ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਮੁਲਾਕਾਤ
ਮਨੋਜ ਸ਼ਰਮਾ
ਬਠਿੰਡਾ, 1 ਜਨਵਰੀ
ਤਖ਼ਤ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਮੁਅੱਤਲ ਕੀਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨ ਪੰਥ ਨੂੰ ਕੀਤੀ ਭਾਵੁਕ ਅਪੀਲ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਜੁੜੇ ਆਗੂ ਗੁਰਪਤਾਪ ਸਿੰਘ ਵਡਾਲਾ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਗਗਨਜੀਤ ਸਿੰਘ ਬਰਨਾਲਾ ਅੱਜ ਉਨ੍ਹਾਂ ਦੇ ਕਲੋਨੀ ਵਿਚਲੇ ਗ੍ਰਹਿ ਵਿਖੇ ਮੁਲਾਕਾਤ ਕਰਨ ਪੁੱਜੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਚੰਦੂਮਾਜਰਾ, ਵਡਾਲਾ ਅਤੇ ਰੱਖੜਾ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਦਿੱਤੇ ਗਏ ਹੁਕਮ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਲਾਗੂ ਕੀਤਾ ਗਿਆ ਸੀ ਪਰ ਅੱਜ ਦੇ ਹਾਲਾਤ ਇਹ ਹੋ ਚੁੱਕੇ ਹਨ ਕਿ ਦੂਜੇ ਧੜੇ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਦੀ ਥਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਟਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਉਹ ਜਥੇਦਾਰ ਹਰਪ੍ਰੀਤ ਸਿੰਘ ਦੇ ਨਾਲ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਐੱਸਜੀਪੀਸੀ ਦੇ ਕਾਇਦੇ ਕਾਨੂੰਨਾਂ ਮੁਤਾਬਕ ਹੋਈ ਸੀ। ਉਨ੍ਹਾਂ ਕਿਹਾ ਅੱਜ ਲੋੜ ਹੈ ਕਿ ਸਮੁੱਚਾ ਪੰਥ ਇਕੱਠਾ ਹੋਵੇ ਜਿਸ ਲਈ ਉਹ ਸਾਂਝੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਅਕਾਲ ਤਖ਼ਤ ਦੇ ਹੁਕਮ ਸਰਵਉੱਚ ਹਨ ਅਤੇ ਹਰ ਸਿੱਖ ਲਈ ਇਨ੍ਹਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ ਪਰ ਜਿਨ੍ਹਾਂ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਸਿੱਖ ਸੰਗਤ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੂੰ ਮੈਮੋਰੰਡਮ ਦੇਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਹੁਕਮ ਦਿੱਤਾ ਸੀ ਕਿ ਜਥੇਦਾਰਾਂ ਵਿਰੁੱਧ ਕੋਈ ਵੀ ਜਾਂਚ ਸਿਰਫ਼ ਅਕਾਲ ਤਖ਼ਤ ਦੀ ਮਨਜ਼ੂਰੀ ਨਾਲ ਹੋ ਸਕਦੀ ਹੈ, ਤਾਂ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਅਣਅਧਿਕਾਰਤ ਕਮੇਟੀ ਵੱਲੋਂ ਜਾਂਚ ਕਿਉਂ ਕੀਤੀ ਜਾ ਰਹੀ ਹੈ।