਐੱਸ ਹੈ ਮਤਲਬ ਮੋਸਟ ਵੈਲਿਊਏਬਲ ਖਿਡਾਰੀ। ਖੇਡ ਦੇ ਸਿਰ ’ਤੇ ਬਿਲੀਅਨ ਡਾਲਰਾਂ ਤੋਂ ਵੱਧ ਨਾਵਾਂ ਕਮਾ ਚੁੱਕਾ ਹੈ। 2003 ਤੋਂ ਉਹ ਐੱਨਬੀਏ ਵਿੱਚ ਖੇਡਣ ਲੱਗਾ ਸੀ ਅਤੇ ਉਮਰ ਦੇ 40ਵੇਂ ਸਾਲ ਵਿੱਚ ਵੀ ਖੇਡ ਰਿਹੈ। 2005 ਤੋਂ 2024 ਤੱਕ ਵੀਹ ਵਾਰ ਉਹ ਐੱਨਬੀਏ ਦੀ ਆਲ ਸਟਾਰ ਟੀਮ ਵਿੱਚ ਚੁਣਿਆ ਗਿਆ। 2008 ਦੀ ਐੱਮਬੀਏ ਚੈਂਪੀਅਨਸ਼ਿਪ ਵਿੱਚ ਉਹਦੇ ਸਭ ਤੋਂ ਵੱਧ ਅੰਕ ਸਨ। 2012 ਵਿੱਚ ਉਹ ਬਾਸਕਟਬਾਲ ਦਾ ‘ਅਥਲੀਟ ਆਫ ਦਿ ਯੀਅਰ’ ਐਲਾਨਿਆ ਗਿਆ। ਕਿਸੇ ਖਿਡਾਰੀ ਦਾ ਲਗਾਤਾਰ 21 ਸਾਲ ਖੇਡੀ ਜਾਣਾ ਤੇ ਉਹ ਵੀ ਵਿਸ਼ਵ ਪੱਧਰ ’ਤੇ, ਹੈਰਾਨ ਕਰ ਦੇਣ ਵਾਲੀ ਗੱਲ ਹੈ!
ਲੇਬਰਾਨ ਜੇਮਸ ਨੂੰ ਅਮਰੀਕਾ ਦਾ ‘ਧਰਤੀਧੱਕ’ ਕਿਹਾ ਜਾ ਸਕਦੈ। ਉਹਦਾ ਕੱਦ 6 ਫੁੱਟ 9 ਇੰਚ ਹੈ ਤੇ ਭਾਰ 113 ਕਿਲੋਗ੍ਰਾਮ। ਉਹਦੇ ਕੱਦ-ਕਾਠ ਤੋਂ ਮੈਨੂੰ ਸਰਹਾਲੀ ਦਾ ਡਿਸਕਸ ਥਰੋਅਰ ਪਰਵੀਨ ਕੁਮਾਰ ਯਾਦ ਆ ਗਿਆ ਹੈ। ਉਸ ਦਾ ਕੱਦ 6 ਫੁੱਟ 7 ਇੰਚ ਤੇ ਭਾਰ 125 ਕਿਲੋਗ੍ਰਾਮ ਸੀ। 1966 ਵਿੱਚ ਲਿਖੇ ਉਹਦੇ ਸ਼ਬਦ ਚਿੱਤਰ ਦਾ ਨਾਂ ਮੈਂ ‘ਧਰਤੀਧੱਕ’ ਰੱਖਿਆ ਸੀ ਜੋ ਸਾਹਿਤਕ ਰਸਾਲੇ ‘ਆਰਸੀ’ ਵਿੱਚ ਛਪਿਆ। ਉਦੋਂ ਤੋਂ ਹੀ ਮੈਨੂੰ ਖਿਡਾਰੀਆਂ ਬਾਰੇ ਲਿਖਣ ਦੀ ਚੇਟਕ ਲੱਗੀ। ਏਸ਼ੀਆ ਦੇ ਚੈਂਪੀਅਨ ਪਰਵੀਨ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡਾਂ ਦੇ ਮੈਡਲ ਜਿੱਤਣ ਪਿੱਛੋਂ ਟੀਵੀ ਦੇ ‘ਮਹਾਂਭਾਰਤ’ ਸੀਰੀਅਲ ਵਿੱਚ ਭੀਮ ਸੈਨ ਦਾ ਰੋਲ ਵੀ ਅਦਾ ਕੀਤਾ ਸੀ। ਦਾਰੇ ਪਹਿਲਵਾਨ ਵਾਂਗ ਹਿੰਦੀ ਡਾਇਲਾਗ ਉਹ ਵੀ ਪੰਜਾਬੀ ਵਾਂਗ ਹੀ ਬੋਲਦਾ ਸੀ। ਕਹਿੰਦੇ ਹਨ ਕਿ ਫਿਲਮਾਂ ਬਣਾਉਣ ਵਾਲਿਆਂ ਨੇ ਦਾਰੇ ਨੂੰ ਹਿੰਦੀ ਬੋਲਣੀ ਸਿਖਾਉਣ ਲਈ ਹਿੰਦੀ ਦੇ ਟਿਊਟਰ ਦਾ ਪ੍ਰਬੰਧ ਕੀਤਾ। ਮਹੀਨਿਆਂ ਦੀ ਮਗਜ਼ ਖਪਾਈ ਪਿੱਛੋਂ ਦਾਰਾ ਤਾਂ ਹਿੰਦੀ ਬੋਲਣੀ ਸਿੱਖ ਨਾ ਸਕਿਆ, ਪਰ ਹਿੰਦੀ ਦਾ ਟਿਊਟਰ ਹਿੰਦੀ ਭੁੱਲ ਗਿਆ ਤੇ ਦਾਰੇ ਵਾਂਗ ਪੰਜਾਬੀ ਬੋਲਣ ਲੱਗ ਪਿਆ!
ਪਟਿਆਲਾ ਕੋਚਿੰਗ ਕੈਂਪ ਵਿੱਚ ਪਰਵੀਨ ਭਾਊ ਨੇ ਮੈਨੂੰ ਭੇਤ ਦੀ ਗੱਲ ਦੱਸੀ, “ਭਾਅ ਜੀ, ਲੰਮੇ ਕੱਦ ਦਾ ਫਾਇਦਾ ਵੀ ਆ ਤੇ ਨੁਕਸਾਨ ਵੀ।” ਮੈਂ ਪੁੱਛਿਆ “ਉਹ ਕਿਵੇਂ?” ਕਹਿੰਦਾ, “ਰਿਕਸ਼ੇ ’ਤੇ ਚੜ੍ਹਾਂ ਤਾਂ ਡੂਢਾ ਕਿਰਾਇਆ ਦੇਣਾ ਪੈਂਦਾ। ਸਿਨਮਾ ਦੇਖਾਂ ਤਾਂ ਪਿਛਲੀਆਂ ਕਤਾਰਾਂ ਵਾਲੇ ‘ਪਲੀਜ਼-ਪਲੀਜ਼’ ਕਰੀ ਜਾਂਦੇ ਆ। ਜਹਾਜ਼ ਚੜ੍ਹਾਂ ਤਾਂ ਕੁਰਸੀ ਹੇਠੋਂ ਢਿਲਕ ਜਾਂਦੀ ਆ। ਲੱਗਦੈ ਗਈ ਕਿ ਗਈ! ਗੱਡੀ ਚੜ੍ਹਾਂ ਤਾਂ ਬੱਚੇ ਵੇਖ ਕੇ ਹੱਸਣ ਲੱਗਦੇ ਆ। ਅੱਗੋਂ ਮੈਂ ਵੀ ਮੂੰਹ ਖੋਲ੍ਹ ਲਵਾਂ ਤਾਂ ਡਾਡਾਂ ਮਾਰਦੇ ਮਾਵਾਂ ਦੀਆਂ ਗੋਦੀਆਂ ’ਚ ਲੁਕਣ ਲੱਗਦੇ ਆ ਪਈ ਆਹ ਦਿਓ ਜਿਆ ਕਿਤੇ ਖਾ ਈ ਨਾ ਜਾਵੇ!”
ਇਕੇਰਾਂ ਉਹ ਰੇਲ ਗੱਡੀ ਵਿੱਚ ਰਜਾਈ ਲੈ ਕੇ ਸੌਂ ਗਿਆ। ਉਹਦੇ ਵਰਗਾ ਇੱਕ ਹੋਰ ਮੁਸਾਫ਼ਿਰ ਆਇਆ ਜੀਹਨੂੰ ਸੌਣ ਨੂੰ ਤਾਂ ਕੀ, ਬਹਿਣ ਨੂੰ ਥਾਂ ਵੀ ਨਹੀਂ ਸੀ ਮਿਲ ਰਹੀ। ਉਸ ਨੇ ਪਰਵੀਨ ਨੂੰ ਕਿਹਾ, “ਭਾਅ ਜੀ, ਰਤਾ ਗੋਡੇ ਮੋੜ ਲਓ, ਮੈਂ ਵੀ ਬਹਿ ਲਵਾਂ।”
ਗੋਡੇ ਮਖੌਲੀਏ ਪਰਵੀਨ ਦੇ ਪਹਿਲਾਂ ਹੀ ਮੋੜੇ ਹੋਏ ਸਨ। ਉਸ ਨੇ ਸਿੱਧੇ ਕਰ ਲਏ। ਸਿਰ ਪਹਿਲਾਂ ਹੀ ਰਜਾਈ ਤੋਂ ਬਾਹਰ ਸੀ, ਫਿਰ ਪੈਰ ਵੀ ਬਾਹਰ ਨਿਕਲ ਆਏ। ਮੁਸਾਫ਼ਿਰ ਕਦੇ ਸਿਰ ਵੱਲ ਤੇ ਕਦੇ ਪੈਰਾਂ ਵੱਲ ਵੇਖਦਾ ਬੋਲਿਆ, “ਤਾਂਹੀਏਂ।” ਪਰਵੀਨ ਨੇ ਪੁੁੱਛਿਆ, “ਤਾਂਹੀਏਂ ਕੀ?”
“ਮੈਂ ਸਮਝਿਆ ਸੀ, ਕੋਈ ਬੰਦਾ ਪਿਆ!”
*
ਲੇਬਰਾਨ ਜੇਮਸ ਦਾ ਰੰਗ ਸਾਂਵਲਾ, ਨੈਣ ਨਕਸ਼ ਮੋਟੇ ਠੁੱਲ੍ਹੇ, ਲੱਤਾਂ ਬਾਹਾਂ ਲੰਮੀਆਂ ਤੇ ਵਾਲ ਛੱਲੇਦਾਰ ਹਨ। ਮੱਥਾ ਖੁੱਲ੍ਹਾ, ਨੱਕ ਚੌੜਾ, ਬੁੱਲ੍ਹ ਢਾਲ਼ੂ, ਦੰਦ ਚਿੱਟੇ, ਦਾੜ੍ਹੀ ਭਰਵੀਂ ਤੇ ਕੰਨ ਗੋਲ ਮੋਲ। ਸਮੁੱਚਾ ਪ੍ਰਭਾਵ ਬਾਤਾਂ ਵਿਚਲੇ ਦਿਓ ਦਾ ਹੀ ਪੈਂਦਾ ਹੈ। ਉਸ ਨੂੰ ਵੀ ਕੋਈ ਬੱਚਾ ਵੇਖੇ ਤਾਂ ਪਹਿਲਾਂ ਹੱਸੇ ਤੇ ਫਿਰ ਜਦੋਂ ਲੇਬਰਾਨ ਮੁਸਕਰਾਉਂਦਾ ਹੋਇਆ ਬੱਚੇ ਵੱਲ ਬਾਹਾਂ ਵਧਾਵੇ ਤਾਂ ਉਹੀ ਬੱਚਾ ਡਰਦਾ ਮਾਰਾ ਡਾਡਾਂ ਮਾਰਨ ਲੱਗੇ ਪਈ ਦਿਓ ਮੈਨੂੰ ਪੈ ਚੱਲਿਆ!
ਕੰਗਾਲ ਤੋਂ ਅਰਬਪਤੀ ਬਣੇ ਲੇਬਰਾਨ ਜੇਮਸ ਦਾ ਜਨਮ 30 ਦਸੰਬਰ 1984 ਨੂੰ ਅਮਰੀਕਾ ਦੀ ਓਹਾਇਓ ਸਟੇਟ ਦੇ ਸ਼ਹਿਰ ਐਕਰਨ ਵਿੱਚ ਗਲੋਰੀਆ ਮੈਰੀ ਜੇਮਸ ਦੀ ਕੁੱਖੋਂ ਹੋਇਆ ਸੀ। ਉਹਦਾ ਪਿਓ ਐਂਥੋਨੀ ਮਕਲੈਂਡ ਜਰਾਇਮ ਪੇਸ਼ਾ ਬੰਦਾ ਸੀ ਜੋ ਸੋਲਾਂ ਸਾਲ ਦੀ ਨਵਵਿਆਹੀ ਪਤਨੀ ਤੇ ਨਵਜੰਮੇ ਪੁੱਤ ਨੂੰ ਛੱਡ ਕੇ ਕਿਤੇ ਟਿੱਭ ਗਿਆ ਸੀ। ਵਿਚਾਰੀ ’ਕੱਲੀ ਕਾਰੀ ਮਾਂ ਨੇ ਰੁਲ਼ਦਿਆਂ ਖੁਲ਼ਦਿਆਂ ਨਾ ਸਿਰਫ਼ ਪੁੱਤਰ ਨੂੰ ਪਾਲਿਆ ਸਗੋਂ ਬਾਸਕਟਬਾਲ ਦਾ ਅਜਿਹਾ ਖਿਡਾਰੀ ਬਣਾਇਆ ਜੋ ਬਾਸਕਟਬਾਲ ਦਾ ਕਿੰਗ ਕਹਾਇਆ। ਉਹ 2003 ਤੋਂ ਪ੍ਰੋਫੈਸ਼ਨਲ ਬਾਸਕਟਬਾਲ ਖੇਡ ਰਿਹੈ ਤੇ 40000 ਤੋਂ ਵੱਧ ਅੰਕ ਹਾਸਲ ਕਰ ਚੁੱਕੈ! 40 ਸਾਲਾਂ ਨੂੰ ਢੁੱਕ ਕੇ ਵੀ ਉਹ ਐੱਨਬੀਏ ਲੀਗ ਦਾ ਸਰਗਰਮ ਖਿਡਾਰੀ ਹੈ।
ਜਨਮ ਤੋਂ ਪਿਓ ਵਿਹੂਣੇ ਪੁੱਤ ਨੇ ਮਾਂ ਦੀ ਮਿਹਨਤ ਸਦਕਾ ਆਪਣੀ ਖੇਡ ਨਾਲ ਬਿਲੀਅਨ ਡਾਲਰਾਂ ਤੋਂ ਵੱਧ ਨਾਵਾਂ ਤੇ ਵਿਸ਼ਵ ਪੱਧਰ ’ਤੇ ਨਾਮਣਾ ਖੱਟ ਲਿਆ ਹੈ। ਉਹਦੇ ਵਾਂਗ ਹੋਰਨਾਂ ਦੇਸ਼ ਵਿੱਚ ਹੀ ਐਸੇ ਖਿਡਾਰੀ ਹਨ ਜੋ ਗੋਦੜੀ ਦੇ ਲਾਲ ਸਾਬਤ ਹੋਏ ਹਨ। ਲੇਬਰਾਨ ਦੀ ਮਾਂ ਕੋਲ ਨਾ ਕੋਈ ਪੱਕਾ ਰੈਣ ਬਸੇਰਾ ਸੀ ਤੇ ਨਾ ਕੋਈ ਪੱਕੀ ਨੌਕਰੀ। ’ਕੱਲੀ ਕਾਰੀ ਮਾਂ ਨੇ ਕੰਮ ਵੀ ਲੱਭਿਆ ਤੇ ਰੈਣਬਸੇਰਾ ਵੀ। ਲੇਬਰਾਨ ਨੂੰ ਐਕਰਨ ਦੇ ਪ੍ਰਾਇਮਰੀ ਸਕੂਲ ’ਚ ਪੜ੍ਹਨ ਪਾਇਆ ਤਾਂ ਪਹਿਲਾਂ ਉਸ ਨੂੰ ਫੁੱਟਬਾਲ ਖੇਡਣ ਦੀ ਚੇਟਕ ਲੱਗੀ। ਸੇਂਟ ਵਿਨਸੈਂਟ-ਸੇਂਟ ਮੈਰੀ ਕੈਥੋਲਿਕ ਹਾਈ ਸਕੂਲ ਵਿੱਚ ਉਹ ਬਾਸਕਟਬਾਲ ਖੇਡਣ ਲੱਗਾ। ਉੱਥੇ ਉਹ ਓਹਾਇਓ ਦੇ ਸਕੂਲਾਂ ਦਾ ਸਟਾਰ ਖਿਡਾਰੀ ਬਣ ਗਿਆ। ਉਸ ਦਾ ਪਹਿਲਾਂ ਕੋਚ ਫਰੈਂਕ ਵਾਕਰ ਸੀ ਜਿਸ ਨੇ ਜੇਮਸ ਅੰਦਰ ਛੁਪੀ ਬਾਸਕਟਬਾਲ ਦੀ ਪ੍ਰਤਿਭਾ ਭਾਂਪੀ। ਸਕੂਲ ਵਿੱਚ ਖੇਡਦਿਆਂ ਹੀ ਉਸ ਦਾ ਨਾਂ ਸਟੇਟ ਪੱਧਰ ਤੋਂ ਨੈਸ਼ਨਲ ਪੱਧਰ ਤੱਕ ਪੁੱਜ ਗਿਆ। ਉਹ ਅਮਰੀਕਾ ਦੇ ਬਾਸਕਟਬਾਲ ਅੰਬਰ ’ਤੇ ਚੜ੍ਹਿਆ ਨਵਾਂ ਸਿਤਾਰਾ ਸਮਝਿਆ ਜਾਣ ਲੱਗਾ। ਫਿਰ ਉਸ ਨੂੰ ਐੱਨਬੀਏ ਵਿੱਚ ਸ਼ਾਮਲ ਕੀਤੇ ਜਾਣ ਦੀਆਂ ਗੱਲਾਂ ਹੋਣ ਲੱਗੀਆਂ।
ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਨਾਰਥ ਅਮਰੀਕਾ ਦੀ ਪੇਸ਼ਾਵਰ ਬਾਸਕਟਬਾਲ ਲੀਗ ਹੈ। ਉਸ ਵਿੱਚ ਕੈਨੇਡਾ ਦੀ 1 ਤੇ ਅਮਰੀਕਾ ਦੀਆਂ 29 ਟੀਮਾਂ ਸ਼ਾਮਲ ਹਨ। ਉਹ ਵਿਸ਼ਵ ਦੀ ਪ੍ਰੀਮੀਅਰ ਪ੍ਰੋਫੈਸ਼ਨਲ ਲੀਗ ਸਮਝੀ ਜਾਂਦੀ ਹੈ ਜੋ ਬਾਸਕਟਬਾਲ ਐਸੋਸੀਏਸ਼ਨ ਆਫ ਅਮਰੀਕਾ ਅਤੇ ਨੈਸ਼ਨਲ ਬਾਸਕਟਬਾਲ ਲੀਗ ਨੂੰ ਮਿਲਾ ਕੇ 3 ਅਗਸਤ 1949 ਨੂੰ ਹੋਂਦ ਵਿੱਚ ਆਈ ਸੀ। ਬੀਏਏ ਕਿਉਂਕਿ 6 ਜੂਨ 1946 ਨੂੰ ਬਣੀ ਸੀ, ਇਸ ਲਈ ਐੱਨਬੀਏ ਦਾ ਇਤਿਹਾਸ 6 ਜੂਨ 1946 ਤੋਂ ਹੀ ਅੰਕਿਆ ਜਾਂਦਾ ਹੈ। ਐੱਨਬੀਏ ਦਾ ਬਾਕਾਇਦਾ ਸੀਜ਼ਨ ਅਕਤੂਬਰ ਤੋਂ ਅਪਰੈਲ ਤੱਕ ਚੱਲਦਾ ਹੈ ਜਿਸ ਵਿੱਚ ਹਰ ਟੀਮ 82 ਮੈਚ ਖੇਡਦੀ ਹੈ। ਜੂਨ ਤੱਕ ਫਾਈਨਲ ਚੈਂਪੀਅਨਸ਼ਿਪਸ ਦੀ ਲੜੀ ਚੱਲਦੀ ਹੈ। 2020 ਦੀ ਗੱਲ ਕਰੀਏ ਤਾਂ ਐੱਨਬੀਏ ਦੇ ਖਿਡਾਰੀਆਂ ਨੂੰ ਬਾਕੀ ਸਭ ਲੀਗਾਂ ਨਾਲੋਂ ਔਸਤਨ ਸਭ ਤੋਂ ਵੱਧ ਪੈਸੇ ਮਿਲੇ। ਇਸ ਦਾ ਹੈੱਡ ਆਫਿਸ ਨਿਊ ਯੌਰਕ ਦੇ ਮਿਡਟਾਊਨ ਮੈਨਹਟਨ ਵਿੱਚ ਹੈ। ਇਸ ਵੇਲੇ ਆਮਦਨ ਪੱਖੋਂ ਨੈਸ਼ਨਲ ਫੁੱਟਬਾਲ ਲੀਗ ਸਭ ਤੋਂ ਵੱਧ ਅਮੀਰ ਹੈ, ਦੂਜੇ ਨੰਬਰ ’ਤੇ ਮੇਜਰ ਲੀਗ ਬੇਸਬਾਲ ਤੇ ਤੀਜੇ ਥਾਂ ਐੱਨਬੀਏ ਹੈ। 2024 ਤੱਕ ਬੋਸਟਨ ਸੈੱਲਟਿਕਸ ਨੇ ਐੱਨਬੀਏ ਦੇ 18 ਟਾਈਟਲ ਜਿੱਤੇ ਹਨ ਜੋ ਸਭ ਤੋਂ ਵੱਧ ਹਨ।
ਲੇਬਰਾਨ 2003 ਤੋਂ ਕਲੀਵਲੈਂਡ ਕੈਵਲੀਅਰਜ਼ ਕਲੱਬ ਵੱਲੋਂ ਐੱਨਬੀਏ ਚੈਂਪੀਅਨਸ਼ਿਪ ਖੇਡਣ ਲੱਗਾ ਸੀ ਜੋ ਲਗਾਤਾਰ 2010 ਤੱਕ ਖੇਡਦਾ ਰਿਹਾ। 2010 ਤੋਂ ਉਹ ਮਿਆਮੀ ਹੀਟ ਵੱਲੋਂ ਖੇਡਣ ਲੱਗ ਪਿਆ ਜਿਸ ਵਿੱਚ 2014 ਤੱਕ ਖੇਡਿਆ। ਇਸ ਦੌਰਾਨ ਲੇਬਰਾਨ ਨੇ 2012 ਤੇ 2013 ਵਿੱਚ ਦੋ ਬੀਐੱਨਏ ਚੈਂਪੀਅਨਸ਼ਿਪਸ ਜਿੱਤੀਆਂ। ਦੋ ਵਾਰ ਉਹ ਸਭ ਤੋਂ ਮੁੱਲਵਾਨ ਖਿਡਾਰੀ ਸਿੱਧ ਹੋਇਆ। ਮਿਆਮੀ ਹੀਟ ਨਾਲ ਇਹ ਸਮਾਂ ਉਹਦੇ ਖੇਡ ਕਰੀਅਰ ਦਾ ਬਿਹਤਰੀਨ ਸਮਾਂ ਗਿਣਿਆ ਜਾਂਦਾ ਹੈ। ਮਿਆਮੀ ਹੀਟ ਵਿੱਚ ਖੇਡਦਿਆਂ ਉਸ ਨੇ ਆਪਣੀ ਖੇਡ ਤਕਨੀਕ ਵਿੱਚ ਕਈ ਸੁਧਾਰ ਕੀਤੇ। ਖ਼ਾਸ ਕਰਕੇ 3-ਪੁਆਇੰਟ ਤਕਨੀਕ ਨੂੰ ਸੁਧਾਰਿਆ। 2014 ਤੋਂ 2018 ਤੱਕ ਉਹ ਮੁੜ ਕਲੀਵਲੈਂਡ ਕੈਵਲੀਅਰਜ਼ ਨੂੰ ਰੰਗ ਭਾਗ ਲਾਉਂਦਾ ਰਿਹਾ। ਕੈਰੀ ਆਇਰਵਿੰਗ ਤੇ ਕੇਵਿਨ ਲਵ ਦੇ ਸਹਿਯੋਗ ਨਾਲ 2016 ਦੀ ਐੱਨਬੀਏ ਚੈਂਪੀਅਨਸ਼ਿਪ ਆਪਣੇ ਸ਼ਹਿਰ ਦੇ ਕਲੱਬ ਨੂੰ ਜਿੱਤਾਈ। ਤਦ ਤੱਕ ਉਹਦੀ ਗੁੱਡੀ ਏਨੀ ਚੜ੍ਹ ਚੁੱਕੀ ਸੀ ਕਿ ਨਾਮੀ ਕਲੱਬ ਲਾਸ ਏਂਜਲਸ ਲੇਕਰਜ਼ ਨੇ ਉਸ ਨੂੰ ਮੂੰਹ ਮੰਗੇ ਡਾਲਰ ਦੇ ਕੇ ਆਪਣੇ ਵੱਲੋਂ ਖੇਡਣ ਲਾ ਲਿਆ। ਉਦੋਂ ਤੋਂ ਹੁਣ ਤੱਕ ਉਹ ਉਸੇ ਕਲੱਬ ਵੱਲੋਂ ਖੇਡ ਰਿਹੈ ਤੇ ਲਾਸ ਏਂਜਲਸ ਲੇਕਰਜ਼ ਦਾ ਨਾਂ ਕੁਲ ਦੁਨੀਆ ਵਿੱਚ ਚਮਕਾ ਰਿਹੈ।
2018 ਵਿੱਚ ਲੇਬਰਾਨ ਜੇਮਸ ਨੇ ਲਾਸ ਏਂਜਲਸ ਲੇਕਰਜ਼ ਨਾਲ ਇੱਕ ਇਸ਼ਤਿਹਾਰੀ ਕੰਟਰੈਕਟ ’ਤੇ ਦਸਤਖ਼ਤ ਕੀਤੇ। ਲੇਕਰਜ਼ ਵੱਲੋਂ ਖੇਡਦਿਆਂ ਉਸ ਨੇ ਕੰਟਰੈਕਟ ਦਾ ਪੂਰਾ ਮੁੱਲ ਮੋੜਿਆ। 2020 ਵਿੱਚ ਉਸ ਨੇ ਲੇਕਰਜ਼ ਨੂੰ ਐੱਨਬੀਏ ਚੈਂਪੀਅਨਸ਼ਿਪ ਜਿੱਤ ਦਿੱਤੀ। ਲੇਬਰਾਨ ਦੀ ਖੇਡ ਕਲਾ ਸਿਰਫ਼ ਸਕੋਰ ਕਰਨ ਤੱਕ ਹੀ ਸੀਮਤ ਨਹੀਂ। ਉਹ ਸ਼ਾਨਦਾਰ ਸਹਾਇਕ ਖਿਡਾਰੀ, ਰੀਬਾਊਂਡਰ ਤੇ ਡਿਫੈਂਸਿਵ ਖਿਡਾਰੀ ਵੀ ਹੈ। ਕੋਰਟ ਵਿੱਚ ਉਸ ਦੀ ਹੌਸਲੇ ਵਾਲੀ ਮੌਜੂਦਗੀ ਤੇ ਅਗਵਾਈ ਉਸ ਨੂੰ ‘ਮਹਾਨ ਖਿਡਾਰੀਆਂ’ ਦੀ ਲਿਸਟ ਵਿੱਚ ਲਿਆ ਖੜ੍ਹਾ ਕਰਦੀ ਹੈ। 2023 ਵਿੱਚ ਉਸ ਨੇ ਲਾਸ ਏਂਜਲਸ ਲੇਕਰਜ਼ ਲਈ ਪਹਿਲਾ ਐੱਨਬੀਏ ਕੱਪ ਵੀ ਜਿੱਤਿਆ। ਉਹ ਇਸ ਵੇਲੇ ਐੱਨਬੀਏ ਵਿੱਚ ਖੇਡਣ ਵਾਲਾ ਸਭ ਤੋਂ ਵੱਡਉਮਰਾ ਖਿਡਾਰੀ ਹੈ। 7 ਫਰਵਰੀ 2023 ਤੋਂ ਪਹਿਲਾਂ ਐੱਨਬੀਏ ਲੀਗ ਵਿੱਚੋਂ ਸਭ ਤੋਂ ਵੱਧ ਅੰਕ ਲੈਣ ਦਾ ਰਿਕਾਰਡ ਕਰੀਮ ਅਬਦੁੱਲ-ਜੱਬਾਰ ਦੇ ਨਾਂ ਹੁੰਦਾ ਸੀ ਜੋ ਹੁਣ ਲੇਬਰਾਨ ਜੇਮਸ ਦੇ ਨਾਂ ਹੈ। ‘ਟਾਈਮ’ ਮੈਗਜ਼ੀਨ ਅਨੁਸਾਰ 2005, 2013, 2017 ਤੇ 2019 ਦੇ ਵਿਸ਼ਵ ਪ੍ਰਸਿੱਧ 100 ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ ਉਹਦਾ ਨਾਂ ਸ਼ਾਮਲ ਕੀਤਾ ਜਾਂਦਾ ਰਿਹੈ। ਉਸ ਨੂੰ ਮਿਲੇ ਮਾਣ ਸਨਮਾਨਾਂ ਦਾ ਕੋਈ ਲੇਖਾ ਨਹੀਂ। ਉਹ 1911 ਤੋਂ ਲਿਵਰਪੂਲ ਫੁੱਟਬਾਲ ਕਲੱਬ ਦਾ ਵੀ ਪਾਰਟਨਰ ਹੈ। ਉਸ ਨੇ ਲੇਬਰਾਨ ਫੈਮਿਲੀ ਫਾਊਂਡੇਸ਼ਨ ਬਣਾਈ ਹੈ ਜੋ ਐਕਰੋਨ ਵਿਖੇ ਐਲੀਮੈਂਟਰੀ ਸਕੂਲ, ਹਾਊਸਿੰਗ ਕੰਪਲੈਕਸ, ਰੀਟੇਲ ਪਲਾਜ਼ਾ ਤੇ ਮੈਡੀਕਲ ਸੈਂਟਰ ਚਲਾ ਰਹੀ ਹੈ।
ਲੇਬਰਾਨ ਜੇਮਸ ਕੇਵਲ 19 ਸਾਲਾਂ ਦਾ ਸੀ ਜਦੋਂ ਏਥਨਜ਼ ਦੀਆਂ ਓਲੰਪਿਕ ਖੇਡਾਂ ਲਈ ਅਮਰੀਕਾ ਦੀ ਬਾਸਕਟਬਾਲ ਟੀਮ ਵਿੱਚ ਚੁਣਿਆ ਗਿਆ। ਅਮਰੀਕੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। 2006 ਦੀ ਫੀਬਾ ਵਿਸ਼ਵ ਚੈਂਪੀਅਨਸ਼ਿਪ ਲਈ ਉਹ ਫਿਰ ਅਮਰੀਕਾ ਦੀ ਟੀਮ ਵਿੱਚ ਖੇਡਿਆ। ਉੱਥੇ ਵੀ ਅਮਰੀਕੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ, ਪਰ ਬੀਜਿੰਗ-2008 ਦੀਆਂ ਓਲੰਪਿਕ ਖੇਡਾਂ ’ਚੋਂ ਅਮਰੀਕਾ ਦੀ ਟੀਮ ਨੇ ਗੋਲਡ ਮੈਡਲ ਜਿੱਤਿਆ ਜੋ ਲੇਬਰਾਨ ਦਾ ਪਹਿਲਾ ਓਲੰਪਿਕ ਗੋਲਡ ਬਣਿਆ। ਉੱਥੇ ਅਮਰੀਕੀ ਟੀਮ ਕੋਈ ਵੀ ਮੈਚ ਨਹੀਂ ਹਾਰੀ। 2012 ਵਿੱਚ ਲੰਡਨ ਦੀਆਂ ਓਲੰਪਿਕ ਖੇਡਾਂ ’ਚੋਂ ਵੀ ਅਮਰੀਕਾ ਦੀ ਟੀਮ ਗੋਲਡ ਮੈਡਲ ਜਿੱਤੀ ਜਿਸ ਨਾਲ ਲੇਬਰਾਨ ਦੇ ਦੋ ਓਲੰਪਿਕ ਗੋਲਡ ਮੈਡਲ ਹੋ ਗਏ।
12 ਸਾਲ ਓਲੰਪਿਕ ਖੇਡਾਂ ਤੋਂ ਲਾਂਭੇ ਰਹਿਣ ਪਿੱਛੋਂ ਉਹ 2024 ਦੀਆਂ ਓਲੰਪਿਕ ਖੇਡਾਂ ਵਿੱਚ ਫਿਰ ਸ਼ਾਮਲ ਹੋਇਆ ਜੋ ਪੈਰਿਸ ਵਿਖੇ ਹੋਈਆਂ। ਅਮਰੀਕਾ ਦੇ 592 ਖਿਡਾਰੀਆਂ ਦੇ ਦਲ ਦੀ ਅਗਵਾਈ ਇੱਕ ਪੁਰਸ਼ ਖਿਡਾਰੀ ਤੇ ਇੱਕ ਔਰਤ ਖਿਡਾਰਨ ਨੇ ਕਰਨੀ ਸੀ। ਪੁਰਸ਼ ਖਿਡਾਰੀਆਂ ’ਚੋਂ ਅਮਰੀਕਾ ਦਾ ਝੰਡਾਬਰਦਾਰ ਲੇਬਰਾਨ ਜੇਮਸ ਨੂੰ ਬਣਾਇਆ ਗਿਆ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਕਿ ਅਮਰੀਕਾ ਵੱਲੋਂ ਨੈਸ਼ਨਲ ਫਲੈਗ ਕਿਸੇ ਬਾਸਕਟਬਾਲ ਦੇ ਖਿਡਾਰੀ ਨੂੰ ਫੜਾਇਆ ਗਿਆ। ਅਮਰੀਕਾ ਦੀ ਬਾਸਕਟਬਾਲ ਟੀਮ ਨੇ ਫਿਰ ਗੋਲਡ ਮੈਡਲ ਜਿੱਤਿਆ। ਇੰਜ ਲੇਬਰਾਨ ਦੇ ਓਲੰਪਿਕ ਖੇਡਾਂ ’ਚੋਂ 3 ਗੋਲਡ ਮੈਡਲ ਹੋ ਗਏ। ਸੈਮੀ ਫਾਈਨਲ ਮੈਚ ਸਰਬੀਆ ਦੀ ਟੀਮ ਵਿਰੁੱਧ ਸੀ ਜਿਸ ਵਿੱਚ ਲੇਬਰਾਨ ਦੇ 16 ਅੰਕ 12 ਰੀਬਾਊਂਡ ਤੇ 10 ਅਸਿਸਟ ਅੰਕ ਸਨ। ਫਾਈਨਲ ਮੈਚ ਫਰਾਂਸ ਦੀ ਟੀਮ ਵਿਰੁੱਧ ਸੀ ਜੋ ਅਮਰੀਕਾ ਨੇ 98-87 ਅੰਕਾਂ ਨਾਲ ਜਿੱਤਿਆ। ਉਸ ਵਿੱਚ ਉਹਦੇ 14 ਆਪਣੇ ਅੰਕ, 6 ਰੀਬਾਊਂਡ ਤੇ 10 ਸਹਾਇਕ ਅੰਕ ਸਨ। ਉਸ ਦੀ ਸਮੁੱਚੀ ਕਾਰਗੁਜ਼ਾਰੀ ਦੇ ਆਧਾਰ ’ਤੇ ਉਸ ਨੂੰ ਫੀਬਾ ਓਲੰਪਿਕਸ ਆਲ ਸਟਾਰ ਟੀਮ ’ਚ ਚੁਣਿਆ ਗਿਆ। ਇੰਜ ਉਹ ਬਾਸਕਟਬਾਲ ਦੇ ਮਹਾਨ ਖਿਡਾਰੀ ਆਸਕਰ ਰੋਬਰਟਸਨ, ਮੈਜਿਕ ਜੌਨ੍ਹਸਨ ਤੇ ਮਾਈਕਲ ਜੋਰਡਨ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ।
ਸਕੂਲੇ ਪੜ੍ਹਦਿਆਂ ਉਹਦਾ ਮਿਸ ਸਵਾਨਾ ਨਾਲ ਸਨੇਹ ਹੋ ਗਿਆ ਸੀ। ਜਿਵੇਂ ਉਸ ਦੀ ਖੇਡ ’ਚ ਗੁੱਡੀ ਚੜ੍ਹਦੀ ਗਈ ਉਵੇਂ ਪਿਆਰ ਵੀ ਪ੍ਰਫੁੱਲਤ ਹੁੰਦਾ ਗਿਆ। 14 ਸਤੰਬਰ 2013 ਨੂੰ ਉਨ੍ਹਾਂ ਨੇ ਸਾਨ ਡੀਗੋ, ਕੈਲੀਫੋਰਨੀਆ ਵਿੱਚ ਵਿਆਹ ਕਰਵਾ ਲਿਆ। ਉਨ੍ਹਾਂ ਦੇ ਦੋ ਪੁੱਤਰ ਹੋਏ ਤੇ ਇੱਕ ਧੀ। ਉਨ੍ਹਾਂ ਦੇ ਨਾਂ ਬਰੌਨੀ, ਬ੍ਰਾਈਸ ਤੇ ਜ਼ਹੂਰੀ ਹਨ। ਬਰੌਨੀ ਹੁਣ ਬਾਸਕਟਬਾਲ ਦਾ ਉੱਭਰਦਾ ਖਿਡਾਰੀ ਹੈ ਜਿਸ ਤੋਂ ਵੱਡੀਆਂ ਆਸਾਂ ਹਨ। ਲੇਬਰਾਨ ਦਾ ਇੱਕ ਘਰ ‘ਕੋਕੋਨਟ ਗ੍ਰੋਵ’ ਬਿਸਕੇਨੇ ਬੇਅ ਵਿੱਚ ਹੈ ਜੋ 9 ਮਿਲੀਅਨ ਡਾਲਰਾਂ ਵਿੱਚ ਖ਼ਰੀਦਿਆ ਸੀ। ਦੂਜਾ ਘਰ 21 ਮਿਲੀਅਨ ਦਾ ਮੈਨਸਨ ਬਰੈਂਟਵੁੱਡ, ਲਾਸ ਏਂਜਲਸ ਵਿੱਚ ਹੈ। ਉੱਥੇ ਇੱਕ ਹੋਰ ਘਰ 2017 ਵਿੱਚ 23 ਮਿਲੀਅਨ ਡਾਲਰ ਦਾ ਖ਼ਰੀਦ ਰੱਖਿਆ ਹੈ। 30000 ਵਰਗ ਫੁੱਟ ਦਾ ਮੈਨਸਨ ਆਪਣੇ ਜੱਦੀ ਸ਼ਹਿਰ ਐਂਕਰਨ ਵਿੱਚ ਹੈ। ਹੁਣ ਉਹ ਕੁਝ ਵੀ ਖ਼ਰੀਦ ਸਕਦਾ ਹੈ।
ਖਿਡਾਰੀਆਂ ਦੇ ਸੱਟਾਂ ਫੇਟਾਂ ਤਾਂ ਲੱਗਦੀਆਂ ਹੀ ਹਨ ਜੋ ਉਹਦੇ ਵੀ ਲੱਗੀਆਂ। ਉਂਜ ਉਹ ਪੂਰਾ ਸਿਹਤਮੰਦ ਹੈ। ਸਿਹਤ ਕਾਇਮ ਰੱਖਣ ਲਈ ਉਹ ਹਰ ਸਾਲ ਡੇਢ ਮਿਲੀਅਨ ਡਾਲਰ ਖ਼ਰਚਦਾ ਹੈ। ਜਨਵਰੀ 2009 ਵਿੱਚ ਉਸ ਦੇ ਜਬਾੜੇ ਵਿੱਚ ਟਿਊਮਰ ਉੱਗ ਪਿਆ ਸੀ ਜੋ ਪੰਜ ਘੰਟਿਆਂ ਦੀ ਸਰਜਰੀ ਨਾਲ ਸਾਫ਼ ਕਰ ਦਿੱਤਾ ਗਿਆ। ਉਸ ਦਾ ਜਨਤਕ ਅਕਸ ਬਹੁਤ ਵਧੀਆ ਹੈ। ਮੀਡੀਆ ਵਿੱਚ ਉਹਦੀ ਮਹਿਮਾ ਹੁੰਦੀ ਰਹਿੰਦੀ ਹੈ। ਸ਼ੌਕ ਵੀ ਬਥੇਰੇ ਪਾਲਦਾ ਹੈ ਤੇ ਸਿਆਸਤ ਵਿੱਚ ਵੀ ਮਾੜੀ ਮੋਟੀ ਦਿਲਚਸਪੀ ਰੱਖਦਾ ਹੈ। ਕੰਪਨੀਆਂ ਉਸ ਦੀ ਇਸ਼ਤਿਹਾਰਬਾਜ਼ੀ ਨਾਲ ਆਪੋ ਆਪਣਾ ਮਾਲ ਵੇਚਦੀਆਂ ਹਨ। ਉਹ 2020 ਵਿੱਚ ਐੱਨਬੀਏ ਆਲ ਸਟਾਰ ਟੀਮ ਵਿੱਚ ਚੁਣਿਆ ਗਿਆ ਤਾਂ ਟੀਮ ਨੂੰ ਵਿਸ਼ੇਸ਼ ਜਰਸੀਆਂ ਪਹਿਨਾਈਆਂ ਗਈਆਂ। ਬਾਅਦ ਵਿੱਚ ਚੈਰਿਟੀ ਲਈ ਜਰਸੀਆਂ ਦੀ ਬੋਲੀ ਲੱਗੀ ਤਾਂ ਲੇਬਰਾਨ ਜੇਮਸ ਦੀ ਪਹਿਨੀ ਜਰਸੀ 630000 ਡਾਲਰ ਵਿੱਚ ਵਿਕੀ।
ਵੱਡੇ ਖਿਡਾਰੀਆਂ ਦੀਆਂ ਗੱਲਾਂ ਵੱਡੀਆਂ ਹੁੰਦੀਆਂ ਹਨ ਜੋ ਕਦੇ ਮੁੱਕਦੀਆਂ ਨਹੀਂ। ਜਿਸ ਨੇ ਲੇਬਰਾਨ ਜੇਮਸ ਬਾਰੇ ਬਹੁਤਾ ਕੁਝ ਜਾਣਨਾ ਹੋਵੇ ਉਹ ਉਸ ਦੀ ਜੀਵਨੀ ਪੜ੍ਹ ਸਕਦਾ ਹੈ ਜਾਂ ਉਸ ਦੀਆਂ ਫਿਲਮਾਂ ਤੇ ਵੀਡੀਓਜ਼ ਵੇਖ ਸਕਦਾ ਹੈ। ਖ਼ੁਦ ਗ਼ਰੀਬੀ ਹੰਢਾਈ ਹੋਣ ਕਰਕੇ ਉਹ 2300 ਲੋੜਵੰਦ ਬੱਚਿਆਂ ਨੂੰ ਪੜ੍ਹਾਈ ਤੇ ਸਿਹਤ ਬਣਾਈ ਰੱਖਣ ਲਈ ਵਜ਼ੀਫ਼ੇ ਦੇ ਰਿਹਾ ਹੈ। ਉਸ ਨੂੰ ਜਿੱਥੇ ਹੋਰ ਦਰਜਨਾਂ ਐਵਾਰਡ ਮਿਲੇ ਹਨ ਉੱਥੇ ਕਮਿਊਨਿਟੀ ਦੀ ਉੱਤਮ ਸੇਵਾ ਲਈ ਐੱਨਬੀਏ ਦਾ ਜੇ. ਵਾਲਟਰ ਕੈਨੇਡੀ ਸਿਟੀਜ਼ਨਸ਼ਿਪ ਐਵਾਰਡ ਵੀ ਦਿੱਤਾ ਗਿਆ ਹੈ। ਲੇਬਰਾਨ ਜੇਮਸ ਸੱਚਮੁੱਚ ਖੇਡ ਦਰਸ਼ਕਾਂ ਦੇ ਦਿਲਾਂ ਦਾ ਬਾਦਸ਼ਾਹ ਹੈ।
ਈ-ਮੇਲ: principalsarwansingh@gmail.com