For the best experience, open
https://m.punjabitribuneonline.com
on your mobile browser.
Advertisement

ਪੰਜਾਬ ’ਚ ‘ਐਮਰਜੈਂਸੀ’ ਦੇ ਵਿਰੋਧ ਦੀਆਂ ਪਰਤਾਂ

04:45 AM Jan 20, 2025 IST
ਪੰਜਾਬ ’ਚ ‘ਐਮਰਜੈਂਸੀ’ ਦੇ ਵਿਰੋਧ ਦੀਆਂ ਪਰਤਾਂ
Advertisement

ਜਯੋਤੀ ਮਲਹੋਤਰਾ

Advertisement

ਸਿਰਫ਼ ਬੌਲੀਵੁੱਡ ਹੀ ਨਹੀਂ, ਸਾਰਾ ਮੁੰਬਈ ਸ਼ਹਿਰ ਪਿਛਲੇ ਹਫ਼ਤੇ ਇਸ ਸਵਾਲ ’ਚ ਡੁੱਬਿਆ ਰਿਹਾ ਕਿ ਕਿਸ ਨੇ ਅਤੇ ਕਿਉਂ ਸੈਫ ਅਲੀ ਖਾਨ ਨੂੰ ਛੁਰਾ ਮਾਰਿਆ ਹੋਵੇਗਾ ਜੋ ਬਿਲਕੁਲ ਕਿਸੇ ਹਿੰਦੀ ਫਿਲਮ ਦੀ ਕਹਾਣੀ ਦੇ ਜ਼ਿੰਦਗੀ ਨਾਲ ਇੱਕ-ਮਿੱਕ ਹੋ ਜਾਣ ਵਰਗਾ ਸੀ।
ਇੱਥੇ ਪੰਜਾਬ ਵਿੱਚ ਹਾਲਾਂਕਿ ਭੈਅ ਤੇ ਨਫ਼ਰਤ ਦੇ ਅਦਿੱਖ ਪ੍ਰਭਾਵ ਨੇ ਕੰਗਨਾ ਰਣੌਤ ਦਾ ਸਵਾਗਤ ਕੀਤਾ ਜੋ ਇੰਦਰਾ ਗਾਂਧੀ ਦੀ ਜਿ਼ੰਦਗੀ ’ਤੇ ਬਣੀ ਫਿਲਮ ‘ਐਮਰਜੈਂਸੀ’ ਵਿੱਚ ਮੁੱਖ ਅਦਾਕਾਰਾ ਤੇ ਨਿਰਦੇਸ਼ਕਾ ਹੈ। ਪੂਰੇ ਭਾਰਤ ’ਚ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਹੋਣ ਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਿਲਮ ਨੂੰ ਸਿਨੇਮਾ ਘਰਾਂ ’ਚ ਲੱਗਣ ਤੋਂ ਰੋਕਣ ਕਾਰਨ ਡਰ ਤੇ ਘਿਰਣਾ ਦੇ ਭਾਵ ਸਿਖ਼ਰਾਂ ਛੂਹ ਰਹੇ ਹਨ।
ਅਸੀਂ ਜਾਣਦੇ ਹਾਂ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਹਨ ਅਤੇ ਇਹ ਸਿੱਖ ਸੰਸਥਾ ਜਿਸ ਨੇ ਆਰਐੱਸਐੱਸ ਦੇ ਨਾਲ-ਨਾਲ ਕਾਨੂੰਨੀ ਤੌਰ ’ਤੇ ਮਾਨਤਾ ਮਿਲਣ ਦੀ ਆਪਣੀ 100ਵੀਂ ਵਰ੍ਹੇਗੰਢ ਮਨਾਈ ਹੈ, ਅਜੇ ਵੀ ਜ਼ਿਆਦਾਤਰ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਵੱਲੋਂ ਚਲਾਈ ਜਾ ਰਹੀ ਹੈ। ਤੁਸੀਂ ਕਿਸੇ ਸ਼੍ਰੋਮਣੀ ਕਮੇਟੀ ਅਹੁਦੇਦਾਰ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ‘ਮਹਾਨ’ ਜਾਂ ‘ਗ੍ਰੇਟ’ ਦੱਸਣ ’ਤੇ ਬਹਿਸ ਬੇਸ਼ੱਕ ਕਰ ਸਕਦੇ ਹੋ ਹਾਲਾਂਕਿ ਉਹ ਬਿਨਾਂ ਠੋਸ ਤਰਕ ਤੋਂ ਇਹ ਕਹਿ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਕਿਉਂ ਕੰਗਨਾ ਦੀ ਫਿਲਮ ਦਾ ਬਾਈਕਾਟ ਕਰ ਰਹੀ ਹੈ; ਇਸ ਲਈ ਕਿਉਂਕਿ “ਸਿੱਖਾਂ ਨੂੰ ਮਾੜੀ ਰੌਸ਼ਨੀ ਵਿੱਚ ਦਿਖਾਇਆ ਗਿਆ ਹੈ”, ਕਿਉਂਕਿ “ਭਿੰਡਰਾਂਵਾਲੇ ਸ੍ਰੀਮਤੀ ਗਾਂਧੀ ਨੂੰ ਇਹ ਕਹਿੰਦਿਆਂ ਦਿਸਦੇ ਹਨ ਕਿ ਉਹ ਪ੍ਰਧਾਨ ਮੰਤਰੀ ਗਾਂਧੀ ਲਈ ਸਿੱਖ ਵੋਟ ਯਕੀਨੀ ਬਣਾਉਣਗੇ, ਜੇਕਰ ਉਹ (ਇੰਦਰਾ) ਵੱਖਰਾ ਰਾਜ ਦਿੰਦੀ ਹੈ”; ਮਤਲਬ, ਖਾਲਿਸਤਾਨ ਅਜਿਹੀ ਦੁਨੀਆ ਨਾਲ ਸਬੰਧ ਨਹੀਂ ਰੱਖ ਸਕਦਾ ਜਿਸ ਵਿੱਚ ਤੱਥ ਤੇ ਮਿੱਥ ਸੁਭਾਵਿਕ ਤੌਰ ’ਤੇ ਵੱਖੋ-ਵੱਖਰੇ ਹਨ, ਤੇ ਫਿਲਮਾਂ ਸਾਫ਼ ਤੌਰ ’ਤੇ ਕਲਪਨਾ ਨਾਲ ਜੁੜੀਆਂ ਹੁੰਦੀਆਂ ਹਨ।
ਪਰ ਇਹ ਪੰਜਾਬ ਹੈ, ਇੱਕ ਅਜਿਹਾ ਸੂਬਾ ਜੋ ਕਈ ਪੈਮਾਨਿਆਂ ’ਤੇ ਜ਼ਿਆਦਾ ਮਾੜਾ ਨਹੀਂ- ਇਹ ਯਕੀਨਨ ਆਪਣੇ ਆਪ ਨੂੰ ਖੁਆਉਣ, ਪੜ੍ਹਾਉਣ ਤੇ ਢਕਣ ਦੇ ਕਾਬਿਲ ਹੈ, ਨਹੀਂ ਤਾਂ ਇਸ ਦੇ ਸ਼ਹਿਰ ਤੇ ਪਿੰਡ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਪਰਵਾਸੀਆਂ ਨਾਲ ਨਾ ਭਰੇ ਹੁੰਦੇ; ਪਰ ਜਿੱਥੇ ਸਿਆਸੀ ਜਜ਼ਬਾ ਇੰਨਾ ਜ਼ਿਆਦਾ ਉਤੇਜਿਤ ਹੋਵੇ, ਉੱਥੇ ਜੋ ਲੱਗਦਾ ਹੈ, ਉਹ ਉਸ ਤਰ੍ਹਾਂ ਹੁੰਦਾ ਨਹੀਂ।
ਕੰਗਨਾ ਰਣੌਤ ਅਤੇ ‘ਐਮਰਜੈਂਸੀ’ ਖਿਲਾਫ਼ ਰੋਸ ਪ੍ਰਦਰਸ਼ਨਾਂ ਪਿਛਲੀਆਂ ਅਸਲ ਗੱਲਾਂ ਕੁਝ ਹੋਰ ਹਨ। ਪੰਜ ਕਮਜ਼ੋਰ ਕੜੀਆਂ ਤਾਂ ਬਿਲਕੁਲ ਸਾਹਮਣੇ ਹਨ। ਪਹਿਲੀ ਇਹ ਕਿ ਕੰਗਨਾ ਧੁਰਵੀਕਰਨ ਵਾਲੀਆਂ ਹਸਤੀਆਂ ’ਚੋਂ ਇੱਕ ਹੈ, ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦੀ ਆਲੋਚਕ ਰਹੀ ਹੈ; ਇੱਕ ਸੀਆਈਐੱਸਐੱਫ ਕਾਂਸਟੇਬਲ ਨੇ ਤਾਂ ਇਸੇ ਕਾਰਨ ਪਿਛਲੇ ਸਾਲ ਜੂਨ ਵਿੱਚ ਉਸ ਦੇ ਥੱਪੜ ਤੱਕ ਮਾਰ ਦਿੱਤਾ ਸੀ।
ਦੂਜਾ, ਕਿਸਾਨ ਮੁਜ਼ਾਹਰੇ ਦੁਬਾਰਾ ਹੋ ਰਹੇ ਹਨ, ਜਗਜੀਤ ਸਿੰਘ ਡੱਲੇਵਾਲ ਨੇ ਭੁੱਖ ਹੜਤਾਲ ਰੱਖੀ ਹੋਈ ਹੈ ਜਿਸ ਨੇ ਇੱਕ ਹੋਰ ‘ਮਰਜੀਵੜੇ ਜਥੇ’ ਨੂੰ ਪ੍ਰੇਰਿਆ, ਬਿਲਕੁਲ ‘ਕਰੋ ਜਾਂ ਮਰੋ’ ਵਰਗੀ ਸਥਿਤੀ, 111 ਕਿਸਾਨਾਂ ਦਾ ਜਥਾ ਹਰਿਆਣਾ ਪਾਰ ਕਰ ਕੇ ਮੰਗਾਂ ਮੰਨਵਾਉਣ ਲਈ ਦਿੱਲੀ ਜਾਣ ਨੂੰ ਤਿਆਰ ਹੈ।
ਉਂਝ, ਇਹ ਵੀ ਸਪੱਸ਼ਟ ਹੈ ਕਿ ਕਿਸਾਨ ਇਸ ਵਾਰ ਚਾਰ ਸਾਲ ਪਹਿਲਾਂ ਵਾਂਗ ਪੰਜਾਬ ਦੇ ਲੋਕਾਂ ਦੇ ਮਨਾਂ ’ਤੇ ਉਹ ਅਸਰ ਨਹੀਂ ਛੱਡ ਸਕੇ; ਦਿੱਲੀ ਦੀ ਗੱਲ ਤਾਂ ਰਹਿਣ ਹੀ ਦਿਓ, ਉਹ ਰਾਜ ਜਾਂ ਲੋਕ ਜਿਨ੍ਹਾਂ ਉਸ ਵੇਲੇ ਪ੍ਰਧਾਨ ਮੰਤਰੀ ਮੋਦੀ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ, ਸਿਰਫ਼ ਉਦੋਂ ਹੀ ਮੋਦੀ ਨੂੰ ਆਪਣੇ ਲਫ਼ਜ਼ਾਂ ਤੋਂ ਪਿੱਛੇ ਹਟਦਿਆਂ ਦੇਖਿਆ ਗਿਆ ਸੀ।
ਤੀਜਾ, ਤੁਸੀਂ ਆਸ ਰੱਖੋਗੇ ਕਿ ਲਗਾਤਾਰ ਕਿਸਾਨ ਮੁਜ਼ਾਹਰਿਆਂ ਤੋਂ ਤੰਗ ਲੋਕ, ਥੋੜ੍ਹਾ ਜਿਹਾ ਭਾਜਪਾ ਵੱਲ ਖਿਸਕਣਗੇ ਤੇ ਇਹ ਕਿ ਨਾਲ ਦੀ ਨਾਲ ਭਾਜਪਾ ਇਹ ਉਮੀਦ ਕਰੇਗੀ ਕਿ ਲਗਾਤਾਰ ਸ਼ਹਿਰੀਕਰਨ ਵੱਲ ਵਧ ਰਹੀ ਸਿੱਖ ਕਿਸਾਨੀ ਤੇ ਨਾਲ ਹੀ ਪੰਜਾਬ ਦਾ ਮੱਧਵਰਗ ਜੋ ਲੁਧਿਆਣੇ, ਜਲੰਧਰ ਤੇ ਅੰਮ੍ਰਿਤਸਰ ਦੀਆਂ ਕੂੜੇ ਨਾਲ ਭਰੀਆਂ ਸੜਕਾਂ ਨਾਲੋਂ ਕੈਨੇਡਾ ਨੂੰ ਘਰ ਜ਼ਿਆਦਾ ਮੰਨਣ ਲੱਗ ਪਿਆ ਹੈ, ਵੱਧ ਤੋਂ ਵੱਧ ਮੋਦੀ ਵੱਲ ਜਾਵੇਗਾ।
ਚੌਥੀ ਗੱਲ, ਇੱਥੇ ਹੀ ਭਾਜਪਾ ਗ਼ਲਤ ਹੈ। ਸੱਚ ਇਹ ਹੈ ਕਿ ਜੇ ਕਿਸਾਨਾਂ ਦੇ ਸੰਘਰਸ਼ ’ਚ ਸਭ ਕੁਝ ਗ਼ਲਤ ਵੀ ਹੈ ਤਾਂ ਵੀ ਭਾਜਪਾ ਨੂੰ ਕੋਈ ਲਾਹਾ ਇਸ ਤੋਂ ਨਹੀਂ ਮਿਲ ਰਿਹਾ। ਅਸਲ ’ਚ, ਸਭ ਕੁਝ ਇਸ ਤੋਂ ਪੁੱਠਾ ਹੈ। ਪੰਜਾਬ ਦੀ ਰਾਜਨੀਤੀ ਸ਼ਾਇਦ ਕਈ ਪਾਸਿਆਂ ਨੂੰ ਖਿੱਲਰ ਰਹੀ ਹੈ। ਅੱਜ ਅਕਾਲੀ ਦਲ ਹੀ ਤਿੰਨ ਹੋ ਗਏ ਹਨ, ਖਡੂਰ ਸਾਹਿਬ ਦੇ ਸੰਸਦ ਮੈਂਬਰ ਤੇ ਕੱਟੜ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦਾ ਹੁਣੇ-ਹੁਣੇ ਬਣਿਆ ਅਕਾਲੀ ਦਲ (ਵਾਰਿਸ ਪੰਜਾਬ ਦੇ), ਸਿਮਰਨਜੀਤ ਸਿੰਘ ਮਾਨ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਭ ਤੋਂ ਪੁਰਾਣਾ, ਹੁਣ ਬਾਦਲਾਂ ਵਾਲਾ ਅਕਾਲੀ ਦਲ (ਜੋ ਅੰਦਰੂਨੀ ਤੌਰ ’ਤੇ ਪਹਿਲਾਂ ਹੀ ਟੁੱਟਿਆ ਹੋਇਆ ਹੈ, ਭਾਵੇਂ ਨਾਰਾਜ਼ ਸਿਆਸੀ ਨੇਤਾ ਇੱਧਰ-ਉੱਧਰ ਪਾਰਟੀਆਂ ’ਚ ਛੜੱਪੇ ਮਾਰ ਰਹੇ ਹਨ, ਬਹੁਤਾ ਕਰ ਕੇ ‘ਆਪ’ ਵੱਲ) ਪਰ ਭਾਜਪਾ ਨੂੰ ਅਜੇ ਵੀ ਸਰਾਪ ਵਜੋਂ ਦੇਖਿਆ ਜਾ ਰਿਹਾ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਿਹੇ ਪਾਰਟੀ ਦੇ ਉਮੀਦਵਾਰ ਜਾਂ ਤਾਂ ਜ਼ਮਾਨਤਾਂ ਜ਼ਬਤ ਕਰਾ ਰਹੇ ਹਨ ਜਾਂ ਹਾਲੀਆ ਜ਼ਿਮਨੀ ਚੋਣਾਂ ’ਚ ਸਭ ਤੋਂ ਪਿੱਛੇ ਰਹੇ ਹਨ।
ਪੰਜਵਾਂ, ਸਵਾਲ ਇਹ ਕਿ ਪੰਜਾਬ ਕਿਉਂ ਖ਼ੁਦ ਨੂੰ ‘ਦੂਜਾ ਧਰੁਵ’ ਮੰਨਣ ਦਾ ਵਹਿਮ ਰੱਖਦਾ ਹੈ, ਬਿਲਕੁਲ ਦਿੱਲੀ ਤੋਂ ਉਲਟ ਕਿਉਂ ਚੱਲਦਾ ਹੈ, “ਅਕਾਲ ਤਖ਼ਤ” ਬਨਾਮ “ਦਿੱਲੀ ਤਖ਼ਤ”? ਜਵਾਬ ਵੀ ਓਨਾ ਹੀ ਸੌਖਾ ਹੈ। ਪੰਜਾਬੀਆਂ ਨੂੰ ਲੱਗਦਾ ਹੈ ਕਿ ਦਿੱਲੀ ਜਾਂ ਤਾਂ ਓਨੀ ਪਰਵਾਹ ਨਹੀਂ ਕਰਦੀ, ਜੇ ਕੀਤੀ ਹੁੰਦੀ ਤਾਂ ਇਹ ਇਸ ਦੀਆਂ ਕਈ ਸਮੱਸਿਆਵਾਂ ਹੱਲ ਕਰਨ ਲਈ ਰਾਜ ਸਰਕਾਰ ਨਾਲ ਮਿਲ ਕੇ ਮਦਦ ਕਰਦੀ- ਝੋਨੇ ਦੀ ਖ਼ਰੀਦ ਤੋਂ ਹੁਣ ਕਣਕ ਅਤੇ ਡਰੋਨਾਂ ਰਾਹੀਂ ਡਰੱਗ ਦੀ ਸਮੱਸਿਆ ਤੱਕ, ਨਾਕਾਮ ਕਾਨੂੰਨ-ਵਿਵਸਥਾ ਦੇ ਨਾਲ-ਨਾਲ ਗੈਂਗਸਟਰਵਾਦ ਦੇ ਜਾਲ ਅਤੇ ਲੱਖਾਂ ਹੋਰ ਮੁਸ਼ਕਿਲਾਂ।
ਪਰ ਸਭ ਤੋਂ ਮਹੱਤਵਪੂਰਨ ਕਾਰਨ ਕਿ ਕਿਉਂ ਸ਼੍ਰੋਮਣੀ ਕਮੇਟੀ ਅਤੇ ਨਾਖੁਸ਼ ਪੰਜਾਬੀਆਂ ਦਾ ਵੱਡਾ ਵਰਗ ‘ਐਮਰਜੈਂਸੀ’ ਦੀ ਸਕਰੀਨਿੰਗ ਦੇ ਖ਼ਿਲਾਫ਼ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਫਿਲਮ ਪੰਜਾਬ ਦੀ ਦੇਸ਼ ਤੇ ਦੁਨੀਆ ਵਿੱਚ “ਮਾੜੀ ਤਸਵੀਰ ਪੇਸ਼ ਕਰੇਗੀ”; ਮਤਲਬ, ਵਰਤਮਾਨ ‘ਖਾਲਿਸਤਾਨੀਆਂ’ ਵਜੋਂ ਪਰ ਭਿੰਡਰਾਂਵਾਲੇ ਤੋਂ ਜ਼ਿਆਦਾ ਖ਼ਰਾਬ ਨਹੀਂ। ਇਹ ਵਿਚਾਰ ਕਿ ਬਾਕੀ ਦਾ ਭਾਰਤ ਇਹ ਮੰਨ ਸਕਦਾ ਹੈ ਕਿ ਐੱਨਐੱਸਏ ਅਤੇ ਯੂਏਪੀਏ ਤਹਿਤ ਕੈਦ ਕੱਟੜ ਸਿੱਖ ਅਤੇ ਇੰਦਰਾ ਗਾਂਧੀ ਦੇ ਹਤਿਆਰੇ ਦੇ ਪੁੱਤਰ ਨੂੰ ਸੰਸਦ ਮੈਂਬਰ ਚੁਣ ਕੇ ਪੰਜਾਬ ਸ਼ਾਇਦ ਉਨ੍ਹਾਂ ਮਾੜੇ ਵਰ੍ਹਿਆਂ ਵੱਲ ਦੁਬਾਰਾ ਜਾ ਰਿਹਾ ਹੈ- ਲੋਕਾਂ ਨੂੰ ਡਰਾਉਣ ਲਈ ਕਾਫ਼ੀ ਹੈ।
ਬਾਗ਼ੀ ਤਾਂ ਠੀਕ ਹੈ ਪਰ ਕੱਟੜਪੰਥੀ? ਸੱਚ ਇਹ ਹੈ ਕਿ ਥੋੜ੍ਹੇ ਹੀ ਸਮਝਦੇ ਹਨ ਕਿ ਕਿਵੇਂ ਪੰਜਾਬ ਉਨ੍ਹਾਂ ਭਿਆਨਕ ਵਰ੍ਹਿਆਂ ’ਚ ਆਪਣੇ ਹੀ ਖ਼ਿਲਾਫ਼ ਹੋ ਗਿਆ (ਹੈਰਾਨੀਜਨਕ ਨਹੀਂ, ਕੈਨੇਡਾ ਦਾ ਵੀ ਇਸ਼ਾਰਾ ਸੀ), ਤੇ ਹੁਣ ਇਹ ਡਰਾਉਣਾ ਸੁਫਨਾ ਸ਼ਾਇਦ ਪਰਤ ਆਇਆ ਹੈ, ਰੰਗ-ਬਿਰੰਗੇ ਰੂਪ ਵਿੱਚ; ਪੰਜਾਬ ਨੂੰ ਦੱਸ ਰਿਹਾ ਹੈ ਕਿ ਇਸ ’ਚ ਗ਼ਲਤ ਕੀ ਹੈ।
ਲੋਕਾਂ ਨੂੰ ਨਿਰਾਸ਼ ਕਰਨ ਲਈ ਇਹ ਕਾਫ਼ੀ ਹੈ। ਅੰਮ੍ਰਿਤਸਰ ਦੇ ਦੋ ਰਾਜਨੀਤਕ ਸ਼ਾਸਤਰੀ ਜਗਰੂਪ ਸਿੰਘ ਸੇਖੋਂ ਅਤੇ ਪਰਮਜੀਤ ਸਿੰਘ ਜੱਜ ਜਿਨ੍ਹਾਂ ਪਿਛਲੇ ਕਈ ਦਹਾਕਿਆਂ ’ਚ ਪੰਜਾਬ ਦਾ ਨਿਘਾਰ ਤੇ ਗਿਰਾਵਟ ਦੇਖੀ ਹੈ, ਅੱਜ ਉਦਾਸੀਨਤਾ ਦੀ ਗੱਲ ਕਰਦੇ ਹਨ, ਸੰਸਥਾਵਾਂ ’ਚ ਭਰੋਸੇ ਦੀ ਘਾਟ, ਖੇਤੀ ਸੰਕਟ, ਅਸਪੱਸ਼ਟ ਰੂਪ-ਰੇਖਾ। ਸੇਖੋਂ ਕਹਿੰਦੇ ਹਨ, “ਲੋਕਾਂ ਨੇ ਦਿਲ ਛੱਡ ਦਿੱਤਾ ਹੈ”, ਇੱਛਾ ਸ਼ਕਤੀ ਗੁਆਚ ਚੁੱਕੀ ਹੈ। ਜੱਜ ਵੱਧ ਆਸ਼ਾਵਾਦੀ ਰਵੱਈਆ ਰੱਖਦੇ ਹਨ, ਜ਼ੋਰ ਦਿੰਦੇ ਹਨ ਕਿ ਅੱਜ ਨਹੀਂ ਤਾਂ ਕੱਲ੍ਹ ਸਮਾਂ ਪਲਟੇਗਾ, ਖ਼ਾਸ ਤੌਰ ’ਤੇ ਜਦੋਂ ਸਿਆਸਤ ਖ਼ਲਾਅ ਤੋਂ ਦੂਰ ਜਾਵੇਗੀ।
ਇਸ ਲਈ ਪਿਆਰੇ ਪਾਠਕੋ, ਜਦੋਂ ਤੁਸੀਂ ‘ਐੱਮਰਜੈਂਸੀ’ ਦੇਖਣ ਜਾਓ ਤਾਂ ਦੁਬਾਰਾ ਸੋਚਣਾ। ਸਮਝੋ ਕਿ ਪਿਛਲੇ ਹਫਤੇ ਮੁਕਤਸਰ ਦੇ ਮਾਘੀ ਮੇਲੇ ਮੌਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਲਾਂਚ ਵੇਲੇ ਖੁੱਲ੍ਹੇ ਮੰਚ ’ਤੇ ਇਕੱਠੇ ਬੈਠੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ’ਚ ਖ਼ਾਸ ਕੀ ਹੈ। ਸਚਾਈ ਹੈ ਕਿ ਇਹ ਪੰਜਾਬ ਹੀ ਹੈ ਜਿੱਥੇ ਐੱਨਐੱਸਏ ਤੇ ਯੂਏਪੀਏ ਤਹਿਤ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਸਿਆਸੀ ਪਾਰਟੀ ਦੀ ਅਗਵਾਈ ਕਰ ਸਕਦਾ ਹੈ ਪਰ ਉਸ ਨੇ ਸਹੁੰ ਸੰਵਿਧਾਨ ਦੀ ਖਾਧੀ ਹੈ। ਇਹ ਵੀ ਪੰਜਾਬ ’ਚ ਹੀ ਹੈ ਕਿ ਇਹ ਪਾਰਟੀ ਜੋ ਕੱਟੜਪੰਥੀਆਂ ਨਾਲ ਸਬੰਧਿਤ ਹੈ, ਨੂੰ ਚੋਣ ਕਮਿਸ਼ਨ ਨੇ ਪ੍ਰਵਾਨਗੀ ਦਿੱਤੀ ਹੈ।
ਸਿਰਫ਼ ਪੰਜਾਬ ਹੀ ਹੈ ਜਿੱਥੇ ਅਤੀਤ ਤੇ ਵਰਤਮਾਨ ਇੰਝ ਇੱਕ-ਦੂਜੇ ਨਾਲ ਗੱਡਮੱਡ ਹੋਏ ਹਨ ਕਿ ਕਈ ਵਾਰ ਇਨ੍ਹਾਂ ਨੂੰ ਇਕ-ਦੂਜੇ ਤੋਂ ਵੱਖ ਕਰਨਾ ਮੁਸ਼ਕਿਲ ਹੋ ਜਾਂਦਾ ਹੈ, ਖ਼ਾਸ ਤੌਰ ’ਤੇ ਉਦੋਂ ਜਦ ਤੁਸੀਂ ਫਿਲਮ ਦੇਖ ਰਹੇ ਹੋਵੋ।
*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement

Advertisement
Author Image

Jasvir Samar

View all posts

Advertisement