For the best experience, open
https://m.punjabitribuneonline.com
on your mobile browser.
Advertisement

ਬੰਗਲੂਰੂ ’ਚ ਜੁੜੇ 26 ਵਿਰੋਧੀ ਪਾਰਟੀਆਂ ਦੇ ਆਗੂ

07:03 AM Jul 18, 2023 IST
ਬੰਗਲੂਰੂ ’ਚ ਜੁੜੇ 26 ਵਿਰੋਧੀ ਪਾਰਟੀਆਂ ਦੇ ਆਗੂ
ਬੰਗਲੁਰੂ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੌਰਾਨ ਹਾਜ਼ਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖਡ਼ਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਤੇ ਹੋਰ। -ਫੋਟੋ: ਪੀਟੀਆਈ
Advertisement

* ਵਿਰੋਧੀ ਧਿਰਾਂ ਤੋਂ ਡਰ ਕੇ ਭਾਜਪਾ ਐੱਨਡੀਏ ’ਚ ਨਵੀਂ ਜਾਨ ਪਾਉਣ ਦੀ ਕੋਸ਼ਿਸ਼ ’ਚ: ਖੜਗੇ

* ਯੇਚੁਰੀ ਨੇ ਪੱਛਮੀ ਬੰਗਾਲ ’ਚ ਟੀਐੱਮਸੀ ਨਾਲ ਕਿਸੇ ਗੱਠਜੋੜ ਤੋਂ ਕੀਤਾ ਇਨਕਾਰ

ਬੰਗਲੂਰੂ, 17 ਜੁਲਾਈ
ਭਾਜਪਾ ਨੂੰ ਆਗਾਮੀ ਲੋਕ ਸਭਾ ਚੋਣਾਂ ’ਚ ਹਰਾਉਣ ਅਤੇ ਸਾਂਝਾ ਘੱਟੋ ਘੱਟ ਪ੍ਰੋਗਰਾਮ ਉਲੀਕਣ ਦੇ ਉਦੇਸ਼ ਨਾਲ 26 ਵਿਰੋਧੀ ਪਾਰਟੀਆਂ ਦੇ ਸਿਖਰਲੇ ਆਗੂ ਅੱਜ ਇਥੇ ਪੁੱਜ ਗਏ ਹਨ। ਦੋ ਦਨਿੀਂ ਮੀਟਿੰਗ ਲਈ ਵਿਰੋਧੀ ਧਿਰਾਂ ਨੇ ਏਕੇ ਦਾ ਸੱਦਾ ਦਿੱਤਾ ਹੈ। ਵਿਰੋਧੀ ਆਗੂਆਂ ਨੇ ਅੱਜ ਰਾਤਰੀ ਭੋਜਨ ’ਤੇ ਭਾਜਪਾ ਦੇ ਟਾਕਰੇ ਲਈ ਰਣਨੀਤੀ ਬਾਰੇ ਚਰਚਾ ਕੀਤੀ। ਸੂਤਰਾਂ ਨੇ ਕਿਹਾ ਕਿ ਐੱਨਸੀਪੀ ਮੁਖੀ ਸ਼ਰਦ ਪਵਾਰ ਤਾਜ ਵੈੱਸਟ ਐਂੱਡ ਹੋਟਲ ’ਚ ਹੋਈ ਮੀਟਿੰਗ ਦੌਰਾਨ ਹਾਜ਼ਰ ਨਹੀਂ ਸਨ ਅਤੇ ਉਹ ਮੰਗਲਵਾਰ ਨੂੰ ਆਪਣੀ ਧੀ ਸੁਪ੍ਰਿਯਾ ਸੂਲੇ ਨਾਲ ਇਥੇ ਪੁੱਜਣਗੇ। ਬਾਅਦ ’ਚ ਟੀਐੇੱਮਸੀ ਮੁਖੀ ਮਮਤਾ ਬੈਨਰਜੀ ਨੇ ਕਿਹਾ ਕਿ ਮੀਟਿੰਗ ਵਧੀਆ ਰਹੀ।

Advertisement

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੋਨੀਆ ਗਾਂਧੀ ਦਾ ਹਵਾਈ ਅੱਡੇ ’ਤੇ ਸਵਾਗਤ ਕਰਦੇ ਹੋਏ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ। -ਫੋਟੋ: ਪੀਟੀਆਈ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸੋਨੀਆ ਗਾਂਧੀ ਦਾ ਹਵਾਈ ਅੱਡੇ ’ਤੇ ਸਵਾਗਤ ਕਰਦੇ ਹੋਏ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ। -ਫੋਟੋ: ਪੀਟੀਆਈ

ਮੀਟਿੰਗ ਦੌਰਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ ਤੇ ਹੋਰ ਆਗੂ ਹਾਜ਼ਰ ਸਨ। ਇਹ ਆਗੂ ਵਿਸ਼ੇਸ਼ ਜਹਾਜ਼ ਰਾਹੀਂ ਕਰਨਾਟਕ ਦੀ ਰਾਜਧਾਨੀ ਪੁੱਜੇ ਅਤੇ ਮੁੱਖ ਮੰਤਰੀ ਸਿੱਧਾਰਮਈਆ ਤੇ ਡੀ ਕੇ ਸ਼ਿਵਕੁਮਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਆਰਜੇਡੀ ਮੁਖੀ ਲਾਲੂ ਪ੍ਰਸਾਦ, ਉਪ ਮੁੱਖ ਮੰਤਰੀ ਤੇਜਸਵੀ ਯਾਦਵ, ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਦੁਪਹਿਰ ਸਮੇਂ ਬੰਗਲੂਰੂ ਪਹੁੰਚੇ। ਸਾਬਕਾ ਮੁੱਖ ਮੰਤਰੀਆਂ ਅਖਿਲੇਸ਼ ਯਾਦਵ (ਸਪਾ), ਫਾਰੂਕ ਅਬਦੁੱਲਾ (ਨੈਸ਼ਨਲ ਕਾਨਫਰੰਸ) ਅਤੇ ਮਹਬਿੂਬਾ ਮੁਫ਼ਤੀ (ਪੀਡੀਪੀ) ਤੋਂ ਇਲਾਵਾ ਸੀਤਾਰਾਮ ਯੇਚੁਰੀ (ਸੀਪੀਐੱਮ), ਡੀ ਰਾਜਾ (ਸੀਪੀਆਈ) ਤੇ ਜੈਯੰਤ ਚੌਧਰੀ (ਆਰਐੱਲਡੀ) ਦਾ ਵੀ ਇਥੇ ਪੁੱਜਣ ’ਤੇ ਸਵਾਗਤ ਕੀਤਾ ਗਿਆ। ਬੰਗਲੂਰੂ ਦੀਆਂ ਸੜਕਾਂ ’ਤੇ ਲੱਗੇ ਪੋਸਟਰਾਂ ਉਪਰ ਸੋਨੀਆ ਗਾਂਧੀ, ਖੜਗੇ, ਰਾਹੁਲ ਗਾਂਧੀ, ਮਮਤਾ ਬੈਨਰਜੀ, ਸ਼ਰਦ ਪਵਾਰ, ਅਰਵਿੰਦ ਕੇਜਰੀਵਾਲ, ਐੱਮ ਕੇ ਸਟਾਲਨਿ ਸਮੇਤ ਹੋਰ ਆਗੂਆਂ ਦੀਆਂ ਤਸਵੀਰਾਂ ਨਾਲ ਇਕਜੁੱਟਤਾ ਵਾਲੇ ਨਾਅਰੇ ਲਿਖੇ ਹੋਏ ਹਨ। ਕਾਂਗਰਸ ਨੇ ਕਿਹਾ ਕਿ ਵਿਰੋਧੀ ਧਿਰ ਦੀ ਏਕਤਾ ਭਾਰਤੀ ਸਿਆਸਤ ਦਾ ਦ੍ਰਿਸ਼ ਬਦਲ ਕੇ ਰੱਖ ਦੇਵੇਗੀ। ਭਾਜਪਾ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਵਿਰੋਧੀ ਧਿਰਾਂ ਨੂੰ ਇਕੱਲਿਆਂ ਹਰਾਉਣ ਦੀ ਗੱਲ ਕਰਦੇ ਸਨ, ਉਹ ਹੁਣ ਐੱਨਡੀਏ ’ਚ ਨਵੀਂ ਜਾਨ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਐੱਨਡੀਏ ਨੇ ਵੀ ਭਲਕੇ ਦਿੱਲੀ ’ਚ ਮੀਟਿੰਗ ਸੱਦੀ ਹੈ ਜਿਥੇ ਹੁਕਮਰਾਨ ਭਾਜਪਾ ਦੀ ਅਗਵਾਈ ਹੇਠਲੇ ਗੱਠਜੋੜ ’ਚ ਕੁਝ ਨਵੀਆਂ ਪਾਰਟੀਆਂ ਸ਼ਾਮਲ ਹੋ ਸਕਦੀਆਂ ਹਨ। ਮੀਟਿੰਗ ਲਈ ਬੰਗਲੂਰੂ ਪੁੱਜੇ ਸੀਪੀਐੱਮ ਆਗੂ ਸੀਤਾਰਾਮ ਯੇਚੁਰੀ ਨੇ ਪੱਛਮੀ ਬੰਗਾਲ ’ਚ ਟੀਐੱਮਸੀ ਨਾਲ ਕਿਸੇ ਗੱਠਜੋੜ ਤੋਂ ਇਨਕਾਰ ਕਰਦਿਆਂ ਕਿਹਾ ਕਿ ਧਰਮਨਿਰਪੱਖ ਪਾਰਟੀਆਂ ਭਾਜਪਾ ਨਾਲ ਲੋਹਾ ਲੈਣਗੀਆਂ। ਉਂਜ ਯੇਚੁਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਦੀਆਂ ਵੋਟਾਂ ਵੰਡੇ ਜਾਣ ਤੋਂ ਰੋਕਣ ਅਤੇ ਰਲ ਕੇ ਚੋਣਾਂ ਲੜਨ ਦੀ ਯੋਜਨਾ ਉਲੀਕੀ ਜਾਵੇਗੀ। ਉਨ੍ਹਾਂ 2004 ਦੇ ਮਾਡਲ ਦਾ ਹਵਾਲਾ ਵੀ ਦਿੱਤਾ ਜਦੋਂ ਖੱਬੇ ਪੱਖੀ-ਕਾਂਗਰਸ ਗੱਠਜੋੜ ਕੇਂਦਰ ਦੀ ਸੱਤਾ ’ਚ ਆਇਆ ਸੀ। ਕਾਂਗਰਸ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ 26 ਵਿਰੋਧੀ ਪਾਰਟੀਆਂ ਇਕੱਠਿਆਂ ਅੱਗੇ ਵਧਣਗੀਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਦੇਣਗੀਆਂ। ਵਿਰੋਧੀ ਆਗੂਆਂ ਨੇ ਅੱਜ ਰਾਤਰੀ ਭੋਜਨ ’ਤੇ ਭਾਜਪਾ ਦੇ ਟਾਕਰੇ ਲਈ ਰਣਨੀਤੀ ਬਾਰੇ ਚਰਚਾ ਕੀਤੀ। ਵਿਰੋਧੀ ਧਿਰ ਵੱਲੋਂ ਸਾਂਝੇ ਘੱਟੋ ਘੱਟ ਪ੍ਰੋਗਰਾਮ ਅਤੇ ਸੰਯੁਕਤ ਵਿਰੋਧ ਪ੍ਰਦਰਸ਼ਨ ਦੀ ਯੋਜਨਾ ’ਤੇ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਾਂਝਾ ਐਲਾਨਨਾਮਾ ਵੀ ਪੇਸ਼ ਕੀਤਾ ਜਾ ਸਕਦਾ ਹੈ। ਵਿਰੋਧੀ ਧਿਰ ਲੋਕ ਸਭਾ ਦੀਆਂ ਜ਼ਿਆਦਾਤਰ ਸੀਟਾਂ ’ਤੇ ਸਾਂਝਾ ਉਮੀਦਵਾਰ ਖੜ੍ਹਾ ਕਰਨ ਦੀ ਤਜਵੀਜ਼ ਬਾਰੇ ਵੀ ਫ਼ੈਸਲਾ ਲੈ ਸਕਦੀ ਹੈ। ਮੀਟਿੰਗ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ ਕਿ ਸਾਰੇ ਵਿਰੋਧੀ ਗੱਠਜੋੜ ਭਾਈਵਾਲ ਭਾਜਪਾ ਖ਼ਿਲਾਫ਼ ਰਲ ਕੇ ਲੜਨਗੇ ਅਤੇ ਉਨ੍ਹਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜੇਕਰ ਉਹ ਵਿਰੋਧੀਆਂ ਨਾਲ ਇਕੱਲਿਆਂ ਲੋਹਾ ਲੈਣ ਦਾ ਦਾਅਵਾ ਕਰਦੇ ਹਨ ਤਾਂ ਫਿਰ ਉਹ 30 ਪਾਰਟੀਆਂ ਨੂੰ ਇਕੱਠਾ ਕਰਨ ਦੀ ਲੋੜ ਕਿਉਂ ਮਹਿਸੂਸ ਕਰ ਰਹੇ ਹਨ। ਐੱਨਡੀਏ ਦੀ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਦਾ ਜ਼ਿਕਰ ਕਰਦਿਆਂ ਖੜਗੇ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਇਕੱਠਾ ਹੋਣ ’ਤੇ ਭਾਜਪਾ ਘਬਰਾ ਗਈ ਹੈ ਅਤੇ ਹੁਣ ਉਹ ਆਪਣੇ ਤੋਂ ਵੱਖ ਹੋਈਆਂ ਪਾਰਟੀਆਂ ਨੂੰ ਨਾਲ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ‘ਪ੍ਰਧਾਨ ਮੰਤਰੀ ਨੇ ਰਾਜ ਸਭਾ ’ਚ ਕਿਹਾ ਸੀ ਕਿ ਉਹ ਸਾਰੀ ਵਿਰੋਧੀ ਧਿਰ ਲਈ ਇਕੱਲੇ ਹੀ ਕਾਫੀ ਹਨ ਤਾਂ ਫਿਰ ਉਹ 30 ਪਾਰਟੀਆਂ ਨੂੰ ਇਕੱਠਾ ਕਿਉਂ ਕਰ ਰਹੇ ਹਨ। ਇਹ ਕਿਹੜੀਆਂ 30 ਪਾਰਟੀਆਂ ਹਨ, ਉਨ੍ਹਾਂ ਦੇ ਕੀ ਨਾਮ ਹਨ ਅਤੇ ਕੀ ਉਹ ਸਾਰੀਆਂ ਚੋਣ ਕਮਿਸ਼ਨ ਕੋਲ ਦਰਜ ਹਨ।’ ਉਨ੍ਹਾਂ ਭਾਜਪਾ ’ਤੇ ਚੁਣੀਆਂ ਹੋਈਆਂ ਸਰਕਾਰਾਂ ਨੂੰ ਅਸਥਿਰ ਕਰਨ ਦਾ ਵੀ ਦੋਸ਼ ਲਾਇਆ। ਮੀਟਿੰਗ ਤੋਂ ਪਹਿਲਾਂ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਐੱਨਡੀਏ ’ਚ ਨਵੀਂ ਜਾਨ ਫੂਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਟਨਾ ’ਚ ਹੋਈ ਵਿਰੋਧੀ ਧਿਰਾਂ ਦੀ ਮੀਟਿੰਗ ਦਾ ਨਤੀਜਾ ਹੈ ਕਿ ਐੱਨਡੀਏ ਮੁੜ ਸਰਗਰਮ ਕਰਨ ਦੀ ਲੋੜ ਪੈ ਗਈ ਹੈ। ਉਧਰ ਸੂਤਰਾਂ ਨੇ ਕਿਹਾ ਕਿ ਸਾਂਝਾ ਘੱਟੋ ਘੱਟ ਪ੍ਰੋਗਰਾਮ ਤਿਆਰ ਕਰਨ ਲਈ ਸਬ-ਕਮੇਟੀ ਦੇ ਗਠਨ ਦੀ ਤਜਵੀਜ਼ ਹੈ। -ਪੀਟੀਆਈ

ਮੌਕਾਪ੍ਰਸਤ ਅਤੇ ਸੱਤਾ ਦੇ ਭੁੱਖੇ ਆਗੂਆਂ ਦੀ ਮੀਟਿੰਗ: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਵਿਰੋਧੀ ਧਿਰਾਂ ਦੀ ਬੰਗਲੂਰੂ ’ਚ ਹੋ ਰਹੀ ਮੀਟਿੰਗ ਦੀ ਨਿਖੇਧੀ ਕਰਦਿਆਂ ਇਸ ਨੂੰ ਮੌਕਾਪ੍ਰਸਤਾਂ ਅਤੇ ਸੱਤਾ ਦੇ ਭੁੱਖੇ ਆਗੂਆਂ ਦਾ ਇਕੱਠ ਕਰਾਰ ਦਿੱਤਾ। ਭਾਜਪਾ ਨੇ ਕਿਹਾ ਕਿ ਅਜਿਹਾ ਗੱਠਜੋੜ ਮੌਜੂਦਾ ਸਮੇਂ ਜਾਂ ਭਵਿੱਖ ’ਚ ਦੇਸ਼ ਦਾ ਕੁਝ ਵੀ ਨਹੀਂ ਸੰਵਾਰ ਸਕੇਗਾ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਕੌਮੀ ਰਾਜਧਾਨੀ ’ਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਬਜਾਏ ਉਹ ਵਿਰੋਧੀ ਧਿਰਾਂ ਦੀ ਮੀਟਿੰਗ ’ਚ ਹਿੱਸਾ ਲੈਣ ਲਈ ਚਲੇ ਗਏ ਹਨ। ਕਾਂਗਰਸ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਦਿੱਲੀ ’ਚ ਹੜ੍ਹਾਂ ਦੌਰਾਨ ਕੇਜਰੀਵਾਲ ਸਰਕਾਰ ਦੇ ਮਾੜੇ ਪ੍ਰਬੰਧ ਅਤੇ ਪੱਛਮੀ ਬੰਗਾਲ ’ਚ ਪੰਚਾਇਤੀ ਚੋਣਾਂ ਦੌਰਾਨ ਹਿੰਸਾ ਬਾਰੇ ਉਸ ਨੇ ਕੁਝ ਵੀ ਨਹੀਂ ਆਖਿਆ ਹੈ। ਉਧਰ ਆਰਪੀਆਈ (ਅਠਾਵਲੇ) ਦੇ ਮੁਖੀ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਹੈਦਰਾਬਾਦ ’ਚ ਕਿਹਾ ਕਿ ਐੱਨਡੀਏ ਅਗਾਮੀ ਲੋਕ ਸਭਾ ਚੋਣਾਂ ’ਚ 350 ਤੋਂ ਜ਼ਿਆਦਾ ਸੀਟਾਂ ਜਿੱਤੇਗਾ ਅਤੇ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਵਿਰੋਧੀ ਧਿਰ ਨੂੰ ਚੁਣੌਤੀ ਦਿੱਤੀ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਲਈ ਕਿਸੇ ਇਕ ਆਗੂ ਦੇ ਨਾਮ ਦਾ ਐਲਾਨ ਕਰਕੇ ਦਿਖਾਉਣ। ‘ਵਿਰੋਧੀ ਧਿਰ ਨਰਿੰਦਰ ਮੋਦੀ ਨੂੰ ਹਰਾਉਣਾ ਚਾਹੁੰਦੀ ਹੈ ਪਰ ਮੋਦੀ ਨੂੰ ਹਰਾਉਣਾ ਕੋਈ ਬੱਚਿਆਂ ਦੀ ਖੇਡ ਨਹੀਂ ਹੈ। ਮੋਦੀ ਨੇ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਕੰਮ ਕੀਤਾ ਹੈ।’ ਅਠਾਵਲੇ ਨੇ ਕਿਹਾ ਕਿ ਸਾਂਝਾ ਸਿਵਲ ਕੋਡ ਮੁਸਲਮਾਨਾਂ ਖ਼ਿਲਾਫ਼ ਨਹੀਂ ਹੈ ਅਤੇ ਇਹ ਮੁਸਲਮਾਨਾਂ ਤੇ ਹਿੰਦੂਆਂ ਦੀ ਏਕਤਾ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਬਾਬਾ ਸਾਹਬਿ ਭੀਮ ਰਾਓ ਅੰਬੇਡਕਰ ਯੂਸੀਸੀ ਦੇ ਹੱਕ ਵਿੱਚ ਸਨ। ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਕਿਹਾ ਕਿ ਉਹ ਵੀ ਯੂਸੀਸੀ ਦਾ ਸਮਰਥਨ ਕਰਨ। -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×