ਮੁਸ਼ਕਿਲਾਂ ਨਾਲ ਲੜਨਾ ਸਿੱਖੋ
ਬਰਜਿੰਦਰ ਕੌਰ ਬਿਸਰਾਓ
ਵਿਗਿਆਨ ਨੇ ਐਨੀ ਤਰੱਕੀ ਕਰ ਲਈ ਹੈ ਕਿ ਪੁਰਾਣੇ ਜ਼ਮਾਨੇ ਦੇ ਮੁਕਾਬਲੇ ਅੱਜ ਦੇ ਇੱਕ ਆਮ ਜਿਹੇ ਸ਼ਖ਼ਸ ਦੀ ਜ਼ਿੰਦਗੀ ਵੀ ਸੁੱਖ ਸਹੂਲਤਾਂ ਭਰਪੂਰ ਬਹੁਤ ਖ਼ਾਸ ਜਿਹੀ ਬਣ ਗਈ ਹੈ। ਵਿਗਿਆਨ ਦੀਆਂ ਨਿੱਤ ਨਵੀਆਂ ਕਾਢਾਂ ਨੇ ਸਾਡੀ ਜ਼ਿੰਦਗੀ ਵਿੱਚ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਵੇਲੇ ਤੱਕ ਖਾਣ-ਪੀਣ, ਰਹਿਣ-ਸਹਿਣ, ਜਾਣ-ਆਉਣ, ਕੰਮਾਂ ਕਾਰਾਂ ਭਾਵ ਮਨੁੱਖ ਦਾ ਹਰ ਪਲ ਅਤੇ ਹਰ ਕੰਮ ਸੁੱਖ ਸੁਵਿਧਾਵਾਂ ਨਾਲ ਭਰਪੂਰ ਬਣਾ ਦਿੱਤਾ ਹੈ। ਤੇਜ਼ੀ ਨਾਲ ਹੋ ਰਹੇ ਬਦਲਾਅ ਦੇ ਕਾਰਨ ਮਨੁੱਖ ਐਨਾ ਐਸ਼ਪ੍ਰਸਤ ਹੋ ਗਿਆ ਹੈ ਕਿ ਉਸ ਨੂੰ ਥੋੜ੍ਹਾ ਜਿਹਾ ਵੀ ਸੰਘਰਸ਼ ਕਰਨਾ ਔਖਾ ਲੱਗਦਾ ਹੈ।
ਅੱਜ ਦੇ ਮਨੁੱਖ ਕੋਲ ਚਾਹੇ ਹਰ ਸੁੱਖ ਸੁਵਿਧਾ ਮੌਜੂਦ ਹੈ ਤੇ ਉਸ ਦੀ ਜ਼ਿੰਦਗੀ ਪਦਾਰਥਕ ਤੌਰ ’ਤੇ ਭਰਪੂਰ ਹੈ, ਪਰ ਫਿਰ ਵੀ ਉਹ ਅਸੰਤੁਸ਼ਟ ਤੇ ਖ਼ਾਲੀ ਖ਼ਾਲੀ ਨਜ਼ਰ ਆਉਂਦਾ ਹੈ। ਉਹ ਚਿੰਤਾਵਾਂ ਵਿੱਚ ਘਿਰਿਆ ਹੋਇਆ ਦਿਸਦਾ ਹੈ। ਉਸ ਦੇ ਚਿਹਰੇ ’ਤੇ ਅੰਦਰੋਂ ਉੱਠ ਰਹੀਆਂ ਪਰੇਸ਼ਾਨੀਆਂ ਦੀਆਂ ਲਕੀਰਾਂ ਉੱਕਰੀਆਂ ਨਜ਼ਰ ਆਉਂਦੀਆਂ ਹਨ। ਸਭ ਕੁਝ ਹੁੰਦਿਆਂ ਵੀ ਉਹ ਅਸੰਤੁਸ਼ਟ ਤੇ ਭਟਕਦਾ ਹੋਇਆ ਦਿਸਦਾ ਹੈ। ਅੱਜ ਦੇ ਮਨੁੱਖ ਨੂੰ ਮੁਸ਼ਕਿਲਾਂ ਨਾਲ ਦੋ ਚਾਰ ਹੱਥ ਕਰਨੇ ਨਹੀਂ ਆਉਂਦੇ ਜਿਸ ਦੇ ਕਾਰਨ ਉਹ ਮਾਨਸਿਕ ਤੌਰ ’ਤੇ ਬਿਮਾਰ ਦਿਸਦਾ ਹੈ।
ਦਰਅਸਲ ਜ਼ਮਾਨੇ ਨੇ ਸਚਮੁੱਚ ਹੀ ਕਰਵਟ ਲਈ ਹੈ। ਜਿੱਥੇ ਅਸੀਂ ਬਹੁਤ ਕੁਝ ਨਵਾਂ ਪ੍ਰਾਪਤ ਕੀਤਾ ਹੈ, ਪਦਾਰਥਕ ਤੌਰ ’ਤੇ ਅਸੀਂ ਬਹੁਤ ਕੁਝ ਇਕੱਠਾ ਕਰਕੇ ਆਪਣੇ ਘਰ ਭਰ ਲਏ ਹਨ ਉੱਥੇ ਹੀ ਅਸੀਂ ਆਪਣਾ ਅਮੀਰ ਵਿਰਸਾ ਤੇ ਉਸ ਤੋਂ ਸਹਿਜ ਸੁਭਾਅ ਹੀ ਪ੍ਰਾਪਤ ਕੀਤੀਆਂ ਸਿੱਖਿਆਵਾਂ ਗਵਾ ਕੇ ਅੰਦਰੋਂ ਖੋਖਲੇ ਤੇ ਖ਼ਾਲੀ ਹੋ ਗਏ ਹਾਂ। ਪੁਰਾਣੇ ਜ਼ਮਾਨੇ ਵਿੱਚ ਬਚਪਨ ਦੀਆਂ ਛੋਟੀਆਂ ਛੋਟੀਆਂ ਖੇਡਾਂ ਰਾਹੀਂ ਹੀ ਆਪਸੀ ਏਕਤਾ, ਲੜਨਾ-ਝਗੜਨਾ, ਰੁੱਸਣਾ ਤੇ ਮਨਾਉਣਾ ਸਿੱਖ ਜਾਂਦੇ ਸੀ। ਬਚਪਨ ਵਿੱਚ ਹੀ ਉਹ ਮਾਪਿਆਂ ਤੇ ਅਧਿਆਪਕਾਂ ਦੀ ਡਾਂਟ, ਫਿਟਕਾਰ, ਕੁੱਟ ਖਾ ਖਾ ਕੇ ਸਹੀ ਰਸਤਿਆਂ ਨੂੰ ਚੁਣਨਾ ਸਿੱਖ ਜਾਂਦਾ ਸੀ ਤੇ ਦੂਜਾ ਵੱਡਿਆਂ ਪ੍ਰਤੀ ਆਦਰ ਭਾਵ, ਸਹਿਣਸ਼ੀਲਤਾ ਵਰਗੇ ਗੁਣਾਂ ਦਾ ਧਾਰਨੀ ਬਣ ਜਾਂਦਾ ਸੀ ਜੋ ਉਸ ਦੀ ਜ਼ਿੰਦਗੀ ਦੀ ਮਜ਼ਬੂਤ ਨੀਂਹ ਦੀ ਉਸਾਰੀ ਦਾ ਕੰਮ ਕਰਦਾ ਸੀ। ਇਹ ਨੀਂਹ ਐਨੀ ਮਜ਼ਬੂਤ ਹੁੰਦੀ ਸੀ ਕਿ ਵੱਡੇ ਹੋ ਕੇ ਹਰ ਤਰ੍ਹਾਂ ਦੇ ਸੰਘਰਸ਼ ਨਾਲ ਦੋ ਹੱਥ ਕਰਨ ਲਈ ਪੂਰੀ ਤਰ੍ਹਾਂ ਤਿਆਰ ਰਹਿੰਦੇ ਸਨ। ਜਿੰਨੇ ਵੱਡੇ ਪਰਿਵਾਰ ਵਿੱਚੋਂ ਗੁਜ਼ਰ ਕੇ ਵਿਅਕਤੀ ਦੁਨੀਆ ਵਿੱਚ ਵਿਚਰਦਾ ਸੀ ਓਨਾ ਹੀ ਸਿਆਣਾ ਅਤੇ ਵਿਸ਼ਾਲ ਹਿਰਦੇ ਦਾ ਧਾਰਨੀ ਮਨੁੱਖ ਹੁੰਦਾ ਸੀ।
ਵਕਤ ਦੇ ਨਾਲ ਇਕਹਿਰੇ ਪਰਿਵਾਰਾਂ ਦੀ ਹੋਂਦ ਨੇ ਮਨੁੱਖ ਦੇ ਅੰਦਰ ਵੀ ਇਕਹਿਰੀ ਜਿਹੀ ਸੋਚ ਪੈਦਾ ਕਰਕੇ ਆਪਸੀ ਮਿਲਵਰਤਨ, ਭਾਈਚਾਰੇ ਦੀਆਂ ਸਾਂਝਾਂ ਤੋਂ ਮੁਕਤ ਕਰਕੇ ਸਿਰਫ਼ ਨਿੱਜਤਾ ਤੱਕ ਸੀਮਤ ਕਰਕੇ ਰੱਖ ਦਿੱਤਾ। ਨਿੱਜਤਾ ਨੇ ਮਨੁੱਖ ਨੂੰ ਐਨਾ ਇਕੱਲਾ ਕਰ ਦਿੱਤਾ ਹੈ ਕਿ ਉਹ ਮਾਨਸਿਕ ਤੌਰ ’ਤੇ ਕਮਜ਼ੋਰ ਹੋ ਗਿਆ ਤੇ ਜ਼ਿੰਦਗੀ ਵਿੱਚ ਆਉਣ ਵਾਲੀਆਂ ਨਿੱਕੀਆਂ ਮੋਟੀਆਂ ਮੁਸ਼ਕਿਲਾਂ ਸਾਹਮਣੇ ਵੀ ਆਪਣੇ ਗੋਡੇ ਟੇਕਣ ਲੱਗਿਆ।
ਮੰਨਿਆ ਕਿ ਪੁਰਾਣੀ ਜੀਵਨਸ਼ੈਲੀ ਮੁਤਾਬਕ ਜ਼ਿੰਦਗੀ ਬਤੀਤ ਕਰਨੀ ਤਾਂ ਸੰਭਵ ਨਹੀਂ ਹੈ, ਪਰ ਕੀ ਮਨੁੱਖ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨਾਲ ਲੜਨ ਲਈ ਆਪਣੇ ਆਪ ਨੂੰ ਤਿਆਰ ਕਰਨ ਦੇ ਯੋਗ ਵੀ ਨਹੀਂ ਰਿਹਾ ਹੈ? ਅੱਜ ਮਨੁੱਖ ਅੰਦਰ ਸਹਿਣਸ਼ੀਲਤਾ ਦੀ ਕਮੀ ਐਨੀ ਆ ਗਈ ਹੈ ਕਿ ਉਹ ਛੋਟੀਆਂ ਛੋਟੀਆਂ ਗੱਲਾਂ ’ਤੇ ਵੱਡੇ ਵੱਡੇ ਝਗੜੇ ਕਰ ਬੈਠਦਾ ਹੈ। ਅਸੰਤੁਸ਼ਟਤਾ ਐਨੀ ਵਧ ਗਈ ਹੈ ਕਿ ਬਿਨਾਂ ਮਿਹਨਤ ਕੀਤਿਆਂ ਦੂਜਿਆਂ ਦੇ ਮੁਕਾਬਲੇ ਮਹਿੰਗੀਆਂ ਵਸਤੂਆਂ ਘਰਾਂ ਵਿੱਚ ਸਜਾਉਣਾ ਚਾਹੁੰਦਾ ਹੈ, ਥੋੜ੍ਹੀ ਜਿਹੀ ਮੁਸ਼ਕਿਲ ਆਉਣ ’ਤੇ ਮਰਨ ਭੱਜਦਾ ਹੈ। ਗੁਰਬਤ ਦਾ ਸਾਹਮਣਾ ਸਖ਼ਤ ਮਿਹਨਤ ਨਾਲ ਕਰਨ ਦੀ ਬਜਾਏ ਜ਼ਿੰਦਗੀ ਨੂੰ ਖ਼ਤਮ ਕਰਕੇ ਕਰਦਾ ਹੈ। ਕੀ ਇਹ ਗੱਲਾਂ ਮਨੁੱਖ ਨੂੰ ਆਪਣੇ ਸਮਾਜ ਵਿੱਚ ਮਾਣ ਦਵਾ ਸਕਦੀਆਂ ਹਨ?
ਅੱਜ ਮਨੁੱਖ ਦੇ ਤਣਾਅ ਦਾ ਕਾਰਨ ਉਹ ਆਪ ਹੈ, ਉਸ ਦੀ ਪਦਾਰਥਵਾਦੀ ਸੋਚ ਹੈ ਕਿਉਂਕਿ ਉਹ ਛੋਟਿਆਂ ਰਸਤਿਆਂ ਰਾਹੀਂ ਵੱਡੀਆਂ ਮੰਜ਼ਿਲਾਂ ਨੂੰ ਸਰ ਕਰਨਾ ਚਾਹੁੰਦਾ ਹੈ। ਉਹ ਆਪਣੇ ਹਾਸੇ ਹੱਸਣ ਦੀ ਬਜਾਏ ਦੂਜਿਆਂ ਦੇ ਹਾਸਿਆਂ ਤੋਂ ਪਰੇਸ਼ਾਨ ਹੋਣ ਲੱਗ ਪਿਆ ਹੈ ਜਿਸ ਕਰਕੇ ਉਹ ਆਪਣੇ ਖ਼ੁਸ਼ੀਆਂ ਦੇ ਛੋਟੇ ਛੋਟੇ ਪਲ ਵੀ ਗਵਾ ਕੇ ਦੁੱਖ ਸਹੇੜਨ ਲੱਗ ਪਿਆ ਹੈ। ਉਸ ਨੂੰ ਆਪਣਾ ਛੋਟਾ ਘਰ ਸੁੱਖ ਨਹੀਂ ਦਿੰਦਾ ਕਿਉਂਕਿ ਉਸ ਨੂੰ ਦੂਜਿਆਂ ਦੇ ਬਣਾਏ ਆਸ਼ਿਆਨੇ ਦੁੱਖ ਦਿੰਦੇ ਹਨ ਜਿਸ ਕਰਕੇ ਮਨੁੱਖ ਆਪਣੀ ਚਾਰਦੀਵਾਰੀ ਅੰਦਰ ਦੀਆਂ ਖ਼ੁਸ਼ੀਆਂ ਨੂੰ ਮਨਾਉਣਾ ਭੁੱਲ ਗਿਆ ਹੈ। ਜਿਸ ਦਿਨ ਮਨੁੱਖ ਆਪਣੀਆਂ ਮੁਸ਼ਕਿਲਾਂ ਦੇ ਹੱਲ ਲੱਭਣ ਲਈ ਆਪਣੇ ਆਪ ਨੂੰ ਮਾਨਸਿਕ ਤੌਰ ’ਤੇ ਤਿਆਰ ਕਰਨਾ ਸ਼ੁਰੂ ਕਰ ਦੇਵੇਗਾ, ਦੂਜਿਆਂ ਨੂੰ ਵੇਖ ਕੇ ਸੜਨਾ ਬੰਦ ਕਰ ਦੇਵੇਗਾ ਤੇ ਆਪਣੇ ਘਰ ਦੀ ਚਾਰਦੀਵਾਰੀ ਅੰਦਰਲੀ ਦੁਨੀਆ ਨਾਲ ਖੁੱਲ੍ਹ ਕੇ ਜਿਉਣਾ ਸ਼ੁਰੂ ਕਰ ਦੇਵੇਗਾ, ਸਮਝੋ ਉਸ ਦਿਨ ਤੋਂ ਹੀ ਮਨੁੱਖ ਆਪਣੀ ਜ਼ਿੰਦਗੀ ਦੀ ਲੜਾਈ ਜਿੱਤਣ ਦੇ ਯੋਗ ਹੋ ਜਾਵੇਗਾ।
ਸੰਪਰਕ: 99889-01324