ਸਮੁੰਦਰੀ ਜ਼ਿੰਦਗੀ ਦੀਆਂ ਪਰਤਾਂ
ਡਾ. ਸਤਨਾਮ ਸਿੰਘ ਜੱਸਲ
ਪਰਮਜੀਤ ਮਾਨ ਨੇ ਪੰਜਾਬੀ ਸਾਹਿਤ ਵਿੱਚ ਕਵਿਤਾ ਰਾਹੀਂ ਪ੍ਰਵੇਸ਼ ਕੀਤਾ। ਪੁਸਤਕ ‘ਸਮੁੰਦਰਨਾਮਾ (ਛੱਲਾਂ ਨਾਲ ਗੱਲਾਂ)’ (ਕੀਮਤ: 200 ਰੁਪਏ; ਪੀਪਲਜ਼ ਫ਼ੋਰਮ,ਬਰਗਾੜੀ) ਤੋਂ ਪਹਿਲਾਂ ਉਸ ਦੇ ਦੋ ਕਾਵਿ-ਸੰਗ੍ਰਹਿ, ਦੋ ਕਹਾਣੀ ਸੰਗ੍ਰਹਿ ਅਤੇ ਇੱਕ ਅਨੁਵਾਦਤ ਪੁਸਤਕ ਪ੍ਰਕਾਸ਼ਿਤ ਹੋਏ ਹਨ। ਪਰਮਜੀਤ ਮਾਨ ਦੀ ਹਥਲੀ ਪੁਸਤਕ ਵਿੱਚ ਚੌਵੀ ਲੇਖ ਹਨ। ਇਨ੍ਹਾਂ ਲੇਖਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ। ਪਹਿਲਾ ਭਾਗ ‘ਇੰਡੀਆ ਨੇਵੀ’ 1967 ਤੋਂ 1985 ਦੇ ਸਫ਼ਰ ਨਾਲ ਸਬੰਧਿਤ ਹੈ ਅਤੇ ਦੂਸਰਾ ‘ਮਰਚੈਂਟ ਨੇਵੀ ਅਤੇ ਹੋਰ’ 1988 ਤੋ 1999 ਦੇ ਸਫ਼ਰ ਨਾਲ ਜੁੜਿਆ ਹੈ। ਪਰਮਜੀਤ ਮਾਨ ਨੇ ਆਪਣਾ ਮੁੱਢਲਾ ਸਫ਼ਰ ਉਨ੍ਹਾਂ ਕੱਚੇ ਅਤੇ ਛੋਟੇ ਰਾਹਾਂ ਤੋਂ ਸ਼ੁਰੂ ਕੀਤਾ ਸੀ ਜਿੱਥੇ ਸ਼ਹਿਰੀ ਜੀਵਨ ਦਾ ਭੋਰਾ ਵੀ ਅਸਰ ਨਹੀਂ ਸੀ, ਪਰ ਉਸ ਕੋਲ ਸੁਪਨਿਆਂ ਦਾ ਸਰਮਾਇਆ ਸੀ ਜਿਸ ਨੇ ਉਸ ਨੂੰ ਸਮੁੰਦਰ ਦੇ ਰਾਹਾਂ ਦਾ ਪਾਂਧੀ ਬਣਾਇਆ।
ਇਸ ਪੁਸਤਕ ਵਿੱਚ ਲੇਖਕ ਨੇ ਨੌਕਰੀ ਦੌਰਾਨ ਆਪਣਾ ਦੇਖਿਆ, ਜਾਣਿਆ, ਸੁਣਿਆ ਤੇ ਸਮਝਿਆ ਪੇਸ਼ ਕਰਨ ਦਾ ਯਤਨ ਕੀਤਾ ਹੈ। ਇਸ ਸਫ਼ਰਨਾਮੇ ਦੇ ਆਧਾਰ ਸੰਸਮਰਣ ਹਨ ਜਿਹੜੇ ਉਸ ਨੇ ਨਿੱਜੀ ਡਾਇਰੀਆਂ, ਯਾਦਾਂ ਅਤੇ ਤਜਰਬਿਆਂ ਦੇ ਰੂਪ ਵਿੱਚ ਸੰਭਾਲੇ ਹੋਏ ਸਨ।
ਪਰਮਜੀਤ ਮਾਨ ਨੇ ਇਸ ਪੁਸਤਕ ਵਿੱਚ ਪ੍ਰੋਢ ਵਾਰਤਕਕਾਰ ਵਜੋਂ ਨੇਵੀ ਦੀ ਨੌਕਰੀ ਦੀ ਸ਼ੁਰੂਆਤ ਤੋਂ ਪਹਿਲਾਂ ਸਮੁੰਦਰ ਦੀ ਦੁਨੀਆ ਬਾਰੇ ਗੰਭੀਰਤਾ ਨਾਲ ਜਾਣ-ਪਛਾਣ ਕਰਵਾਈ ਹੈ ਕਿ ਮਨੁੱਖ ਨੇ ਸਮੁੰਦਰ ਅਤੇ ਧਰਤੀ ਦੇ ਵੱਖ ਵੱਖ ਆਕਾਰ ਦੇ ਟੁਕੜਿਆਂ ਦਾ ਕਿਵੇਂ ਵਰਗੀਕਰਣ ਤੇ ਨਾਮਕਰਣ ਕੀਤਾ ਹੈ। ਪੁਸਤਕ ਵਿਚਲੀ ਜਾਣਕਾਰੀ ਤੋਂ ਇਉਂ ਲੱਗਦਾ ਹੈ ਕਿ ਲੇਖਕ ਪਾਠਕ ਨੂੰ ਸਮੁੰਦਰ ਦੇ ਨਾਲ ਤੋਰਦਿਆਂ ਛੱਲਾਂ ਨਾਲ ਗੱਲਾਂ ਕਰਵਾ ਰਿਹਾ ਹੈ। ਆਮ ਤੌਰ ’ਤੇ ਸੈਲਾਨੀ ਸਮੁੰਦਰ ਦੇ ਨਜ਼ਾਰਿਆਂ ਨਾਲ ਭਾਵੁਕ ਹੋ ਜਾਂਦੇ ਹਨ, ਪਰ ਪਰਮਜੀਤ ਮਾਨ ਪਾਠਕ ਨੂੰ ਉਸ ਭਾਵੁਕਤਾ ਦੇ ਆਨੰਦ ਤੋਂ ਵੀ ਅਗਾਂਹ ਲੈ ਤੁਰਦਾ ਹੈ। ਅਜਿਹੇ ਵੇਰਵਿਆਂ ਨਾਲ ਪਾਠਕ ਦਾ ਸਮੁੰਦਰ ਵੱਲ ਆਕਰਸ਼ਣ ਸਹਿਜੇ ਹੀ ਵਧਦਾ ਹੈ। ਲੇਖਕ ਦੀ ਵਾਰਤਕ ਦਾ ਇਹ ਕਮਾਲ ਹੈ ਕਿ ਉਹ ਸਫ਼ਰਨਾਮਾ, ਸੰਸਮਰਣ, ਸਵੈ-ਜੀਵਨੀ ਅਤੇ ਕਥਾ-ਸਾਹਿਤ ਦੀ ਕਲਾ ਦੇ ਸੁਮੇਲ ਰਾਹੀਂ ਆਪਣੀ ਗੱਲ ਸਹਿਜ ਨਾਲ ਪ੍ਰਗਟਾਉਂਦਾ ਹੈ। ਉਸ ਦੇ ਕਈ ਪ੍ਰਗਟਾਵੇ ਪ੍ਰੇਰਨਾ ਸਰੋਤ ਵੀ ਬਣਦੇ ਹਨ। ਇਸ ਨੌਕਰੀ ਰਾਹੀਂ ਉਸ ਨੇ ਵਿਸ਼ਵ ਦੇ ਸੱਭਿਆਚਾਰ ਨੂੰ ਜਾਣਿਆ ਹੈ। ਪੁਸਤਕ ਵਿੱਚ ਉਹ ਇਤਿਹਾਸਕ ਘਟਨਾਵਾਂ ਦਾ ਵੀ ਵਰਣਨ ਕਰਦਿਆਂ ਉਨ੍ਹਾਂ ਦੀ ਤਹਿ ਤੱਕ ਜਾਂਦਾ ਹੈ। ਨੇਵੀ ਦੀ ਭਰਤੀ, ਸਿਖਲਾਈ, ਵਿਵਸਥਾ ਦੇ ਨਿਯਮ, ਜੰਗੀ ਜਹਾਜ਼, ਨੇਵਲ-ਗੈਰੀਜ਼ਨ ਆਦਿ ਬਾਰੇ ਦਿੱਤੀ ਜਾਣਕਾਰੀ ਖਿੱਚ ਅਤੇ ਗਿਆਨ ਭਰਪੂਰ ਹੈ। ਨੇਵੀ ਦੀਆਂ ਪ੍ਰਾਪਤੀਆਂ ਦਾ ਵਿਸਤਾਰ ਵਿੱਚ ਵਰਣਨ ਹੈ। ਮਰਚੈਂਟ ਨੇਵੀ ਦੇ ਸਫ਼ਰ ਬਾਰੇ ਪਰਮਜੀਤ ਮਾਨ ਦਾ ਤਜਰਬਾ ਵੱਖਰਾ ਹੈ। ਭਾਵੇਂ ਉਸ ਨੇ ਇਨ੍ਹਾਂ ਬਾਰਾਂ ਸਾਲਾਂ ਵਿੱਚ ਵੱਖਰੇ-ਵੱਖਰੇੇ ਦੇਸ਼ਾਂ ਦੀਆਂ ਵੱਖਰੀਆਂ ਧਰਤੀਆਂ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਪਰ ਇਹ ਸੰਸਿਆਂ ਵਾਲਾ ਸਫ਼ਰ ਪੂੰਜੀਵਾਦ ਦੀ ਲਾਲਸਾ ਦਾ ਕਹਾਣੀ ਨਾਲ ਜੁੜਿਆ ਹੋਇਆ ਸੀ। ਇਹ ਸਮੁੰਦਰਨਾਮਾ ਵਿਅਕਤੀ ਵਿਸ਼ੇਸ਼ ਦੇ ਅਨੁਭਵ ਦਾ ਪ੍ਰਗਟਾਵਾ ਹੈ ਜਿਹੜਾ ਸਮੁੰਦਰੀ ਜ਼ਿੰਦਗੀ ਦੀਆਂ ਅਨੇਕਾਂ ਪਰਤਾਂ ਨੂੰ ਖੋਲ੍ਹਦਾ ਹੈ। ਸਮੁੰਦਰ ਦੇ ਸਫ਼ਰੀਆਂ ਕ੍ਰਿਸਟੋਫ਼ਰ, ਵਾਸਕੋ ਡੀ ਗਾਮਾ, ਬਾਰਟੋਲੋਮਿਉ ਡਾਇਸ, ਫਰਡੀਨੈਂਡ ਮੈਗਲਾਨ ਆਦਿ ਬਾਰੇ ਇਤਿਹਾਸਕ ਵੇਰਵਿਆਂ ਨਾਲ ਜਾਣਕਾਰੀ ਸਹਿਤ ਲੇਖ ਜ਼ਰੂਰ ਮਿਲਦੇ ਹਨ, ਪਰ ‘ਸਮੁੰਦਰਨਾਮਾ’ ਦੀ ਬਿਰਤਾਂਤਕਾਰੀ ਵਿਲੱਖਣ ਖਿੱਚ ਪਾਉਂਦੀ ਹੈ।
ਸੰਪਰਕ: 94172-25942