ਲਿਬਨਾਨ: ਹੁਣ ਵਾਕੀ-ਟਾਕੀਜ਼ ’ਚ ਹੋਏ ਧਮਾਕੇ, 20 ਦੀ ਮੌਤ, 450 ਤੋਂ ਵੱਧ ਜ਼ਖ਼ਮੀ
ਬੈਰੂਤ (ਲਿਬਨਾਨ), 19 ਸਤੰਬਰ
Explosion of communication devices in Lebanon: ਲਿਬਨਾਨ ਵਿੱਚ ਹਮਲੇ ਲਈ ਵਾਕੀ-ਟਾਕੀਜ਼ ਅਤੇ ਪੇਜਰਾਂ ਸਮੇਤ ਸੰਚਾਰ ਯੰਤਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੇ ਤਬਾਹਕੁਨ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ। ‘ਅਲ ਜ਼ਜ਼ੀਰਾ’ ਦੀ ਇੱਕ ਰਿਪੋਰਟ ਦੇ ਅਨੁਸਾਰ ਅਧਿਕਾਰੀਆਂ ਨੇ ਕਿਹਾ ਕਿ ਤਾਜ਼ਾ ਹਮਲਿਆਂ ਵਿੱਚ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 450 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ।
ਇਹ ਤਾਜ਼ਾ ਹਮਲਾ ਲਿਬਨਾਨ ਵਿੱਚ ਪੇਜਰਾਂ ਵਿਚ ਇਕੋ ਵੇਲੇ ਕੀਤੇ ਗਏ ਧਮਾਕਿਆਂ ਵਿੱਚ 12 ਲੋਕਾਂ ਦੇ ਮਾਰੇ ਜਾਣ ਅਤੇ 2,800 ਤੋਂ ਵੱਧ ਹੋਰਨਾਂ ਜ਼ਖ਼ਮੀ ਹੋਣ ਦੇ ਇੱਕ ਦਿਨ ਬਾਅਦ ਹੋਇਆ ਹੈ।
ਇਸ ਦੌਰਾਨ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਯੁੱਧ ਵਿੱਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਦਾ ਐਲਾਨ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਹੁਣ ਫੋਕਸ ਇਜ਼ਰਾਈਲ ਦੇ ਉੱਤਰੀ ਖੇਤਰ (ਲਿਬਨਾਨ ਵਾਲੇ ਪਾਸੇ) ’ਤੇ ਹੈ।
‘ਐਕਸ’ ’ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਗੈਲੈਂਟ ਨੇ ਕਿਹਾ ਕਿ ਅਸੀਂ ਯੁੱਧ ਵਿੱਚ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਵਿੱਚ ਹਾਂ - ਅਸੀਂ ਉੱਤਰੀ ਖੇਤਰ ਵਿੱਚ ਸਰੋਤ ਅਤੇ ਬਲਾਂ ਦੀ ਵੰਡ ਕਰ ਰਹੇ ਹਾਂ ਅਤੇ ਸਾਡਾ ਮਿਸ਼ਨ ਇਜ਼ਰਾਈਲ ਦੇ ਉੱਤਰੀ ਭਾਈਚਾਰਿਆਂ ਦੀ ਉਨ੍ਹਾਂ ਦੇ ਘਰਾਂ ਵਿੱਚ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣਾ ਹੈ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸੀਐਨਐਨ ਦੀ ਰਿਪੋਰਟ ਦੇ ਅਨੁਸਾਰ ਲਿਬਨਾਨੀ ਰੈੱਡ ਕਰਾਸ ਦੇ ਦਰਜਨਾਂ ਐਂਬੂਲੈਂਸ ਚਾਲਕਾਂ ਨੇ ਲਿਬਨਾਨ ਵਿੱਚ ਵਾਕੀ-ਟਾਕੀ ਧਮਾਕਿਆਂ ਤੋਂ ਬਾਅਦ ਜ਼ਖ਼ਮੀ ਹੋਏ ਲੋਕਾਂ ਨੂੰ ਬਚਾਉਣ ਅਤੇ ਬਾਹਰ ਕੱਢਣ ਲਈ ਕੰਮ ਕੀਤਾ।
ਲਿਬਨਾਨੀ ਸਿਵਲ ਡਿਫੈਂਸ ਨੇ ਕਿਹਾ ਸੀ ਕਿ ਉਹ 60 ਘਰਾਂ ਅਤੇ ਦੁਕਾਨਾਂ ਵਿੱਚ ਅੱਗ ਨੂੰ ਕਾਬੂ ਕਰਨ ਲਈ ਕੰਮ ਕਰ ਰਿਹਾ ਹੈ ਜੋ ਵਾਕੀ-ਟਾਕੀਜ਼ ਦੇ ਫਟਣ ਤੋਂ ਬਾਅਦ ਲੱਗੀ। ਨੇਬਾਤੀਹ ਗਵਰਨਰੇਟ ਵਿੱਚ 15 ਕਾਰਾਂ ਅਤੇ ਦਰਜਨਾਂ ਮੋਟਰਸਾਈਕਲਾਂ ਅਤੇ ਦੋ ਫਿੰਗਰਪ੍ਰਿੰਟ ਡਿਵਾਈਸਾਂ ਨੂੰ ਅੱਗ ਲੱਗ ਗਈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਲਿਬਨਾਨ ਦੇ ਸਿਹਤ ਮੰਤਰਾਲੇ ਨੇ ਪੇਜਰ ਧਮਾਕਿਆਂ ਤੋਂ ਬਾਅਦ ਜ਼ਖ਼ਮੀ ਲੋਕਾਂ ਦੇ ਵੱਡੀ ਗਿਣਤੀ ਵਿੱਚ ਹਸਪਤਾਲਾਂ ਦਾਖ਼ਲ ਹੋਣ ’ਤੇ ਸਿਹਤ ਕਰਮਚਾਰੀਆਂ ਨੂੰ ਤੁਰੰਤ ਕੰਮ ਕਰਨ ਲਈ ਰਿਪੋਰਟ ਕਰਨ ਦੀਆਂ ਹਦਾਇਤਾਂ ਦਿੱਤੀਆਂ ਸਨ।
ਹਿਜ਼ਬੁੱਲਾ ਨੇ ਮੰਗਲਵਾਰ ਨੂੰ ਪੇਜਰ ਧਮਾਕਿਆਂ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਅਤੇ ਬਦਲਾ ਲੈਣ ਦਾ ਅਹਿਦ ਕੀਤਾ ਸੀ। ਇਸ ਦੌਰਾਨ, ਲਿਬਨਾਨੀ ਅਧਿਕਾਰੀਆਂ ਨੇ ਪੇਜਰ ਰੱਖਣ ਵਾਲੇ ਲੋਕਾਂ ਨੂੰ ਉਨ੍ਹਾਂ ਨੂੰ ਤਬਾਹ ਕਰ ਦੇਣ ਦੀ ਅਪੀਲ ਕੀਤੀ ਹੈ। -ਏਐੱਨਆਈ