ਦਲ ਖਾਲਸਾ ਸਣੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਘਰਾਂ ’ਚ ਨਜ਼ਰਬੰਦ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 25 ਜਨਵਰੀ
ਗੁਰਦਾਸਪੁਰ, ਜਲੰਧਰ ਤੇ ਮਾਨਸਾ ’ਚ ਅੱਜ ਦਲ ਖ਼ਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗਣਤੰਤਰ ਦਿਵਸ ਦੇ ਵਿਰੋਧ ’ਚ ਕੀਤੇ ਜਾਣ ਵਾਲੇ ਰੋਸ ਮਾਰਚ ਤੋਂ ਪਹਿਲਾਂ ਹੀ ਪੁਲੀਸ ਨੇ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਲਿਆ। ਅੰਮ੍ਰਿਤਸਰ ਵਿੱਚ ਦਲ ਖ਼ਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਬਿੱਟੂ ਤੇ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਵੀ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਕੰਵਰਪਾਲ ਸਿੰਘ ਨੇ ਕਿਹਾ ਕਿ ਪੁਲੀਸ ਕੋਲ ਉਨ੍ਹਾਂ ਨੂੰ ਰੋਕੇ ਜਾਣ ਦਾ ਕੋਈ ਕਾਰਨ ਤੇ ਠੋਸ ਜਵਾਬ ਨਹੀਂ ਸੀ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿੱਚ ਵੀ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਟਾਂਡਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਈਮਾਨ ਸਿੰਘ ਮਾਨ, ਹਰਪਾਲ ਸਿੰਘ ਬਲੇਰ ਤੇ ਕੁਲਵਿੰਦਰ ਕੌਰ ਖਾਲਸਾ ਤੇ ਹੋਰਾਂ ਨੂੰ ਮਾਰਚ ਕਰਦੇ ਸਮੇਂ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਦਿਲਬਾਗ ਸਿੰਘ ਗੁਰਦਾਸਪੁਰ ਅਤੇ ਜਸਵਿੰਦਰ ਸਿੰਘ ਕਾਹਨੂੰਵਾਨ ਨੂੰ ਵੀ ਪੁਲੀਸ ਨੇ ਪਹਿਲਾਂ ਹੀ ਘਰ ’ਚ ਨਜ਼ਰਬੰਦ ਕਰ ਦਿੱਤਾ ਸੀ।
ਮਾਨਸਾ ਵਿੱਚ ਪ੍ਰਦਰਸ਼ਨ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੂੰ ਸਾਥੀਆਂ ਤੇ ਸੰਗਤ ਸਮੇਤ ਹਿਰਾਸਤ ਵਿੱਚ ਲਿਆ ਗਿਆ। ਬਾਬਾ ਹਰਦੀਪ ਸਿੰਘ ਮਹਿਰਾਜ਼, ਗੁਰਵਿੰਦਰ ਸਿੰਘ ਬਠਿੰਡਾ, ਜਸਵੀਰ ਸਿੰਘ ਖਡੂਰ ਤੇ ਹੋਰ ਅਨੇਕਾਂ ਆਗੂਆਂ ਨੂੰ ਵੀ ਘਰਾਂ ’ਚ ਨਜ਼ਰਬੰਦ ਕੀਤਾ ਗਿਆ। ਦਲ ਖਾਲਸਾ ਦੇ ਆਗੂਆਂ ਨੇ ਭਗਵੰਤ ਮਾਨ ਸਰਕਾਰ ਦੀ ਨਿਖੇਧੀ ਕੀਤੀ ਹੈ।