ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੱਤ ਮਹੀਨਿਆਂ ਮਗਰੋਂ ਟੈਂਕੀ ’ਤੋਂ ਉੱਤਰਿਆ ਸਿੱਖਿਆ ਪ੍ਰੋਵਾਈਡਰ

08:39 AM Jan 14, 2024 IST
ਟੈਂਕੀ ਤੋਂ ਉਤਰੇ ਇੰਦਰਜੀਤ ਦਾ ਸਵਾਗਤ ਕਰਦੇ ਹੋਏ ਸਾਥੀ ਅਧਿਆਪਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਜਨਵਰੀ
ਮੁੱਖ ਮੰਤਰੀ ਦੀ ਕੋਠੀ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਪਿੰਡ ਖੁਰਾਣਾ ਵਿੱਚ ਲਗਪਗ ਸੌ ਫੁੱਟ ਉੱਚੀ ਪਾਣੀ ਦੀ ਟੈਂਕੀ ’ਤੇ 215 ਦਿਨਾਂ ਤੋਂ ਡਟੇ ਸਿੱਖਿਆ ਪ੍ਰੋਵਾਈਡਰ ਇੰਦਰਜੀਤ ਸਿੰਘ ਡੇਲੂਆਣਾ ਮੁੱਖ ਮੰਤਰੀ ਭਗਵੰਤ ਮਾਨ ਦੇ ਭਰੋਸੇ ਮਗਰੋਂ ਹੇਠਾਂ ਉਤਰ ਆਏ ਹਨ। ਇਸੇ ਦੌਰਾਨ ਟੈਂਕੀ ਹੇਠਾਂ ਚੱਲ ਰਿਹਾ ਪੱਕਾ ਮੋਰਚਾ ਵੀ ਅੱਜ ਸਮਾਪਤ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨ 8736 ਕੱਚੇ ਅਧਿਆਪਕ ਯੂਨੀਅਨ ਦੇ ਸੂਬਾਈ ਵਫ਼ਦ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ। ਤਕਰੀਬਨ 7 ਮਹੀਨੇ ਮਗਰੋਂ ਜਿਉਂ ਹੀ ਇੰਦਰਜੀਤ ਸਿੰਘ ਡੇਲੂਆਣਾ ਟੈਂਕੀ ਤੋਂ ਹੇਠਾਂ ਉਤਰੇ ਤਾਂ ਸੈਂਕੜੇ ਸਾਥੀ ਅਧਿਆਪਕਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਜੈਕਾਰਿਆਂ ਦੀ ਗੂੰਜ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਸਿੱਖਿਆ ਪ੍ਰੋਵਾਈਡਰ ਯੂਨੀਅਨ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਅਤੇ ਆਈਈਵੀ ਦੇ ਸੂਬਾ ਪ੍ਰਧਾਨ ਗੁਰਲਾਲ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯੂਨੀਅਨ ਨਾਲ ਕੀਤੀ ਮੀਟਿੰਗ ਦੌਰਾਨ ਲਿਖ਼ਤੀ ਤੌਰ ’ਤੇ ਭਰੋਸਾ ਦਿਵਾਇਆ ਗਿਆ ਹੈ ਕਿ ਲੋਹੜੀ ਤੋਂ ਬਾਅਦ ਮੀਟਿੰਗ ਕਰ ਕੇ ਮੰਗਾਂ ਦਾ ਹੱਲ ਜ਼ਰੂਰ ਕੱਢਿਆ ਜਾਵੇਗਾ। ਇਸ ਮੌਕੇ ਇੰਦਰਜੀਤ ਸਿੰਘ ਡੇਲੂਆਣਾ ਨੇ ਕਿਹਾ ਕਿ ਤਨਖਾਹ ਸਕੇਲ ’ਤੇ ਰੈਗੂਲਰ ਕਰਨ ਦੀ ਮੰਗ ਨੂੰ ਜਿਊਂਦਾ ਰੱਖਣ ਲਈ ਉਸ ਨੇ 7 ਮਹੀਨੇ ਟੈਂਕੀ ਉਪਰ ਦਿਨ-ਰਾਤ ਬਿਤਾ ਕੇ ਸੰਘਰਸ਼ ਕੀਤਾ ਅਤੇ ਉਹ ਕੱਚੇ ਅਧਿਆਪਕਾਂ ਦੀ ਮੰਗ ਨੂੰ ਮੁੜ ਜਿਊਂਦਾ ਕਰਨ ਵਿਚ ਸਫ਼ਲ ਹੋਇਆ ਹੈ।
ਉਨ੍ਹਾਂ ਪੰਜਾਬ ਦੇ ਸਾਰੇ ਸਾਥੀ ਅਧਿਆਪਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ,‘‘ਭਾਵੇਂ ਸਰਕਾਰ ਨੇ ਵਾਅਦਾ ਕੀਤਾ ਹੈ ਪਰ ਆਪਾਂ ਸਰਕਾਰ ਨੂੰ ਵਾਅਦੇ ਤੋਂ ਭੱਜਣ ਨਹੀਂ ਦੇਣਾ ਅਤੇ ਅਸਲੀ ਮਾਅਨਿਆਂ ’ਚ ਰੈਗੂਲਰ ਹੋਣ ਤੱਕ ਸੰਘਰਸ਼ ਲਈ ਤਿਆਰ-ਬਰ-ਤਿਆਰ ਰਹਿਣਾ ਹੈ।’’ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਅਤੇ ਸਾਥੀ ਇੰਦਰਜੀਤ ਸਿੰਘ ਵੱਲੋਂ ਸੰਘਰਸ਼ ਦੌਰਾਨ ਸਹਿਯੋਗ ਦੇਣ ਲਈ ਸੰਗਰੂਰ ਦੇ ਲੋਕਾਂ, ਭਰਾਤਰੀ ਜਥੇਬੰਦੀਆਂ ਜੀਟੀਯੂ ਪੰਜਾਬ, ਡੀਟੀਐੱਫ਼ ਪੰਜਾਬ, ਕਿਸਾਨ ਜਥੇਬੰਦੀਆਂ ਆਦਿ ਦਾ ਧੰਨਵਾਦ ਕੀਤਾ ਗਿਆ।

Advertisement

Advertisement