ਜੀ-20 ਸਿਖਰ ਸੰਮੇਲਨ ਲਈ ਦਿੱਲੀ ਪਹੁੰਚੇ ਕਈ ਦੇਸ਼ਾਂ ਦੇ ਆਗੂ
ਨਵੀਂ ਦਿੱਲੀ, 8 ਸਤੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ, ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੇਜ਼, ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਮੁਖੀ ਕ੍ਰਿਸਟਲੀਨਾ ਜੌਰਜੀਵਾ ਤੇ ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਉਨ੍ਹਾਂ ਅਹਿਮ ਲੋਕਾਂ ’ਚ ਸ਼ਾਮਲ ਹਨ ਜੋ ਕਿ ਜੀ-20 ਸਿਖਰ ਸੰਮੇਲਨ ਲਈ ਅੱਜ ਦਿੱਲੀ ਪਹੁੰਚ ਗਏ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸੰਮੇਲਨ ’ਚੋਂ ਗ਼ੈਰ-ਹਾਜ਼ਰ ਰਹਿਣਗੇ। ਸਿਖਰ ਸੰਮੇਲਨ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਇਹ ਸੰਮੇਲਨ ਮਨੁੱਖਤਾ ਕੇਂਦਰਿਤ ਤੇ ਇਕਸਾਰ ਵਿਕਾਸ ’ਚ ਨਵਾਂ ਰਾਹ ਖੋਲ੍ਹੇਗਾ। ਆਲਮੀ ਨੇਤਾਵਾਂ ਦਾ ਸਵਾਗਤ ਵੱਖ ਵੱਖ ਮੰਡਲੀਆਂ ਵੱਲੋਂ ਰਵਾਇਤੀ ਨ੍ਰਿਤ ਪੇਸ਼ ਕਰਕੇ ਕੀਤਾ ਗਿਆ ਹੈ ਅਤੇ ਆਈਐੱਮਐੱਫ ਮੁਖੀ ਜੌਰਜੀਵਾ ਨੇ ਹਵਾਈ ਅੱਡੇ ’ਤੇ ਸੰਗੀਤ ਦੀ ਧੁਨ ’ਤੇ ਨ੍ਰਿਤ ਵੀ ਕੀਤਾ। ਕੇਂਦਰੀ ਮੰਤਰੀ ਵੀਕੇ ਸਿੰਘ ਨੇ ਜੋਅ ਬਾਇਡਨ ਦਾ ਸਵਾਗਤ ਕੀਤਾ। ਕੇਂਦਰੀ ਮੰਤਰੀਆਂ ਸ਼ੋਭਾ ਕਰੰਦਲਾਜੇ ਤੇ ਦਰਸ਼ਨਾ ਜਰਦੋਸ਼ ਨੇ ਕ੍ਰਮਵਵਾਰ ਮੈਲੋਨੀ ਤੇ ਸ਼ੇਖ ਹਸੀਨਾ ਦਾ ਸਵਾਗਤ ਕੀਤਾ। ਸੂਨਕ ਦਾ ਸਵਾਗਤ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਜਦਕਿ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੇਜ਼ ਦਾ ਸਵਾਗਤ ਕੇਂਦਰੀ ਮੰਤਰੀ ਫੱਗਨ ਸਿੰਘ ਕੁਲਸਤੇ ਨੇ ਕੀਤਾ। -ਪੀਟੀਆਈ