ਲਿਬਨਾਨ: ਇਜ਼ਰਾਇਲੀ ਹਮਲਿਆਂ ’ਚ ਹੁਣ ਤੱਕ 560 ਮੌਤਾਂ
ਬੈਰੂਤ, 24 ਸਤੰਬਰ
ਇਜ਼ਰਾਈਲ ਨੇ ਅੱਜ ਹਿਜ਼ਬੁੱਲਾ ਦੇ ਕਈ ਟਿਕਾਣਿਆਂ ਨੂੰ ਮੁੜ ਨਿਸ਼ਾਨਾ ਬਣਾਇਆ। ਇਜ਼ਰਾਇਲੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਕੀਤੀ ਕਾਰਵਾਈ ਵਿੱਚ ਹਿਜ਼ਬੁੱਲਾ ਦਾ ਸਿਖਰਲਾ ਕਮਾਂਡਰ ਇਬਰਾਹਿਮ ਕੋਬਾਇਸੀ ਮਾਰਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਬਾਇਸੀ ਨਾਲ ਕੁਝ ਹੋਰ ਆਗੂ ਵੀ ਸਨ ਜਿਨ੍ਹਾਂ ਦੇ ਇਸ ਹਮਲੇ ਵਿੱਚ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ, ਉੱਧਰ ਅੱਜ ਹਿਜ਼ਬੁੱਲਾ ਨੇ ਇਜ਼ਰਾਇਲ ਉੱਤੇ ਮੁੜ 55 ਰਾਕੇਟ ਦਾਗ਼ੇ ਸਨ। ਵੱਡੇ ਪੱਧਰ ’ਤੇ ਕੀਤੀ ਗਈ ਇਜ਼ਰਾਇਲੀ ਬੰਬਾਰੀ ’ਚ ਮਰਨ ਵਾਲਿਆਂ ਦੀ ਗਿਣਤੀ ਤਕਰੀਬਨ 560 ਤੱਕ ਪਹੁੰਚ ਗਈ ਹੈ ਅਤੇ ਹਜ਼ਾਰਾਂ ਲੋਕ ਦੱਖਣੀ ਲਿਬਨਾਨ ਤੋਂ ਭੱਜ ਗਏ ਅਤੇ ਦੇਵੇਂ ਧਿਰਾਂ ਪੂਰੀ ਤਰ੍ਹਾਂ ਜੰਗ ਦੇ ਨੇੜੇ ਪਹੁੰਚ ਗਈਆਂ ਹਨ। ਬੇਘਰ ਹੋਏ ਪਰਿਵਾਰ ਬੈਰੂਤ ਤੇ ਸਾਹਿਲੀ ਸ਼ਹਿਰ ਦੇ ਸਿਡੋਨ ਦੇ ਸਕੂਲਾਂ ’ਚ ਕਾਹਲੀ ਨਾਲ ਬਣਾਈਆਂ ਗਈਆਂ ਪਨਾਹਗਾਹਾਂ ’ਚ ਸੁੱਤੇ। ਬਹੁਤ ਸਾਰੇ ਲੋਕ ਹੋਟਲਾਂ ’ਚ ਰੁਕੇ ਤੇ ਜਿਨ੍ਹਾਂ ਨੂੰ ਹੋਟਲਾਂ ’ਚ ਥਾਂ ਨਾ ਮਿਲੀ ਉਹ ਸਮੁੰਦਰ ਕਿਨਾਰੇ ਆਪਣੀਆਂ ਕਾਰਾਂ ਵਿੱਚ ਸੁੱਤੇ।
ਦੇਸ਼ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਮ੍ਰਿਤਕਾਂ ’ਚ 50 ਬੱਚੇ ਤੇ 94 ਮਹਿਲਾਵਾਂ ਸ਼ਾਮਲ ਹਨ। ਸਿਹਤ ਮੰਤਰੀ ਫਿਰਾਸ ਆਬਿਆਦ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਦੌਰਾਨ 1835 ਵਿਅਕਤੀ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨੇੜਲੇ 54 ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਆਬਿਆਦ ਨੇ ਦੱਸਿਆ ਕਿ ਜਿਨ੍ਹਾਂ ਦੀ ਜਾਨ ਬਚ ਗਈ ਹੈ, ਉਨ੍ਹਾਂ ਵਿੱਚ ਚਾਰ ਪੈਰਾ-ਮੈਡੀਕਲ ਕਰਮੀ ਹਨ ਅਤੇ ਜ਼ਖ਼ਮੀਆਂ ’ਚ 16 ਪੈਰਾ-ਮੈਡੀਕਲ ਕਰਮੀ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਵੀ ਸ਼ਾਮਲ ਹਨ। -ਪੀਟੀਆਈ