For the best experience, open
https://m.punjabitribuneonline.com
on your mobile browser.
Advertisement

ਘਰ ਛੱਡਣੇ ਸੌਖੇ ਨਹੀਂ ...

10:35 AM Dec 23, 2023 IST
ਘਰ ਛੱਡਣੇ ਸੌਖੇ ਨਹੀਂ
Advertisement

ਜਗਜੀਤ ਸਿੰਘ ਲੋਹਟਬੱਦੀ

ਭਲੇ ਵੇਲਿਆਂ ਤੋਂ ਹੀ ਮਨੁੱਖ ਘੁਮੱਕੜੀ ਸੋਚ ਦਾ ਰਹਬਿਰ ਰਿਹੈ। ਨਵੀਆਂ ਧਰਤੀਆਂ ਦੀ ਖਿੱਚ ਹਮੇਸ਼ਾਂ ਉਸ ਦੀ ਕਮਜ਼ੋਰੀ ਬਣੀ। ਦੂਰ ਦੇ ਢੋਲ ਸੁਹਾਵਣੇ ਲੱਗਦੇ ਰਹੇ ਹਨ। ਇਨ੍ਹਾਂ ਦਿਸਹੱਦਿਆਂ ਨੂੰ ਛੂਹਣ ਦੀ ਲਲਕ ਉਸ ਲਈ ਬਿਖਮਤਾ ਅਤੇ ਦੁਸ਼ਵਾਰੀਆਂ ਲੈ ਕੇ ਵੀ ਆਈ ਹੈ, ਪਰ ਮਾਨਵ ਤਾਂ ਮਾਨਵ ਠਹਿਰਿਆ। ਚੁਣੌਤੀ ਦਾ ਸਾਹਮਣਾ ਕਰਨਾ ਤਾਂ ਉਸ ਦਾ ਧਰਮ ਰਿਹਾ ਹੈ।
ਮੁਸੀਬਤੋਂ ਸੇ ਨਿਖਰਤੀ ਹੈ ਸ਼ਖ਼ਸੀਅਤ ਯਾਰੋ
ਜੋ ਚਟਾਨੋਂ ਸੇ ਨਾ ਉਲਝੇ, ਵੋਹ ਚਸ਼ਮਾ ਕਿਸ ਕਾਮ ਕਾ!
ਆਵਾਜਾਈ ਦੇ ਸਾਧਨਾਂ ਦੀ ਘਾਟ, ਮੌਸਮ ਦੇ ਥਪੇੜਿਆਂ ਦੀ ਕਰੂਰਤਾ, ਆਪਣੀ ਜੰਮਣ ਭੋਇੰ ਤੋਂ ਉੱਜੜਨ ਦਾ ਹੇਰਵਾ ਵੀ ਇਨਸਾਨ ਦੇ ਕਦਮ ਰੋਕ ਨਹੀਂ ਸਕਿਆ। ‘ਖ਼ਾਨਾ-ਬਦੋਸ਼’ ਅਤੇ ‘ਟੱਪਰੀਵਾਸ’ ਜਿਹੀਆਂ ਲੱਗੀਆਂ ਚੇਪੀਆਂ ਵੀ ਉਸ ਨੂੰ ਡੁਲਾ ਨਹੀਂ ਸਕੀਆਂ। ਝੱਖੜ ਝਾਗ ਕੇ ਵੀ ਉਹ ਬਿੱਖੜੇ ਪੈਂਡਿਆਂ ’ਤੇ ਤੁਰਦਾ ਰਿਹੈ। ਕੋਲੰਬਸ ਨੂੰ ਪੰਦਰਵੀਂ ਸਦੀ ਵਿੱਚ ਹਿੰਦੁਸਤਾਨ ਲੱਭਣ ਦਾ ਭੁੱਸ ਪਿਆ। ਅਮਰੀਕਾ ਜਾ ਪਹੁੰਚਿਆ। ਅੰਗਰੇਜ਼, ਪੁਰਤਗੇਜ਼ੀ, ਫਰਾਂਸੀਸੀ ਨਵੀਆਂ ਕਾਲੋਨੀਆਂ ਭਾਲਣ ਤੁਰੇ। ਕਾਰਨ ਕਈ ਹੋ ਸਕਦੇ ਹਨ, ਪਰ ਪਰਵਾਸ ਮਨੁੱਖ ਦੀ ਹੋਣੀ ਰਿਹਾ ਹੈ। ਸੰਤਾਲੀ ਦੇ ਸੰਤਾਪ ਨੇ ਭਰੇ ਭਰਾਏ ਘਰ ਖਾਲੀ ਕਰਕੇ ਰਫਿਊਜੀ ਬਣਾ ਧਰਿਆ। ਭਾਂ ਭਾਂ ਕਰਦੀਆਂ ਦਹਿਲੀਜ਼ਾਂ ਅਤੇ ਰੰਭਦੇ ਪਸ਼ੂਆਂ ਵੱਲ ਮੁੜ ਕੇ ਝਾਤ ਮਾਰਨ ਦਾ ਜ਼ੇਰਾ ਨਾ ਪਿਆ। ਨਵੀਂ ਧਰਤੀ, ਨਵੇਂ ਲੋਕ! ਇਜ਼ਰਾਈਲ ਨੂੰ ਘਰ ਮਿਲ ਗਿਆ, ਪਰ ਫ਼ਲਸਤੀਨੀ ਅਜੇ ਤੱਕ ਬੇਘਰ ਨੇ। ਸੀਰੀਆਈ ਸ਼ਰਨਾਰਥੀ ਦਰ ਦਰ ਕੁੰਡੇ ਖੜਕਾ ਰਹੇ ਨੇ ਅਤੇ ਰੋਹਿੰਗੀਆਂ ਦਾ ਕੋਈ ਘਰ, ਕੋਈ ਦੇਸ਼ ਹੀ ਨਹੀਂ ਰਿਹਾ। ਉਦਾਸ ਅਤੇ ਓਦਰੇ ਚਿਹਰਿਆਂ ਦੀ ਕੋਈ ਵਿੱਥਿਆ ਸੁਣਨ ਵਾਲਾ ਹੀ ਨਹੀਂ ਦਿੱਸਦਾ।
ਇਨਸਾਨ ਬਿਹਤਰ ਆਰਥਿਕ ਸੰਭਾਵਨਾਵਾਂ ਅਤੇ ਮਿਆਰੀ ਜ਼ਿੰਦਗੀ ਦੀ ਤਲਾਸ਼ ਵਿੱਚ ਪਰਵਾਸ ਕਰਦਾ ਰਿਹਾ ਹੈ। ਉਸ ਨੂੰ ਇੱਕ ਥਾਂ ਨਾਲ ਬੱਝਣਾ ਗਵਾਰਾ ਨਹੀਂ। ਕਿਹਾ ਜਾਂਦੈ ਕਿ ਸੁੱਖ ਸਹੂਲਤਾਂ ਨਾਲ ਭਰੇ ਘਰ ਆਪਣੀ ਹੀ ਤਲਾਸ਼ ਦੇ ਰਾਹ ਵਿੱਚ ਰੋੜਾ ਬਣਦੇ ਹਨ, ਪਰ ਫਿਰ ਵੀ ਟੱਪਰੀਵਾਸਾਂ ਵਾਲੀ ਜ਼ਿੰਦਗੀ ਜਿਉਣਾ ਇੱਕ ਲਲਕਾਰ ਬਣ ਜਾਂਦਾ ਹੈ। ਉਹ ਗਾਹੇ ਬਗਾਹੇ ਐਸ਼ੋ ਆਰਾਮ ਨੂੰ ਛੱਡ ਕੇ ਚੁਣੌਤੀ ਕਬੂਲ ਕਰਨੀ ਲੋਚਦੇ ਹਨ। ਵਾਚਿਆ ਗਿਆ ਹੈ ਕਿ ਦੂਸਰੀ ਵਿਸ਼ਵ ਜੰਗ ਤੋਂ ਬਾਅਦ, ਦੁਨੀਆ ਦੀ ਆਰਥਿਕਤਾ ਸਰਕਾਰਾਂ ਦੇ ਹੱਥਾਂ ਵਿੱਚੋਂ ਨਿਕਲ ਕੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਆਈ ਹੈ। ਜਿੱਥੋਂ ਵੀ ਇਨ੍ਹਾਂ ਨੂੰ ਆਪਣੇ ਕਾਰੋਬਾਰਾਂ ਲਈ ਸਸਤਾ ਸੌਦਾ ਮਿਲੇਗਾ, ਉਹ ਲੱਭ ਲੈਣਗੇ। ਅਮਰੀਕੀਆਂ ਨੂੰ ਜੇ ਸਸਤੇ ਕੰਪਿਊਟਰ- ਉਪਰੇਟਰ ਅਤੇ ਕੈਨੇਡਾ ਨੂੰ ਘੱਟ ਤਨਖਾਹ ਵਾਲੇ ਡਰਾਈਵਰ ਭਾਰਤ ਵਿੱਚੋਂ ਮਿਲਣਗੇ ਤਾਂ ਪਰਵਾਸ ਵਧੇਗਾ ਹੀ। ਅਰਬ ਮੁਲਕਾਂ ਦੀਆਂ ਕੰਪਨੀਆਂ ਅਥਾਹ ਆਰਥਿਕ ਆਧਾਰ ਰੱਖਣ ਦੇ ਬਾਵਜੂਦ ਸਸਤੀ ਕਿਰਤ ਵੱਲ ਵੇਖਦੀਆਂ ਨੇ ਅਤੇ ਸਾਡੇ ਕਾਮਿਆਂ ਲਈ ਰੁਜ਼ਗਾਰ ਦਾ ਮੱਕਾ ਬਣੀਆਂ ਹੋਈਆਂ ਹਨ।
ਦੇਰ ਸਵੇਰ ਮਨੁੱਖ ਆਪਣੀਆਂ ਜੜ੍ਹਾਂ ਤੋਂ ਦੂਰ ਹੁੰਦਾ ਰਿਹਾ ਹੈ। ਇਹ ਸਾਡੇ ਵਿਰਸੇ ਦਾ ਅਟੁੱਟ ਅੰਗ ਬਣਿਆ ਹੈ। ਸਾਂਝੇ ਪਰਿਵਾਰ ਨੂੰ ਛੱਡ ਕੇ ਪਿੰਡਾਂ ਤੋਂ ਸ਼ਹਿਰਾਂ ਵਿਚਲਾ ਵਾਸਾ ਇਸੇ ਕੜੀ ਦਾ ਹਿੱਸਾ ਰਿਹਾ ਹੈ। ਜੜ੍ਹਾਂ ਨਾਲੋਂ ਟੁੱਟਣ ਦਾ ਉਦਰੇਵਾਂ, ਚੀਸ ਜ਼ਰੂਰ ਦਿੰਦੇ ਹਨ। ਆਪਣੇ ਘਰ ਨੂੰ, ਆਪਣੇ ਪੁਰਖਿਆਂ ਨੂੰ ਅਲਵਿਦਾ ਕਹਿਣਾ ਵੀ ਤਾਂ ਆਪਣੀਆਂ ਨੀਂਹਾਂ ’ਤੇ ਸੱਟ ਮਾਰਨ ਵਾਂਗ ਲੱਗਦਾ ਹੈ। ਸਮਾਜਿਕ ਬੰਧਨ ਕਮਜ਼ੋਰ ਪੈਂਦੇ ਹਨ। ਆਪਣਿਆਂ ਤੋਂ ਵਿੱਛੜਨਾ ਸਦਮਾ ਲੱਗਦਾ ਹੈ। ਪਰਵਾਸ ਦੌਰਾਨ ਤੁਹਾਡੀ ਭਾਸ਼ਾ, ਤੁਹਾਡੀ ਕੌਮੀਅਤ, ਤੁਹਾਡਾ ਧਰਮ, ਤੁਹਾਡਾ ਪਹਿਰਾਵਾ, ਜੇਕਰ ਸੁਰੱਖਿਅਤ ਹੈ, ਤਾਂ ਪਰਾਈ ਧਰਤੀ ਵੀ ਤੁਹਾਨੂੰ ਆਪਣੀ ਮਾਂ ਵਰਗੀ ਲੱਗਦੀ ਹੈ। ਇਹ ਮੁਮਕਿਨ ਹੈ ਕਿ ਪਹਿਲੀ ਪੀੜ੍ਹੀ ਨੂੰ ਅਜਿਹੇ ਅਰਥਾਂ ਨਾਲ ਸਰੋਕਾਰ ਹੋਵੇ, ਪਰ ਅਗਲੀਆਂ ਪੀੜ੍ਹੀਆਂ ਇਸ ਤਰ੍ਹਾਂ ਦੇ ਵਿਰਸੇ ਦੇ ਪ੍ਰਭਾਵ ਤੋਂ ਦੂਰ ਹੋਣਗੀਆਂ। ਨਵੀਂ ਸੰਸਕ੍ਰਿਤੀ ਉਨ੍ਹਾਂ ਨੂੰ ਮੋਹਿਤ ਕਰੇਗੀ, ਜਿੱਥੇ ਉਹ ਜਾਤ, ਧਰਮ, ਲਿੰਗ ਦੇ ਵਖਰੇਵਿਆਂ ਤੋਂ ਮੁਕਤ ਹੋਣਗੇ। ਇਹ ਧੜਕਦੀ ਜ਼ਿੰਦਗੀ ਦੀ ਨਿਸ਼ਾਨੀ ਵੀ ਹੈ ਅਤੇ ਬ੍ਰਹਿਮੰਡ ਦੇ ਇੱਕ ਵੱਡਾ ਪਰਿਵਾਰ ਹੋਣ ਦੇ ਸੁਪਨੇ ਦੀ ਨਿਆਈਂ ਵੀ।
ਪਰਵਾਸ ਅਟੱਲ ਐ, ਪਰ ਭਾਰਤ ਵਰਗੇ ਵਿਕਾਸਸ਼ੀਲ ਮੁਲਕਾਂ ਨੂੰ ਇਹ ਦੂਹਰੀ ਸੱਟ ਮਾਰਦਾ ਹੈ। ਇੱਕ ਤਾਂ ਅਸੀਂ ਸੂਝਵਾਨ ਦਿਮਾਗ਼ਾਂ ਤੋਂ ਵਿਰਵੇ ਹੋ ਜਾਂਦੇ ਹਾਂ, ਦੂਸਰਾ ਉਹੀ ਹੱਥ, ਜੋ 30-35 ਸਾਲ ਕੰਮ ਕਰਨ ਦੇ ਸਮਰੱਥ ਹੁੰਦੇ ਨੇ ਅਤੇ ਜਿਨ੍ਹਾਂ ਨੇ ਵੱਡਾ ਟੈਕਸ ਯੋਗਦਾਨ ਕਰਨਾ ਹੁੰਦਾ ਹੈ, ਉਹ ਆਪਣੇ ਨਵੇਂ ਦੇਸ਼ ਦੀ ਤਰੱਕੀ ਦਾ ਸਬੱਬ ਬਣਦੇ ਹਨ। ਵਿਦੇਸ਼ਾਂ ਦਾ ਲਾਹਾ, ਸਾਡਾ ਕੌਮੀ ਖ਼ਸਾਰਾ ਬਣਦਾ ਹੈ। ਪੰਜਾਬ ਦੀ ਇਹ ਤਰਾਸਦੀ ਹੈ ਕਿ ਇੱਥੇ ਕੋਈ ਸਿਲੀਕਾਨ ਵੈਲੀ, ਹਾਈ ਟੈੱਕ ਸਿਟੀ, ਆਈ ਟੀ ਹੱਬ ਬਣੀ ਹੀ ਨਹੀਂ। ਵੱਡੀਆਂ ਸਨਅਤਾਂ ਦੀ ਅਣਹੋਂਦ, ਬੇਰੁਜ਼ਗਾਰੀ ਅਤੇ ਨਸ਼ਿਆਂ ਦੇ ਦਾਗ ਨੇ ਜਵਾਨੀ ਨੂੰ ਪਰਵਾਸ ਵੱਲ ਧੱਕਿਆ ਹੈ। ਉਹ ਘਰੋਂ ਦੂਰ ਦੂਜੇ ਸੂਬਿਆਂ ਵਿੱਚ ਨੌਕਰੀ ਕਰਨ ਦੀ ਥਾਂ ਵਿਦੇਸ਼ਾਂ ਨੂੰ ਤਰਜੀਹ ਦਿੰਦੇ ਹਨ। ‘ਘਰ ਘਰ ਨੌਕਰੀ’ ਦੇ ਝੂਠੇ ਵਾਅਦੇ, ਸੜਕਾਂ ’ਤੇ ਰੁਲਦੇ ਪੜ੍ਹਾਕੂ, ਪੌਣੀ ਸਦੀ ਬਾਅਦ ਵੀ ਕਿਸੇ ਠੋਸ ਸਿੱਖਿਆ ਨੀਤੀ ਦੀ ਅਣਹੋਂਦ, ਸਿਸਟਮ ਦਾ ਮੂੰਹ ਚਿੜਾਉਂਦੇ ਨੇ। ਗੈਂਗਸਟਰ ਕਲਚਰ ਨੇ ਮਾਪਿਆਂ ਵਿੱਚ ਖੌਫ਼ ਭਰਿਆ ਹੈ। ਕੁੱਝ ਸਾਲ ਪਹਿਲਾਂ ਜੋ ਕਹਿੰਦੇ ਸੀ, “ਨਾ ਮੇਰਾ ਪੁੱਤ ! ਆਪਣੇ ਕੋਲ ਕਿਹੜਾ ਕਮੀ ਆ ਕਿਸੇ ਚੀਜ਼ ਦੀ... ਆਪਣਾ ਤਾਂ ਏਥੇ ਈ ਕੈਨੇਡਾ ਆ”, ਆਪਣੇ ਹੱਥੀਂ ਜ਼ਮੀਨਾਂ ਵੇਚ ਕੇ ਲਾਡਲਿਆਂ ਨੂੰ ਜਹਾਜ਼ ਚੜ੍ਹਾ ਰਹੇ ਨੇ।
ਸਟੱਡੀ ਵੀਜ਼ਾ ਲੈਣ ਵਿੱਚ ਪੰਜਾਬ ਪਹਿਲਾ ਨੰਬਰ ਲੈ ਗਿਐ! ਬਿਊਰੋ ਆਫ ਇਮੀਗ੍ਰੇਸ਼ਨ ਦੀ ਰਿਪੋਰਟ ਦੱਸਦੀ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਦੋ ਲੱਖ ਬਾਹਠ ਹਜ਼ਾਰ ਪਾੜ੍ਹੇ ਪੰਜਾਬ ਛੱਡ ਚੁੱਕੇ ਹਨ। ਰੋਜ਼ਾਨਾ ਇੱਕ ਸੌ ਚਾਲੀ ਪੰਜਾਬੀ ਬਾਹਰਲੇ ਦੇਸ਼ਾਂ ਵਿੱਚ ‘ਲੈਂਡ’ ਕਰ ਰਹੇ ਹਨ। ਪੱਕੇ ਬਾਸ਼ਿੰਦਿਆਂ ਦੇ ਤੌਰ ’ਤੇ ਜਾਣ ਵਾਲਿਆਂ ਦੀ ਗਿਣਤੀ ਵੱਖਰੀ ਹੈ। ਅੰਦਾਜ਼ਨ ਪੰਦਰਾਂ ਲੱਖ ਰੁਪਏ ਇੱਕ ਵਿਦਿਆਰਥੀ ਦੀ ਫੀਸ ਅਤੇ ਹੋਰ ਖ਼ਰਚੇ ਲਗਾਈਏ ਤਾਂ ਪੰਜ ਸਾਲਾਂ ਵਿੱਚ ਚਾਰ ਹਜ਼ਾਰ ਕਰੋੜ ਸਰਮਾਇਆ ਬਾਹਰ ਉਡਾਰੀ ਮਾਰ ਚੁੱਕਾ ਹੈ। ਹਰ ਵੀਹਵੇਂ ਘਰ ਦਾ ‘ਲਾਲ’ ਵਿਦੇਸ਼ ਪਹੁੰਚ ਗਿਆ ਹੈ! ਪੰਜਾਬੀਆਂ ਨੇ ਪਿਛਲੇ ਸੱਤ ਸਾਲਾਂ ਵਿੱਚ 54.36 ਲੱਖ ਪਾਸਪੋਰਟ ਬਣਵਾਏ ਹਨ, ਜਦੋਂ ਕਿ ਇੱਥੇ ਘਰਾਂ ਦੀ ਗਿਣਤੀ 55 ਲੱਖ ਹੈ। ਤਸਵੀਰ ਪਤਾ ਨਹੀਂ ਕੀ ਬਿਆਨ ਕਰਦੀ ਹੈ? ਰੁਝਾਨ ਇੰਨਾ ਵਧ ਚੁੱਕਿਐ ਕਿ ਪਹਿਲਾਂ ਗ੍ਰੈਜੂਏਸ਼ਨ ਤੋਂ ਬਾਅਦ ਵਿਦੇਸ਼ ਜਾਣ ਦਾ ਰੁਝਾਨ ਸੀ, ਹੁਣ ਜਮ੍ਹਾਂ ਦੋ ਤੱਕ ਆ ਗਿਐ! ਕੀ ਬਣੂ ਦੁਨੀਆ ਦਾ, ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ!
ਕਿਸੇ ਨੂੰ ਵਿੱਦਿਅਕ ਯੋਗਤਾ ਪੁੱਛੋ, ਆਈਲੈਟਸ ਦੇ ਬੈਂਡ ਦੱਸਦੇ ਨੇ। ਪੜ੍ਹਾਕੂ ਕੁੜੀਆਂ ਦੀ ਕਦਰ ਪਈ ਹੈ। ਲੜਕੇ ਪਰਿਵਾਰ ਵੱਲੋਂ ਪੂਰਾ ‘ਦਾਜ’ ਦੇ ਕੇ ਕੁੜੀ ਨੂੰ ਬਾਹਰਲੇ ਮੁਲਕ ਪੜ੍ਹਾਈ ਲਈ ਭੇਜਿਆ ਜਾਂਦਾ, ਤਾਂ ਕਿ ਉਸ ਦੇ ਪਿੱਛੇ ਮੁੰਡਾ ਵੀ ਵਿਦੇਸ਼ ‘ਸੈਟਲ’ ਹੋ ਜਾਵੇ। ਇਸ ਵਿੱਚ ਵੀ ਹੁਣ ਬਹੁਤ ਵਾਰੀ ਠੱਗੀਆਂ ਸਾਹਮਣੇ ਆਈਆਂ ਹਨ। ਡਾਲਰਾਂ ਦੀ ਠਣਕ ਨੇ ਰਿਸ਼ਤਿਆਂ ਅਤੇ ਵਾਅਦਿਆਂ ਦਾ ਘਾਣ ਕੀਤਾ ਹੈ। ‘ਬਾਹਰ’ ਜਾਣ ਦੀ ਤਾਂਘ ਇੰਨਾ ਘਰ ਕਰ ਚੁੱਕੀ ਹੈ ਕਿ ਟਰੈਵਲ ਏਜੰਟਾਂ ਦਾ ਫਰੇਬ, ਮਾਲਟਾ ਬੋਟ ਕਾਂਡ (1996) ਅਤੇ ਮੈਕਸੀਕੋ ਦੇ ਜੰਗਲ ਵੀ ਭੁਲਾਈ ਬੈਠੇ ਹਾਂ।
ਪੰਜਾਬੀਆਂ ਦਾ ਆਪਣੇ ਫ਼ਰਜ਼ੰਦਾਂ ਨੂੰ ਵਿਦੇਸ਼ ਭੇਜਣ ਪਿੱਛੇ ਆਰਥਿਕ ਪੱਖ ਜ਼ਿਆਦਾ ਭਾਰੂ ਹੈ। ਖੇਤੀ ਉੱਤੇ ਵਧਿਆ ਬੋਝ, ਜ਼ਮੀਨਾਂ ਦੇ ਛੋਟੇ ਟੁਕੜੇ, ਸਿਰ ਚੜ੍ਹਿਆ ਕਰਜ਼ਾ ਚਿੰਤਾ ਦੀ ਪੰਡ ਬਣੇ ਹਨ। ‘ਸੱਪ ਦੇ ਮੂੰਹ ਵਿੱਚ ਕਿਰਲੀ’ ਵਾਲੀ ਗੱਲ ਬਣੀ ਹੋਈ ਹੈ। ਰਾਜਨੀਤੀ ਲਈ ਪੜ੍ਹਾਈ, ਸਿਹਤ ਅਤੇ ਬੇਰੁਜ਼ਗਾਰੀ ਨਾਲੋਂ ਜ਼ਿਆਦਾ ਤਰਜੀਹੀ ਸ਼ਰਾਬ ਦੇ ਠੇਕੇ, ਮਾਈਨਿੰਗ ਅਤੇ ਮਾਫ਼ੀਆ ਗਰੋਹ ਨੇ, ਜਿਨ੍ਹਾਂ ਦੀ ਪਕੜ ਦਿਨੋਂ ਦਿਨ ਮਜ਼ਬੂਤ ਹੋ ਰਹੀ ਹੈ। ਭ੍ਰਿਸ਼ਟਾਚਾਰ ਦੇ ਇਸ ਕੁੰਭ ਵਿੱਚ ਚੁੱਭੀਆਂ ਵੱਜ ਰਹੀਆਂ ਹਨ। ‘ਲੋਕ ਸੇਵਾ’ ਕਰਨ ਵਾਲੇ ਪੰਜ ਪੰਜ ਲੱਖ ਰੁਪਏ ਦੀਆਂ ਪੈਨਸ਼ਨਾਂ ’ਤੇ ਬੁੱਲੇ ਲੁੱਟ ਰਹੇ ਹਨ। ਟੈਕਸ ਵੀ ਸਰਕਾਰੀ ਖ਼ਜ਼ਾਨੇ ‘ਚੋਂ ਜਾਂਦਾ ਹੈ। ਮਲਾਈ ਵਾਲੀਆਂ ਨੌਕਰੀਆਂ ਵੱਡੇ ਘਰਾਂ ਦੇ ਕਾਕਿਆਂ ਵਾਸਤੇ ਰਾਖਵੀਆਂ ਹਨ! ਬੇਰੁਜ਼ਗਾਰ ਸੜਕਾਂ ’ਤੇ ਡਾਂਗਾਂ ਖਾਈ ਜਾਂਦੇ ਹਨ। ‘ਮੋਤੀਆਂ ਵਾਲੀ ਸਰਕਾਰ’ ਮਹਿਲਾਂ ਵਿੱਚ ਆਰਾਮ ਫਰਮਾ ਰਹੀ ਹੈ। ‘ਕੌਣ ਸਾਹਿਬ ਨੂੰ ਆਖੇ ਇੰਞ ਨਹੀਂ, ਇੰਞ ਕਰ’। ਬਦਇੰਤਜ਼ਾਮੀ ਦੇ ਹਮਾਮ ਵਿੱਚ ਸਾਰੇ ਨੰਗੇ ਹਨ। ਨਿਰਾਸ਼ਾ ਅਤੇ ਆਪਾ ਧਾਪੀ ਚਾਰੇ ਪਾਸੇ ਪਸਰੀ ਹੈ। ਬੁੱਢੇ ਮਾਂ ਪਿਉ ਹੇਰਵਾ ਵੀ ਲਾਈ ਰੱਖਦੇ ਹਨ ਅਤੇ ਮਨਾਂ ਨੂੰ ਧਰਵਾਸਾ ਵੀ ਦਿੰਦੇ ਰਹਿੰਦੇ ਹਨ ਕਿ ਪੁੱਤ ਕਮਾਈ ਕਰਨ ਗਿਆ ਹੈ। ਜ਼ਿੰਦਗੀ ਦੀ ਢਲਦੀ ਉਦਾਸ ਸ਼ਾਮ ਨੂੰ ਆਸਾਂ ਦਾ ਸਹਾਰਾ। ਡਾ. ਸੁਰਜੀਤ ਪਾਤਰ ਦੀ ਕਲਮ ਵੀ ਇਸ ਮੰਦੀ ਹਾਲਤ ਦੀ ਗਵਾਹ ਬਣਦੀ ਹੈ:
ਜੋ ਵਿਦੇਸ਼ਾਂ ’ਚ ਰੁਲਦੇ ਨੇ ਰੋਜ਼ੀ ਲਈ,
ਉਹ ਜਦੋਂ ਦੇਸ਼ ਪਰਤਣਗੇ, ਆਪਣੇ ਕਦੀ,
ਕੁੱਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ,
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।
ਸਿਤਮ ਦੀ ਗੱਲ ਤਾਂ ਇਹ ਹੈ ਕਿ ਪਹਿਲੀ ਪੀੜ੍ਹੀ ਨੂੰ ਹੁਣ ਤੱਕ ਮਿੱਟੀ ਦਾ ਮੋਹ ਖਿੱਚ ਕੇ ਲਿਆਉਂਦਾ ਰਿਹਾ ਹੈ, ਸੱਥਾਂ ’ਚ ਹਰ ਸਾਲ ਹਾਜ਼ਰੀ ਲੱਗਦੀ ਰਹੀ ਹੈ। ਦੂਜੀ ਪੀੜ੍ਹੀ ਅੱਧ ਮੰਨੇ ਦਿਲ ਨਾਲ ਅਤੇ ਤੀਜੀ ਪੀੜ੍ਹੀ ਤਾਂ ਮਿੱਟੀ ਦੀ ਧੂੜ ਮੱਥੇ ’ਤੇ ਲਾਉਣ ਤੋਂ ਹੀ ਮੁਨਕਰ ਹੈ। ਪਿੰਡਾਂ ਵਿਚਲੇ ਮਹਿਲਨੁਮਾ ਬੰਗਲੇ ਭੂਤਵਾੜੇ ਬਣੇ ਪਏ ਹਨ। ਸਾਰਾ ਪਿੰਡ ਹੀ ਵਿਕਾਊ ਲੱਗਦਾ ਹੈ। ਬਜ਼ੁਰਗ ਜੋੜਿਆਂ ਦੀ ਭਾਰੀ ਤਾਦਾਦ ਇੱਥੇ ਰਹਿਣ ਲਈ ਮਜਬੂਰ ਹੈ। ਸਹੂਲਤਾਂ ਅਤੇ ਨੌਕਰਾਂ ਚਾਕਰਾਂ ਦੀ ਕਮੀ ਨਹੀਂ ਪਰ... ਦਿਲ ਹੀ ਉਦਾਸ ਹੈ ਜੀ, ਬਾਕੀ ਸਭ ਖ਼ੈਰ ਏ!
ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਧੁੰਮਾਂ ਪਾਈਆਂ ਹਨ। ਨਕਸ਼ੇ ’ਤੇ ਕੋਈ ਕੋਨਾ ਫਰੋਲ ਲਵੋ, ਪੰਜਾਬੀ ਮਿਲ ਹੀ ਜਾਣਗੇ। ਪਰਵਾਸ ਦੀਆਂ ਮੁਸ਼ੱਕਤਾਂ ਨੂੰ ਦਰਕਿਨਾਰ ਕਰਕੇ ਓਪਰੀਆਂ ਧਰਤੀਆਂ ’ਤੇ ਆਪਣੀਆਂ ਪੈੜਾਂ ਛੱਡਣ ਜਾਣਦੇ ਹਨ। ਵੱਖਰੀ ਸ਼ਾਨ ਤੇ ਵੱਖਰੀ ਪਛਾਣ ਦਾ ਸਿੱਕਾ ਚਲਾਇਆ ਹੈ। ਟੀਸੀ ਦੇ ਬੇਰ ਤੱਕ ਪਹੁੰਚਣ ਦਾ ਤਹੱਈਆ ਰੱਖਦੇ ਹਨ...ਪਰ ਘਰਾਂ ਨੂੰ ਛੱਡਣ ਦੀ ਚੀਸ ਮਨ ਵਿੱਚ ਹਮੇਸ਼ਾਂ ਵੱਸਦੀ ਹੈ। ਹਰਜੀਤ ਹਰਮਨ ਇਨ੍ਹਾਂ ਦੀ ਦੁਖਦੀ ਰੰਗ ਨੂੰ ਜਾਣਦਾ ਹੈ:
ਘਰ ਛੱਡਣੇ ਸੌਖੇ ਨਹੀਂ, ਜਿਨ੍ਹਾਂ ਨੂੰ ਛੱਡਣ ਵੇਲੇ ਰੋਏ...
ਸੰਪਰਕ: 89684-33500

Advertisement

Advertisement
Author Image

joginder kumar

View all posts

Advertisement
Advertisement
×