ਮੋਹਨ ਭਾਗਵਤ ਖ਼ਿਲਾਫ਼ ਕੇਸ ਦਰਜ ਕਰਵਾਉਣ ਲਈ ਐਸਐਸਪੀ ਨੂੰ ਮਿਲੇ ਸਿੱਖ ਜਥੇਬੰਦੀਆਂ ਦੇ ਆਗੂ
ਮਨੋਜ ਸ਼ਰਮਾ
ਬਠਿੰਡਾ, 22 ਅਗਸਤ
ਅੱਜ ਯੂਨਾਇਟਿਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਿਚ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂ ਭਾਰਤੀ ਸੰਵਿਧਾਨ ਦਾ ਅਪਮਾਨ ਕਰਨ ਵਾਲੇ ਆਰ.ਐਸ.ਐਸ ਮੁਖੀ ਮੋਹਨ ਭਾਗਵਤ ਖ਼ਿਲਾਫ਼ ਐਸਐਸਪੀ ਬਠਿੰਡਾ ਨੂੰ ਮਿਲੇ ਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਅਤੇ ਭਾਗਵਤ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਨਵੇਂ ਭਾਰਤੀ ਸੰਵਿਧਾਨ ਵਾਲਾ ਕਿਤਾਬਚਾ ਮੋਹਨ ਭਾਗਵਤ ਦੀ ਫ਼ੋਟੋ ਤੇ ਦਸਤਖ਼ਤ ਸਮੇਤ ਘੁੰਮ ਰਿਹਾ ਹੈ। ਅੱਜ ਸਿੱਖ ਜਥੇਬੰਦੀਆਂ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਮੋਹਨ ਭਾਗਵਤ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ। ਸਿੱਖ ਆਗੂਆਂ ਨੇ ਕਿਹਾ ਇਸ ਕਿਤਾਬਚੇ ਵਿਚ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੋਂ ਲੈ ਕੇ ਕਿਸੇ ਲੋਕਰਾਜੀ ਸੰਸਥਾ ਦੇ ਮੈਂਬਰ ਚੁਣੇ ਜਾਣ ਦਾ ਹੱਕ ਕੇਵਲ ਬ੍ਰਾਹਮਣ ਸ਼੍ਰੇਣੀ ਕੋਲ ਰਾਖਵਾਂ ਹੋਣ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਏ ਕਿ ਇਸ ਨਵੇਂ ਸੰਵਿਧਾਨ ਵਾਲੇ ਕਿਤਾਬਚੇ ਵਿਚ ਸ਼ੂਦਰ ਅਤੇ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰਨ ਦਾ ਜ਼ਿਕਰ ਵੀ ਕੀਤਾ ਗਿਆ ਹੈ ਅਤੇ ਹੋਰ ਨਾਗਰਿਕਤਾ ਸਬੰਧੀ ਦਰਜਾਬੰਦੀ ਕੀਤੀ ਗਈ ਹੈ। ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ. ਰਾਓ ਅੰਬੇਦਕਰ ਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਸੰਵਿਧਾਨ ਵਿਚ ਭਾਰਤ ਦੇ ਰਾਸ਼ਟਰਵਾਦੀ ਨਾਗਰਿਕਾਂ ਅਤੇ ਅੰਬੇਦਕਰਵਾਦੀ ਸੋਚ ਨਾਲ ਜੁੜੇ ਕਰੋੜਾਂ ਭਾਰਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।