ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪੰਥਕ ਵਿਚਾਰਧਾਰਾ ਤੋਂ ਭਟਕੇ: ਧਾਮੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਸਤੰਬਰ
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ ਸਬੰਧੀ ਅੱਜ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਵੱਲੋਂ ਵੀ ਇਥੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲਾ ਵਿੱਚ ਸਮਾਗਮ ਕੀਤਾ ਗਿਆ। ਇਸ ਦੌਰਾਨ ਜਥੇਦਾਰ ਟੌਹੜਾ ਦੀ ਸਿੱਖ ਸਿਧਾਂਤਾਂ ਪ੍ਰਤੀ ਦ੍ਰਿੜ੍ਹਤਾ ਨੂੰ ਯਾਦ ਕਰਦਿਆਂ, ਬੁਲਾਰਿਆਂ ਨੇ ਉਨ੍ਹਾਂ ਨੂੰ ਪੰਥਕ ਏਕਤਾ ਦੇ ਮੁਦੱਈ ਗਰਦਾਨਿਆ ਤੇ ਇਸੇ ਹੀ ਹਵਾਲੇ ਨਾਲ ਪੰਥਕ ਇਕਜੁਟਤਾ ਲਈ ਉਨ੍ਹਾਂ ਵੱਲੋਂ ਪਾਏ ਪੂਰਨਿਆਂ ’ਤੇ ਚੱਲਣ ਦਾ ਅਹਿਦ ਵੀ ਲਿਆ। ਸਮਾਗਮ ਦਾ ਰਸਮੀ ਆਗਾਜ਼ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਵੱਲੋਂ ਸਟੇਜ ਦੀ ਕਾਰਵਾਈ ਸ਼ੁਰੂ ਕਰਨ ਨਾਲ ਹੋਇਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਦੀ ਅੱਡਰੀ ਹੋਂਦ ਹਸਤੀ ਲਈ ਸ੍ਰੀ ਟੌਹੜਾ ਨੇ ਆਪਣਾ ਵਿਲੱਖਣ ਤੇ ਅਹਿਮ ਯੋਗਦਾਨ ਪਾਇਆ। ਉਨ੍ਹਾਂ ਹਮੇਸ਼ਾ ਸਿੱਖ ਸਿਧਾਂਤਾਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ, ਹਾਲਾਂਕਿ ਉਨ੍ਹਾਂ ਨੇ ਪੰਥਕ ਸਿਆਸਤ ਵਿੱਚ ਲੰਬੀ ਪਾਰੀ ਖੇਡੀ, ਬਾਵਜੂਦ ਇਸ ਦੇ ਉਹ ਕਦੇ ਵੀ ਡੋਲੇ ਨਹੀਂ। ਅਕਾਲੀ ਦਲ ਸੁਧਾਰ ਲਹਿਰ ਬਾਰੇ ਸ੍ਰੀ ਧਾਮੀ ਨੇ ਕਿਹਾ ਕਿ ਇਹ ਪੰਥਕ ਵਿਚਾਰਧਾਰਾ ਤੋਂ ਭਟਕੇ ਹੋਏ ਲੋਕ ਹਨ। ਸਿਆਸੀ ਹਿੱਤਾਂ ਲਈ ਉਨ੍ਹਾਂ ਦਾ ਅਸਲ ਮਕਸਦ ਕੇਵਲ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨਾ ਹੈ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ।
ਅਕਾਲੀ ਦਲ ਬਾਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸ੍ਰੀ ਟੌਹੜਾ ਦੀ ਵਿਚਾਰਧਾਰਾ ਨੂੰ ਅਪਣਾਉਣਾ ਹੀ ਨੂੰ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਸਿੱਖੀ ਸਿਧਾਂਤਾਂ ’ਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਪੰਥ ਅਤੇ ਅਕਾਲੀ ਵਿਰੋਧੀ ਚਾਲਾਂ ਦਾ ਰਾਹ ਰੋਕਿਆ। ਪਰ ਉਨ੍ਹਾਂ ਦੀ ਗੈਰਮੌਜੂਦਗੀ ’ਚ ਅੱਜ ਵੀ ਕੁਝ ਤਾਕਤਾਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀਆਂ ਸਾਜਿਸ਼ਾਂ ਰਚ ਰਹੀਆਂ ਹਨ। ਅਕਾਲੀ ਦੇ ਖਜ਼ਾਨਚੀ ਐੱਨਕੇ ਸ਼ਰਮਾ ਦਾ ਕਹਿਣਾ ਸੀ ਕਿ ਵਿਰੋਧੀ ਤਾਕਤਾਂ ਦੇ ਹੱਥ ਠੋਕੇ ਬਣੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਆਪਣੇ ਸਿਆਸੀ ਮੁਫਾਦਾਂ ਲਈ ਅਕਾਲੀ ਦਲ ਤੇ ਇਸ ਦੇ ਆਗੂਆਂ ਨੂੰ ਬਦਨਾਮ ਕਰਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ ਪਰ ਲੋਕ ਹੁਣ ਇਨ੍ਹਾਂ ਨੂੰ ਮੂੰਹ ਨਹੀ ਲਾਉਣਗੇ। ਸੁਰਜੀਤ ਗੜ੍ਹੀ, ਰਾਜੂਖੰਨਾ, ਸਰਬਜੀਤ ਝਿੰਜਰ, ਇਕਬਾਲ ਝੂੰਦਾਂ ਤੇ ਅਮਰਿੰਦਰ ਬਜਾਜ ਨੇ ਵੀ ਇਸ ਮੌਕੇ ਸੰਬੋਧਨ ਕੀਤਾ।
ਸੱਚਖੰਡ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਇਸ ਗੁਰਮਿਤ ਸਮਾਗਮ ਦੌਰਾਨ ਕੀਰਤਨੀ, ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਤੇ 155 ਪ੍ਰਾਣੀਆਂ ਨੇ ਅੰਮ੍ਰਿਤ ਵੀ ਛਕਿਆ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੰਵਰ ਬੇਦੀ ਨੇ ਦੱਸਿਆ ਕਿ ਇਸ ਮੌਕੇ ਸ੍ਰੀ ਟੌਹੜਾ ਦੇ ਜੀਵਨ ਅਧਾਰਤ ਚਿੱਤਰ ਪ੍ਰਦਸ਼ਨੀ ਨੂੰ ਫੋਟੋ ਗੈਲਰੀ ਵਿੱਚ ਰੂਪਮਾਨ ਕੀਤਾ ਗਿਆ। ਇਸ ਮੌਕੇ ਕਿਰਪਾਲ ਸਿੰਘ ਬਡੂੰਗਰ, ਰਜਿੰਦਰ ਸਿੰਘ ਮਹਿਤਾ, ਜਸਮੇਰ ਸਿੰਘ ਲਾਛੜੂ, ਕੁਲਦੀਪ ਸਿੰਘ ਨੱਸਪੂਰ, ਹਰਦੀਪ ਕੌਰ ਖੋਖ, ਗੁਰਚਰਨ ਸਿੰਘ ਗਰੇਵਾਲ, ਸੁਰਜੀਤ ਸਿੰਘ ਭਿੱਟੇਵਿੰਡ, ਭੁਪਿੰਦਰ ਸਿੰਘ ਭਲਵਾਨ, ਟੇਕ ਸਿੰਘ ਧਨੌਲਾ, ਰਵਿੰਦਰ ਸਿੰਘ ਖਾਲਸਾ, ਤੇਜਾ ਸਿੰਘ ਕਮਾਲਪੁਰ, ਮਹੇਸ਼ਇੰਦਰ ਗਰੇਵਾਲ, ਜਗਦੀਪ ਚੀਮਾ, ਦਰਬਾਰਾ ਸਿੰਘ ਗੁਰੂ, ਮੱਖਣ ਲਾਲਕਾ, ਅਮਰਿੰਦਰ ਬਜਾਜ, ਬਲਵਿੰਦਰ ਸਿੰਘ ਕਾਹਲਵਾਂ, ਇੰਦਰਮੋਹਨ ਬਜਾਜ, ਕਬੀਰ ਦਾਸ, ਜਗਮੀਤ ਹਰਿਆਊ, ਹਰਪ੍ਰੀਤ ਕੌਰ ਮੁਖਮੈਲਪੁਰ, ਅਮਿਤ ਰਾਠੀ ਤੇ ਕਰਨਵੀਰ ਸਾਹਨੀ ਮੌਜੂਦ ਸਨ।