ਲੀਡਰ ਸਿਆਸਤ ਦੀ ਥਾਂ ਹੜ੍ਹ ਪੀੜਤਾਂ ਦੀ ਮਦਦ ਕਰਨ: ਪਠਾਣਮਾਜਰਾ
ਪੱਤਰ ਪ੍ਰੇਰਕ
ਦੇਵੀਗੜ੍ਹ, 13 ਜੁਲਾਈ
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਨੇ ਹਲਕਾ ਸਨੌਰ ਅਧੀਨ ਪੈਂਦੀਆਂ ਨਦੀਆਂ, ਨਾਲਿਆਂ ਅਤੇ ਦਰਿਆਵਾਂ ਦੇ ਰੱਖ ਰਖਾਓ ਦਾ ਚੰਗਾ ਪ੍ਰਬੰਧ ਕੀਤਾ ਹੁੰਦਾ ਤਾਂ ਅੱਜ ਇਸ ਇਲਾਕੇ ਦਾ ਐਨਾ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੁੰਦਾ। ਉਹ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ੍ਰੀ ਪਠਾਣਮਾਜਰਾ ਨੇ ਕਿਹਾ ਕਿ ਇਸ ਵਾਰ ਇਲਾਕੇ ਦੇ ਪਿੰਡਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਜੇਕਰ ਕਿਸੇ ਨਦੀ ਨੇ ਕੀਤਾ ਹੈ ਤਾਂ ਉਹ ਟਾਂਗਰੀ ਨਦੀ ਹੈ। ਇਸ ਦੇ ਖਸਤਾ ਬੰਨ੍ਹਾਂ ਵਿੱਚ ਚਾਰ ਪਾੜ ਪੈਣ ਕਾਰਨ ਇਸ ਨਦੀ ਦੇ ਪਾਣੀ ਦਾ ਸਾਰਾ ਵਹਾਅ ਪਿੰਡਾਂ ਤੇ ਖੇਤਾਂ ਵੱਲ ਨੂੰ ਹੋ ਗਿਆ ਜਿਸ ਕਾਰਨ ਖੇਤਾਂ ਵਿੱਚ ਪੰਜ-ਪੰਜ ਫੁੱਟ ਪਾਣੀ ਭਰ ਗਿਆ ਹੈ ਅਤੇ ਸਾਰੀਆਂ ਫਸਲਾਂ ਨਸ਼ਟ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਲੀਡਰਾਂ ਨੂੰ ਅਧਿਕਾਰੀਆਂ ਦਾ ਮਨੋਬਲ ਨਹੀਂ ਡੇਗਣਾ ਚਾਹੀਦਾ ਅਤੇ ਨਾ ਹੀ ਸਿਆਸਤ ਕਰਨੀ ਚਾਹੀਦੀ ਹੈ, ਸਗੋਂ ਇਲਾਕੇ ਦੇ ਪੀੜਤ ਲੋਕਾਂ ਦੀ ਮਦਦ ਕਰਨ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅੱਗੇ ਆਉਣਾ ਚਾਹੀਦਾ ਹੈ।