ਸਰਕਾਰ ਤੋਂ ਝਾਕ ਛੱਡ ਦੇ ਚੂਹਟ ਵਾਸੀਆਂ ਨੇ ਖੁ਼ਦ ਮਾਰਿਆ ਹੰਭਲਾ
ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ, 23 ਸਤੰਬਰ
ਪੰਜਾਬ ਮੰਡੀ ਬੋਰਡ ਦੀ ਸੜਕ ਨੂੰ ਪਿੰਡ ਚੂਹਟ ਦੇ ਕਿਸਾਨਾਂ ਨੇ ਕਾਰ ਸੇਵਾ ਵਾਲੇ ਬਾਬਿਆਂ ਦੇ ਸਹਿਯੋਗ ਨਾਲ ਮੁਰੰਮਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜੁਲਕਾਂ ਵਾਇਆ ਚੂਹਟ, ਕਛਵੀ ਤੋਂ ਇਤਿਹਾਸਕ ਗੁਰਦੁਆਰਾ ਮਗਰ ਸਾਹਿਬ ਨੂੰ ਜੋੜਨ ਵਾਲੇ ਰਸਤੇ ਦੀ ਹਾਲਤ ਤਰਸਯੋਗ ਹੋ ਗਈ ਸੀ। ਪਿੰਡ ਚੂਹਟ ਵਾਸੀਆਂ ਨੇ ਆਪਣੇ ਪੱਧਰ ’ਤੇ ਪੈਸੇ ਇਕੱਠੇ ਕਰ ਕੇ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਦੇ ਸਹਿਯੋਗ ਨਾਲ ਮੁਰੰਮਤ ਸ਼ੁਰੂ ਕੀਤੀ ਹੈ। ਇਸ ਕਰੀਬ 7 ਕਿਲੋਮੀਟਰ ਲੰਬੀ ਸੜਕ ਨੂੰ ਕੰਕਰੀਟ ਨਾਲ ਭਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਨੂੰ ਮੁਰੰਮਤ ਕਰਨ ਲਈ ਕਾਫ਼ੀ ਖ਼ਰਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਮਾੜੀ ਹਾਲਤ ਕਾਰਨ ਜਿੱਥੇ ਆਮ ਰਾਹਗੀਰਾਂ ਨੂੰ ਦਿੱਕਤਾਂ ਹੋ ਰਹੀਆਂ ਸਨ, ਉੱਥੇ ਹੀ ਅਗਲੇ ਦਿਨਾਂ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਮੰਡੀ ਲਿਜਾਣ ’ਚ ਦਿਕਤ ਆਉਣੀ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਕਰੀਬ ਦੋ ਸਾਲ ਪਹਿਲਾਂ ਵੀ ਕਾਰ ਸੇਵਾ ਵਾਲੇ ਬਾਬਿਆਂ ਦੇ ਸਹਿਯੋਗ ਨਾਲ ਇਸ ਸੜਕ ਦੀ ਕੰਕਰੀਟ ਨਾਲ ਮੁਰੰਮਤ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਸੜਕ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ ਜਦੋਂਕਿ ਮੰਡੀ ਵਿੱਚ ਕਿਸਾਨਾਂ ਦੀ ਫ਼ਸਲ ਦੀ ਵਿੱਕਰੀ ਤੋਂ ਮਾਰਕੀਟ ਕਮੇਟੀ ਫੀਸ ਵਸੂਲ ਕਰਦੀ ਹੈ। ਪੰਜਾਬ ਮੰਡੀ ਬੋਰਡ ਇਨ੍ਹਾਂ ਪੈਸਿਆਂ ਨਾਲ ਲਿੰਕ ਸੜਕਾਂ ਦੀ ਮੁਰੰਮਤ ਕਰਦਾ ਹੈ ਪਰ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਨੂੰ ਸ਼ਾਇਦ ਮੰਡੀ ਬੋਰਡ ਜ਼ਰੂਰੀ ਨਹੀਂ ਸਮਝਦਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਪਿੰਡ ਚੂਹਟ ਤੋਂ ਇਤਿਹਾਸਕ ਗੁਰਦੁਆਰਾ ਮਗਰ ਸਾਹਿਬ ਨੂੰ ਜਾਂਦੀ ਸੜਕ ਟੁੱਟ ਗਈ ਸੀ। ਉਨ੍ਹਾਂ ਦੱਸਿਆ ਕਿ ਸੜਕਾਂ ਦੀ ਮੁਰੰਮਤ ਲਈ ਕੇਂਦਰ ਸਰਕਾਰ ਵੱਲੋਂ ਫੰਡ ਜਾਰੀ ਹੋਇਆ ਸੀ। ਇਸ ਸੜਕ ’ਤੇ ਪਏ ਖੱਡਿਆਂ ਨੂੰ ਮੰਡੀ ਬੋਰਡ ਵੱਲੋਂ ਸਟੋਨ ਡਸਟ ਪਾ ਕੇ ਪੂਰ ਦਿੱਤਾ ਗਿਆ ਜੋ ਕੁਝ ਸਮੇਂ ਬਾਅਦ ਹੀ ਨਿਕਲ ਗਈ ਸੀ।
ਲਿੰਕ ਸੜਕਾਂ ਦੀ ਮੁਰੰਮਤ ਲਈ ਫੰਡਾਂ ਦੀ ਘਾਟ: ਵਿਧਾਇਕ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਕੇਂਦਰ ਵੱਲੋਂ ਫੰਡ ਨਾ ਜਾਰੀ ਹੋਣ ਕਾਰਨ ਦਿੱਕਤ ਆ ਰਹੀ ਹੈ। ਇਸੇ ਕਾਰਨ ਲਿੰਕ ਸੜਕਾਂ ਦੀ ਮੁਰੰਮਤ ਨਹੀਂ ਹੋ ਰਹੀ।
ਸਰਕਾਰ ਨੂੰ ਐਸਟੀਮੇਟ ਪਿਛਲੇ ਸਾਲ ਭੇਜਿਆ: ਐਕਸੀਅਨ
ਪੰਜਾਬ ਮੰਡੀ ਬੋਰਡ ਦੇ ਐਕਸੀਅਨ ਅੰਮ੍ਰਿਤ ਪਾਲ ਸਿੰਘ ਨੇ ਕਿਹਾ ਕਿ ਇਹ ਲਿੰਕ ਸੜਕਾਂ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਟੁੱਟ ਗਈਆਂ ਸਨ। ਇਸ ਸਬੰਧੀ ਐਸਟੀਮੇਟ ਪਿੱਛਲੇ ਸਾਲ ਭੇਜ ਦਿੱਤਾ ਸੀ ਪਰ ਸੜਕਾਂ ਦੀ ਮੁਰੰਮਤ ਲਈ ਅਜੇ ਕੋਈ ਫੰਡ ਨਹੀਂ ਮਿਲਿਆ ਹੈ।