For the best experience, open
https://m.punjabitribuneonline.com
on your mobile browser.
Advertisement

ਬਾਲ ਕਵਿਤਾਵਾਂ ਵਿਚਲੀਆਂ ਪਰਤਾਂ

08:07 AM Nov 12, 2023 IST
ਬਾਲ ਕਵਿਤਾਵਾਂ ਵਿਚਲੀਆਂ ਪਰਤਾਂ
ਕਵਿਤਾ ‘ਹੰਪਟੀ ਡੰਪਟੀ’ ਨੂੰ ਦਰਸਾਉਂਦਾ ਚਿੱਤਰ।
Advertisement

ਬੀਐਨ ਗੋਸਵਾਮੀ

ਕਿਸੇ ਵੀ ਦੇਸ਼ ਦਾ ਇਤਿਹਾਸ, ਮਿਥਿਹਾਸ ਅਤੇ ਸਿਆਸਤ ਉਸ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਦੇ ਹਰ ਸ਼ੋਅਬੇ ਵਿਚ ਹਾਜ਼ਰ ਹੁੰਦੇ ਹਨ, ਇੱਥੋਂ ਤੱਕ ਕਿ ਬੱਚਿਆਂ ਦੇ ਗੀਤਾਂ ਵਿਚ ਵੀ। ਉੱਘੇ ਕਲਾ ਇਤਿਹਾਸਕਾਰ ਅਤੇ ਚਿੰਤਕ ਬੀਐਨ ਗੋਸਵਾਮੀ ਦਾ ਇਹ ਲੇਖ ਇੰਗਲੈਂਡ ਦੇ ਸਕੂਲਾਂ ਵਿਚ ਬੱਚਿਆਂ ਦੁਆਰਾ ਗਾਏ ਜਾਂਦੇ ਗੀਤਾਂ ਪਿੱਛੇ ਪਏ ਇਤਿਹਾਸ, ਮਿਥਿਹਾਸ ਅਤੇ ਸਿਆਸਤ ਦੀਆਂ ਪਰਤਾਂ ਫਰੋਲਦਾ ਹੈ।

Advertisement

ਨਰਸਰੀ ਰਾਇਮ (ਬਾਲ ਗੀਤ) ਬਰਤਾਨੀਆ ਅਤੇ ਹੋਰ ਬਹੁਤ ਸਾਰੇ ਮੁਲਕਾਂ ਵਿਚ ਨਿੱਕੇ ਬੱਚਿਆਂ ਲਈ ਇਕ ਰਵਾਇਤੀ ਕਵਿਤਾ ਜਾਂ ਗੀਤ ਹੈ, ਪਰ ਇਸ ਸ਼ਬਦ ਦੀ ਵਰਤੋਂ ਮਹਿਜ਼ 18ਵੀਂ ਸਦੀ ਦੇ ਅਖ਼ੀਰ/19ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਮਿਲਦੀ ਹੈ।
- ਆਮ ਪਰਿਭਾਸ਼ਾ
ਮੈਂ ਸਭ ਤੋਂ ਪਹਿਲਾਂ ਜਿਹੜੀਆਂ ਕਵਿਤਾਵਾਂ ਬਾਰੇ ਜਾਣਦਾ ਸਾਂ ਉਹ ਨਰਸਰੀ ਤੁਕਬੰਦੀਆਂ ਸਨ, ਅਤੇ ਇਸ ਤੋਂ ਪਹਿਲਾਂ ਕਿ ਮੈਂ ਉਨ੍ਹਾਂ ਨੂੰ ਖ਼ੁਦ ਪੜ੍ਹ ਪਾਉਂਦਾ, ਮੈਨੂੰ ਉਨ੍ਹਾਂ ਦੇ ਸ਼ਬਦ, ਇਕੱਲੇ ਸ਼ਬਦ ਪਸੰਦ ਆਉਣ ਲੱਗੇ। ਨਰਸਰੀ ਰਾਇਮਜ਼ ਜਦੋਂ ਪਹਿਲੀ ਵਾਰ ਲਿਖੀਆਂ ਗਈਆਂ ਤਾਂ ਉਹ ਸਿਆਸੀ ਸਨ! ਮੇਰੇ ਲਈ ਇਹ ਇਸੇ ਬਾਰੇ ਹਨ: ਇਹ ਅਸਲ ਵਿਚ ਜੋ ਕਹਾਣੀ ਹੈ, ਮਹਿਜ਼ ਉਸ ਤੋਂ ਕੁਝ ਵੱਧ ਕਹਿਣ ਲਈ ਹਨ।
- ਡੈਲਨ ਥੌਮਸ (Dylan Thomas)

ਕਵਿਤਾ ‘ਪੀਟਰ, ਪੀਟਰ’ ਬਾਰੇ ਇਕ ਚਿੱਤਰ।

ਮੈਂ ਕਿਉਂਕਿ ਆਪਣੇ ਬਚਪਨ ਜਾਂ ਫਿਰ ਵੱਡਾ ਹੋਣ ਦੇ ਅਰਸੇ ਦੌਰਾਨ ਕਿਸੇ ਅੰਗਰੇਜ਼ੀ ਮਾਧਿਅਮ ਵਾਲੇ ਸਕੂਲ ਜਾਂ ਜਿਵੇਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ‘ਕਾਨਵੈਂਟ’ ਸਕੂਲ ਵਿਚ ਨਹੀਂ ਗਿਆ। ਇਸ ਕਾਰਨ ਮੇਰੇ ਨਿੰਜੀ ਅੰਬਰ ਉੱਤੇ ਕੋਈ ‘ਲਿਟਲ ਸਟਾਰ’ (ਨਿੱਕੇ ਤਾਰੇ) ਨਹੀਂ ਟਿਮਕਦੇ ਸਨ; ਨਾ ਮੈਂ ਕਦੇ ‘ਥਰੀ ਬੈਗਜ਼ ਫੁੱਲ ਆਫ ਵੂਲ’ (ਉੱਨ ਦੇ ਭਰੇ ਤਿੰਨ ਝੋਲੇ) ਦੇਣ ਵਾਲੀ ਕਿਸੇ ਕਾਲੀ ਭੇਡ ਦੀ ਭਾਲ ਵਿਚ ਗਿਆ, ਨਾ ਹੀ ਮੈਂ ਕਿਸੇ ‘ਜੌਰਜੀ’ ਨੂੰ ਜਾਣਦਾ ਸਾਂ ਜੋ ‘ਕਿਸਿੰਗ ਦਿ ਗਰਲਜ਼ ਐਂਡ ਮੇਕ ਦੈੱਮ ਕਰਾਈ’ (ਕੁੜੀਆਂ ਨੂੰ ਚੁੰਮਦਾ ਅਤੇ ਉਨ੍ਹਾਂ ਨੂੰ ਰੋਣ ਲਾ ਦਿੰਦਾ) ਵਰਗੇ ਕੰਮ ਕਰਦਾ ਸੀ। ਇਹ ਕਾਫ਼ੀ ਬਾਅਦ ਜਾ ਕੇ ਮੇਰੀ ਸਮਝ ਵਿਚ ਆਏ ਅਤੇ ਮੈਂ ਕੁਝ ਨੂੰ ਚੇਤੇ ਤੱਕ ਵੀ ਕੀਤਾ। ਪਰ ਸੱਚ ਆਖਾਂ ਤਾਂ ਮੈਨੂੰ ਉਨ੍ਹਾਂ ਦਾ ਮਤਲਬ ਖ਼ਾਸ ਸਮਝ ਨਹੀਂ ਆਉਂਦਾ ਸੀ। ਜਿਉਂ-ਜਿਉਂ ਸਮਾਂ ਗੁਜ਼ਰਦਾ ਗਿਆ, ਮੇਰੇ ਮਨ ਵਿਚ ਇਨ੍ਹਾਂ ਬਾਰੇ ਇਕ ਸਿਹਤਮੰਦ ਸ਼ੱਕ ਪੈਦਾ ਹੁੰਦਾ ਗਿਆ ਕਿ ਇਨ੍ਹਾਂ ਵਿਚ ਲੋਰੀਆਂ ਵਰਗੇ ਸੰਗੀਤ ਜਾਂ ਸ਼ਬਦਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸੀ। ਪਰ ਮੈਂ ਇਨ੍ਹਾਂ ਨੂੰ ਬਹੁਤ ਸਾਲਾਂ ਤੱਕ ਉੱਥੇ ਹੀ ਛੱਡ ਦਿੱਤਾ।
ਐਪਰ ਬਾਅਦ ਵਿਚ ਇਕ ਵਾਰ ਬਿਲਕੁਲ ਵੱਖਰੇ ਸੰਦਰਭ ਵਿਚ ਕੁਝ ਪੜ੍ਹਦਿਆਂ ਮੈਨੂੰ ਬਹੁਤ ਸਾਰੀ ਅਜਿਹੀ ਲੇਖਣੀ ਮਿਲੀ ਜਿਹੜੀ ਇਹ ਦੱਸਦੀ ਸੀ ਕਿ ਕਿਸੇ ਸਮੇਂ ਮੇਰੇ ਮਨ ਵਿਚ ਆਉਂਦੇ ਰਹੇ ਸ਼ੱਕ ਬੇਬੁਨਿਆਦ ਨਹੀਂ ਸਨ। ਇਸ ਪਿੱਛੋਂ ਇਕ ਤੋਂ ਬਾਅਦ ਦੂਜੇ ਲੇਖ ਇਸ ਸਬੰਧੀ ਸਵਾਲ ਉਠਾਉਂਦੇ ਹੀ ਨਹੀਂ ਸਗੋਂ ਇਹ ਕਈ ਵਾਰ ਤਾਂ ਪੱਕਾ ਤੱਕ ਕਰਦੇ ਮੇਰੇ ਸਾਹਮਣੇ ਆਏ ਕਿ ਇਨ੍ਹਾਂ ਮਾਸੂਮੀਅਤ ਭਰੀਆਂ ਅਤੇ ਦਿਲਕਸ਼ ਨਿੱਕੀਆਂ-ਨਿੱਕੀਆਂ ਰਚਨਾਵਾਂ ਪਿੱਛੇ ਮਜ਼ਾਕ, ਵਿਅੰਗ, ਦੂਹਰੇ ਅਰਥਾਂ ਅਤੇ ਇਸੇ ਤਰ੍ਹਾਂ ਦਾ ਇਕ ਪੂਰਾ ਸੰਸਾਰ ਲੁਕਿਆ ਹੋਇਆ ਸੀ। ਬਹੁਤ ਸਾਰੇ ਲੇਖ ਇਸ ਗੱਲ ਉੱਤੇ ਕੇਂਦਰਿਤ ਸਨ ਕਿ ਇੰਗਲੈਂਡ ਵਿਚ ਇਹ ਬਾਲ ਕਵਿਤਾਵਾਂ ਕਿੰਨੇ ਸਮੇਂ ਤੋਂ ਚੱਲ ਰਹੀਆਂ ਹਨ, ਕਈਆਂ ਨੇ ਤਾਂ ਉਨ੍ਹਾਂ ਨੂੰ ਟਿਊਡਰ ਦੌਰ ਤੱਕ ਦੀਆਂ ਦੱਸਿਆ; ਪਰ ਕਈ ਹੋਰ ਇਹ ਸਾਬਤ ਕਰਨ ਦੀ ਕੋਸ਼ਿਸ਼ ਵਿਚ ਸਨ ਕਿ ਫਰਾਂਸੀਸੀ ਲੋਕ ਹੋਰ ਹਰ ਕਿਸੇ ਤੋਂ ਪਹਿਲਾਂ ਬਾਲ ਕਵਿਤਾਵਾਂ ਲਿਖਦੇ ਤੇ ਗਾਉਂਦੇ ਸਨ; ਅਤੇ ਅਜਿਹਾ ਹੋਰ ਕਈ ਕੁਝ। ਪਰ ਅੰਗਰੇਜ਼ੀ ਬਾਲ ਕਵਿਤਾਵਾਂ ਦੇ ਸੰਦਰਭ ਵਿਚ ਕੁਝ ਲੋਕ ਇਹ ਪਤਾ ਲਾਉਣ ਵਿਚ ਰੁਚਿਤ ਸਨ ਕਿ ਵੱਖ-ਵੱਖ ਮਸ਼ਹੂਰ ਨਾਂ ਜਾਂ ਇੱਥੋਂ ਤੱਕ ਕਿ ਘਟਨਾਵਾਂ ਉਸ ਚੀਜ਼ ਨਾਲ ਸਬੰਧਤ ਹਨ ਜਿਨ੍ਹਾਂ ਨੂੰ ਅਸੀਂ ਮਹਿਜ਼ ਸੰਗੀਤਕ ਸੁਰਾਂ ਵਾਲੀ ਤੁਕਬੰਦੀ ਵਜੋਂ ਜਾਣਦੇ ਹਾਂ।

ਬਰਤਾਨੀਆ ਦੇ ਸ਼ਾਹੀ ਪਰਿਵਾਰ ਦੇ ਵਿਅਕਤੀ ਬਾਰੇ ਕਵਿਤਾ ‘ਜੌਰਜੀ ਪੌਰਜੀ’।

ਕਾਫ਼ੀ ਸਾਦਗੀ ਨਾਲ, ਇਕ ਲੇਖ ਇੰਝ ਸ਼ੁਰੂ ਹੋਇਆ: ‘‘ਅਸੀਂ ਲਿਟਲ ਜੈਕ ਹੌਰਨਰ ਦੀ ਪਾਈ (ਕਚੌਰੀ) ਦੀ ਸੰਭਾਵਿਤ ਸਮੱਗਰੀ (ਦਾ ਪਤਾ ਲਾਉਂਦੇ ਹਾਂ), ਰਿੰਗ ਏ ਰਿੰਗ ਓ ਰੋਜ਼ਿਜ਼ ਦਾ 1665 ਦੀ ਲੰਡਨ ਦੀ ਭਿਆਨਕ ਪਲੇਗ ਦੀ ਦਹਿਸ਼ਤ ਨਾਲ ਸੰਭਾਵਿਤ ਸਬੰਧ, ਹਸ਼ ਏ ਬਾਏ ਬੇਬੀ ਕਿਉਂ ਟਰੀ-ਟੌਪ (ਰੁੱਖ ਦੀ ਚੋਟੀ) ਉੱਤੇ ਹਿੱਲਦਾ ਹੈ ਅਤੇ ਕੁਆਇਟ ਕੰਟਰੇਰੀ, ਮੇਰੀ ਕੌਣ ਸੀ... ਉਹ ਹੰਪਟੀ ਨੂੰ ਦੁਬਾਰਾ ਜੋੜ ਕਿਉਂ ਨਹੀਂ ਸਕੇ, ਉਸ ਬਾ ਬਾ ਬਲੈਕ ਸ਼ੀਪ ਨੂੰ ਘੇਰੀ ਰੱਖਣ ਵਾਲੇ ਟੈਕਸ ਪ੍ਰਭਾਵ ਅਤੇ ਇਹ ਕਿ ਕਿਉਂ ‘ਵ੍ਹੈਨ ਦਿ ਬੁਆਏਜ਼ ਕੇਮ ਆਊਟ ਟੂ ਪਲੇਅ’ ਤਾਂ ਜੌਰਜੀ ਕਿਤੇ ਭੱਜ ਜਾਂਦਾ ਸੀ... ਇਸ ਤੋਂ ਇਲਾਵਾ, ਸਭ ਤੋਂ ਮਸ਼ਹੂਰ ਸਮਰਸੈਟ ਜੋੜੇ ਜੈਕ ਐਂਡ ਜਿੱਲ ਨੂੰ ਘੇਰਨ ਵਾਲੀ ਦੁਖਦ ਪ੍ਰੇਮ ਕਹਾਣੀ ਅਤੇ ਨਾਲ ਹੀ ਇਹ ਸੁਝਾਉਕਾਰੀ ਕਾਰਨ ਕਿ ਚਲਾਕ ਆਦਮੀ ਕਿਉਂ ‘ਪੌਪ’ ਹੋ ਗਿਆ!’’
ਇਸ ਸਭ ਕੁਝ ਦੀ ਇਕ ਸ਼ਾਨਦਾਰ ਮਿਸਾਲ ਇਕ ਮਸ਼ਹੂਰ ਬਾਲ ਕਵਿਤਾ ਅਤੇ ਇਕ ਸ਼ਾਹੀ ਪਰਿਵਾਰ ਦੇ ਵਿਅਕਤੀ ਦਰਮਿਆਨ ਸਬੰਧ ਹੈ:
ਜੌਰਜੀ ਪੌਰਜੀ,
ਪੁਡਿੰਗ ਐਂਡ ਪਾਈ,
ਕਿੱਸਡ ਦਿ ਗਰਲਜ਼ ਐਂਡ ਮੇਡ ਦੈੱਮ ਕ੍ਰਾਈ;
ਵ੍ਹੈੱਨ ਦਿ ਬੁਆਏਜ਼ ਕੇਮ ਆਊਟ ਟੂ ਪਲੇਅ,
ਜੌਰਜੀ ਪੌਰਜੀ ਰੈਨ ਅਵੇਅ।
Georgie Porgie,
Pudding and pie,
Kissed the girls and made them cry;
When the boys came out to play,
Georgie Porgie ran away.
(ਜੌਰਜੀ ਪੌਰਜੀ/ ਗੁਲਗੁਲੇ ਕਚੌਰੀ ਵਰਗਾ/ ਕੁੜੀਆਂ ਨੂੰ ਚੁੰਮਦਾ ਤੇ ਉਨ੍ਹਾਂ ਨੂੰ ਰੁਆਉਂਦਾ/ ਮੁੰਡਿਆਂ ਦਾ ਟੋਲਾ ਜਦ ਖੇਡਣੇ ਨੂੰ ਆਉਂਦਾ/ ਜੌਰਜੀ ਪੌਰਜੀ ਛਪਨ ਹੋ ਜਾਂਦਾ)।

ਮੇਰੀ, ਮੇਰੀ, ਕੁਆਇਟ ਕੰਟਰੇਰੀ/ ਹੌਅ ਡਜ਼ ਯੋਅਰ ਗਾਰਡਨ ਗਰੋਅ?

ਆਖਿਆ ਜਾਂਦਾ ਹੈ ਕਿ ਜੌਰਜੀ ਪੌਰਜੀ ਹੋਰ ਕੋਈ ਨਹੀਂ ਸਗੋਂ ਬਰਤਾਨੀਆ ਦਾ ਪਹਿਲਾਂ ਪ੍ਰਿੰਸ ਰੀਜੈਂਟ ਅਤੇ ਫਿਰ ਬਾਦਸ਼ਾਹ ਰਿਹਾ ਜੌਰਜ ਚੌਥਾ (George IV) ਸੀ (ਪ੍ਰਿੰਸ ਰੀਜੈਂਟ ਭਾਵ ਅਸਲੀ ਬਾਦਸ਼ਾਹ ਦੀ ਬਿਮਾਰੀ ਆਦਿ ਕਾਰਨ ਉਸ ਦੀ ਥਾਂ ਰਾਜ ਕਾਜ ਦੀ ਜ਼ਿੰਮੇਵਾਰੀ ਨਿਭਾਉਣ ਵਾਲਾ ਯੁਵਰਾਜ/ਸ਼ਹਿਜ਼ਾਦਾ)। ‘ਜੌਰਜ ਮੋਟਾ ਅਤੇ ਗੋਲ-ਮਟੋਲ ਸੀ, ਉਸ ਦਾ ਵਜ਼ਨ ਸਾਢੇ 17 ਸਟੋਨ (111 ਕਿਲੋ ਤੋਂ ਵੱਧ) ਸੀ ਅਤੇ ਲੱਕ ਦਾ ਘੇਰਾ 50 ਇੰਚ ਸੀ (ਜੌਰਜੀ ਪੌਰਜੀ, ਪੁਡਿੰਗ ਐਂਡ ਪਾਈ) ਅਤੇ ਉਹ ਉਸ ਸਮੇਂ ਪ੍ਰੈਸ ਵਿਚ ਲਗਾਤਾਰ ਹਾਸੇ-ਠੱਠੇ ਦਾ ਪਾਤਰ ਬਣਿਆ ਰਿਹਾ।’
‘ਮੋਟਾ ਹੋਣ ਤੋਂ ਇਲਾਵਾ ਜੌਰਜ ਨੇ ਭੋਗ-ਵਿਲਾਸ ਦੇ ਮਾਮਲੇ ਵਿਚ ਵੀ ਆਪਣਾ ਕਾਫ਼ੀ ਮਾੜਾ ਅਕਸ ਬਣਾਇਆ ਕਿਉਂਕਿ ਉਸ ਨੇ ਬਹੁਤ ਸਾਰੀਆਂ ਔਰਤਾਂ ਰੱਖੀਆਂ ਹੋਈਆਂ ਸਨ ਜਿਨ੍ਹਾਂ ਨੇ ਨਾਜਾਇਜ਼ ਬੱਚਿਆਂ ਨੂੰ ਜਨਮ ਦਿੱਤਾ। ਉਹ ਆਪਣੇ ਹੋਛੇ ਵਤੀਰੇ ਲਈ ਵੀ ਬਹੁਤ ਮਸ਼ਹੂਰ ਸੀ ਪਰ ਨਿੱਜੀ ਜ਼ਿੰਦਗੀ ਵਿਚ ਉਹ ਡਰਪੋਕ ਸੀ (ਵ੍ਹੈੱਨ ਦਿ ਬੁਆਏਜ਼ ਕੇਮ ਆਊਟ ਟੂ ਪਲੇਅ, ਜੌਰਜੀ ਪੌਰਜੀ ਰੈਨ ਅਵੇਅ)।
ਇਕ ਹੋਰ ਬਹੁਤ ਮਕਬੂਲ ਅਤੇ ਮਾਸੂਮ ਜਿਹੀ ਜਾਪਣ ਵਾਲੀ ਤੁਕਬੰਦੀ ਕੁਝ ਇਸ ਤਰ੍ਹਾਂ ਹੈ:
ਮੇਰੀ, ਮੇਰੀ, ਕੁਆਇਟ ਕੰਟਰੇਰੀ
ਹੌਅ ਡਜ਼ ਯੋਅਰ ਗਾਰਡਨ ਗਰੋਅ?
ਵਿਦ ਸਿਲਵਰ ਬੈੱਲਜ਼ ਐਂਡ ਕੋਕਲਸ਼ੈੱਲਜ਼
ਐਂਡ ਪ੍ਰਿਟੀ ਮੇਡਜ਼ ਆਲ ਇਨ ਏ ਰੋਅ
Mary, Mary, quite contrary
How does your garden grow?
With silver bells and cockleshells
And pretty maids all in a row

(ਮੇਰੀ, ਮੇਰੀ/ ਆਪਣੇ ਆਪ ਤੋਂ ਉੱਕਾ ਹੀ ਉਲਟ/ ਕਿੰਝ ਵਧਦਾ ਬਗ਼ੀਚਾ ਤੇਰਾ/ ਚਾਂਦੀ ਦੀਆਂ ਘੰਟੀਆਂ ਤੇ ਸਿੱਪੀਆਂ ਦੇ ਨਾਲ/ ਤੇ ਸੁੰਦਰ ਨੌਕਰਾਣੀਆਂ ਦੀ ਕਤਾਰ ਏ ਉੱਥੇ)।
ਸੁਗੰਧਿਤ ਸੁਰਾਂ ਵਾਲੀ ਇਸ ਕਵਿਤਾ ਦੇ ਪੈਦਾ ਹੋਣ ਬਾਰੇ ਬਹੁਤ ਸਾਰੇ ਸਿਧਾਂਤ ਪ੍ਰਚਲਿਤ ਹਨ। ਉਂਝ ਇਸ ਦੀ ਉਤਪਤੀ ਨਾਲ ਕੁਝ ‘ਹਨੇਰੇ ਪੱਖ’ (dark origins) ਵੀ ਜੁੜੇ ਹੋਏ ਹਨ। ਇਕ ਦ੍ਰਿਸ਼ਟੀਕੋਣ ਇਸ ਕਵਿਤਾ ਨੂੰ ਸਕਾਟਲੈਂਡ ਦੀ ਮਹਾਰਾਣੀ ਮੇਰੀ (Mary, Queen of Scots) (1542-1587) ਨਾਲ ਜੁੜੀ ਹੋਣ ਵਜੋਂ ਦੇਖਦਾ ਹੈ ਜਿਸ ਮੁਤਾਬਿਕ ‘ਹੌਅ ਡਜ਼ ਯੋਅਰ ਗਾਰਡਨ ਗਰੋਅ’ ਦਾ ਸੰਦਰਭ ਉਸ ਦੀ ਆਪਣੀ ਸਲਤਨਤ ਉੱਤੇ ਹਕੂਮਤ ਦੇ ਦੌਰ ਨਾਲ ਸਬੰਧਤ ਹੈ, ‘ਸਿਲਵਰ ਬੈੱਲਜ਼’ (ਕੈਥੋਲਿਕ) ਕੈਥੇਡਰਲ (ਪ੍ਰਧਾਨ ਗਿਰਜਾ) ਦੀਆਂ ਘੰਟੀਆਂ ਨਾਲ ਸਬੰਧਤ ਹੈ, ‘ਕੋਕਲਸ਼ੈੱਲਜ਼’ ਇਸ ਗੱਲ ਵੱਲ ਇਸ਼ਾਰਾ ਹੈ ਕਿ ਉਸ ਦਾ ਪਤੀ ਉਸ ਪ੍ਰਤੀ ਵਫ਼ਾਦਾਰ ਨਹੀਂ ਸੀ ਅਤੇ ‘ਪ੍ਰਿਟੀ ਮੇਡਜ਼ ਆਲ ਇਨ ਏ ਰੋਅ’ ਦਾ ਹਵਾਲਾ ਉਸ ਦੀ ਉਡੀਕ ਕਰਦੀਆਂ ਔਰਤਾਂ - ‘ਦਿ ਫੋਰ ਮੇਰੀਜ਼’ ਬਾਰੇ ਹੈ।
ਇਸੇ ਤਰ੍ਹਾਂ ਮੇਰੀ ਦੀ ਇਕ ਹੋਰ ਪਛਾਣ ਇੰਗਲੈਂਡ ਦੀ ਮਹਾਰਾਣੀ ਮੇਰੀ ਅੱਵਲ (Mary I of England) (‘ਖ਼ੂਨੀ ਮੇਰੀ’; 1516-1558) ਨਾਲ ਵੀ ਜੋੜੀ ਗਈ ਹੈ। ਗ਼ੌਰਤਲਬ ਹੈ ਕਿ ਸਕਾਟਲੈਂਡ ਦੀ ਮਹਾਰਾਣੀ ਮੇਰੀ ਅਤੇ ਇੰਗਲੈਂਡ ਦੀ ਮਹਾਰਾਣੀ ਮੇਰੀ ਅੱਵਲ ਦੋ ਵੱਖੋ-ਵੱਖ ਔਰਤਾਂ ਸਨ। ‘ਹੌਅ ਡਜ਼ ਯੋਅਰ ਗਾਰਡਨ ਗਰੋਅ?’ ਦਾ ਹਵਾਲਾ ਮੇਰੀ ਅੱਵਲ ਦੇ ਜਾਨਸ਼ੀਨਾਂ ਦੀ ਕਮੀ ਨਾਲ ਸਬੰਧਤ ਹੈ ਜਾਂ ਇਸ ਆਮ ਵਿਚਾਰ ਨਾਲ ਕਿ ਇੰਗਲੈਂਡ ਉਸ ਸਮੇਂ ਮੇਰੀ ਦੇ ਮਹਾਰਾਣੀ ਬਣਨ ਕਾਰਨ ਈਸਾਈ ਧਰਮ ਦੇ ਕੈਥੋਲਿਕ ਫ਼ਿਰਕੇ ਦੇ ਅਧੀਨ ਆ ਗਿਆ ਸੀ ਜਾਂ ਸਪੇਨ ਅਤੇ ਹੈਸ਼ਬਰਗ ਰਾਜਸ਼ਾਹੀ ਦੀ ‘ਸ਼ਾਖ਼ਾ’ ਬਣ ਗਿਆ ਸੀ ਜਦੋਂਕਿ ਲੋਕ ਪ੍ਰੋਟੈਸਟੈਂਟ ਫ਼ਿਰਕੇ ਨੂੰ ਅਪਣਾ ਰਹੇ ਸਨ। ਇਸ ਨੂੰ ਉਸ ਦੇ ਮੁੱਖ ਮੰਤਰੀ ਸਟੀਫਨ ਗਾਰਡੀਨਰ ਸਬੰਧੀ ਤਨਜ਼ੀਆ ਹਵਾਲੇ ਵਜੋਂ ਵੀ ਦੇਖਿਆ ਜਾਂਦਾ ਹੈ। ‘ਕੁਆਇਟ ਕੰਟਰੇਰੀ’ ਨੂੰ ਉਸ ਵੱਲੋਂ ਆਪਣੇ ਪਿਤਾ ਹੈਨਰੀ ਅੱਠਵੇਂ ਅਤੇ ਭਰਾ ਐਡਵਰਡ ਛੇਵੇਂ ਵੱਲੋਂ ਚਰਚ ਸਬੰਧੀ ਕੀਤੀਆਂ ਗਈਆਂ ਤਬਦੀਲੀਆਂ ਨੂੰ ਉਲਟਾਉਣ ਦੀਆਂ ਅਸਫਲ ਕੋਸ਼ਿਸ਼ਾਂ ਨਾਲ ਜੋੜਿਆ ਜਾਂਦਾ ਹੈ। ‘ਪ੍ਰਿਟੀ ਮੇਡਜ਼ ਆਲ ਇਨ ਏ ਰੋਅ’ ਬਾਰੇ ਅੰਦਾਜ਼ੇ ਲਾਏ ਜਾਂਦੇ ਹਨ ਕਿ ਇਹ ਗਰਭਪਾਤਾਂ, ਉਸ ਵੱਲੋਂ ਲੇਡੀ ਜੇਨ ਗਰੇਅ ਨੂੰ ਫਾਂਸੀ ਦਿੱਤੇ ਜਾਣ ਜਾਂ ਫਿਰ ਪ੍ਰੋਟੈਸਟੈਂਟ ਫ਼ਿਰਕੇ ਨੂੰ ਮੰਨਣ ਵਾਲਿਆਂ ਨੂੰ ਵੱਡੇ ਪੱਧਰ ਉੱਤੇ ਫਾਹੇ ਲਾਏ ਜਾਣ ਸਬੰਧੀ ਹਵਾਲਾ ਹੈ।
ਪਰ ਹੰਪਟੀ-ਡੰਪਟੀ ਬਾਰੇ ਕੀ ਆਖੀਏ: ਇਹ ਚਿੱਤਰਕਾਰਾਂ ਦਾ ਬਹੁਤ ਪਸੰਦੀਦਾ ਕਿਰਦਾਰ ਹੈ, ਜਿਸ ਨੂੰ ਅਕਸਰ ਵੰਡਰਲੈਂਡ ਵਿਚ ਐਲਿਸ (ਐਲਿਸ ਇਨ ਵੰਡਰਲੈਂਡ) ਨਾਲ ਗੱਲਬਾਤ ਦੌਰਾਨ ਵੀ ਇਨਸਾਨੀ ਖ਼ੂਬੀਆਂ ਵਾਲੇ ਅੰਡੇ ਵਜੋਂ ਦਰਸਾਇਆ ਜਾਂਦਾ ਹੈ? ਹੰਪਟੀ-ਡੰਪਟੀ ਕੌਣ ਸੀ ਇਸ ਬਾਰੇ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਹਨ। ਪਰ ਸਭ ਕੁਝ ਤੋਂ ਪਹਿਲਾਂ ਇਹ ਤੁਕਬੰਦੀ ਪੜ੍ਹਦੇ ਹਾਂ:
ਹੰਪਟੀ-ਡੰਪਟੀ ਸੈਟ ਔਨ ਏ ਵਾਲ।
ਹੰਪਟੀ-ਡੰਪਟੀ ਹੈਡ ਏ ਗਰੇਟ ਫਾਲ।
ਆਲ ਦਿ ਕਿੰਗਜ਼ ਹੌਰਸਿਜ਼ ਐਂਡ ਆਲ ਦਿ ਕਿੰਗਜ਼ ਮੈੱਨ,
ਕੁਡੰਟ ਪੁੱਟ ਹੰਪਟੀ ਟੂਗੈਦਰ ਅਗੇਨ।
Humpty Dumpty sat on a wall.
Humpty Dumpty had a great fall.
All the king’s horses and all the king’s men,
Couldn’t put Humpty together again.
(ਹੰਪਟੀ-ਡੰਪਟੀ ਕੰਧ ’ਤੇ ਬੈਠਾ/ ਹੰਪਟੀ-ਡੰਪਟੀ ਧੜੰਮ ਥੱਲੇ ਡਿੱਗਾ/ ਰਾਜੇ ਦੇ ਸਾਰੇ ਘੋੜੇ ਤੇ ਸਾਰੇ ਜਵਾਨ/ ਹੰਪਟੀ ਨੂੰ ਮੁੜ ਕਦੇ ਨਾ ਜੋੜ ਪਾਉਣ)।
ਇਸ ਬਾਰੇ ਕੁਝ ਇਸ ਤਰ੍ਹਾਂ ਸੁਣਨ ਨੂੰ ਮਿਲਦਾ ਹੈ ਕਿ ਇਹ ਇਕ ਬੜੀ ਵੱਡੀ ਤੋਪ ਦਾ ਨਾਂ ਸੀ ਜਿਹੜੀ ਜੰਗ ਦੌਰਾਨ ਡਿੱਗ ਪਈ ਅਤੇ ਟੁੱਟ ਗਈ; ਕੁਝ ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ‘ਹੰਪਟੀ-ਡੰਪਟੀ ਟੁੱਟਣਯੋਗ ਚੀਜ਼ਾਂ ਬਾਰੇ ਬੁਝਾਰਤਾਂ ਘੜਨ ਲਈ ਮਹਿਜ਼ ਇਕ ਸੰਦ ਸੀ’।
ਉਂਝ ਸਾਡੇ ਸੰਦਰਭ ਵਿਚ ਇਸ ਬਾਰੇ ਸਭ ਤੋਂ ਦਿਲਚਸਪ ਕਿਆਸ ਇਹ ਹਨ ਕਿ ਹੰਪਟੀ-ਡੰਪਟੀ ਇੰਗਲੈਂਡ ਦਾ ਬਦਾਸ਼ਾਹ ਰਿਚਰਡ ਤੀਜਾ (King Richard III of England) ਸੀ, ਜਿਸ ਬਾਰੇ ਸਮਝਿਆ ਜਾਂਦਾ ਸੀ ਕਿ ਉਹ ਕੁੱਬਾ ਸੀ ਅਤੇ ਉਹ 1485 ਵਿਚ ਬੋਸਵਰਥ ਫੀਲਡ ਦੀ ਲੜਾਈ ਵਿਚ ਹਾਰ ਗਿਆ ਸੀ। ਧਾਰਨਾ ਇਹ ਹੈ ਕਿ ਰਾਜਾ ਹੀ ਹੰਪਟੀ-ਡੰਪਟੀ ਹੈ, ਕੰਧ ਉਸ ਦੀ ਹਕੂਮਤ ਅਤੇ ਸੱਤਾ ਬਚਾਈ ਰੱਖਣ ਦੀ ਉਸ ਦੀ ਲੜਾਈ ਹੈ, ਡਿੱਗਣ ਤੋਂ ਭਾਵ ਉਸ ਦਾ ਹਾਰ ਜਾਣਾ ਹੈ ਅਤੇ ‘ਆਲ ਦਿ ਕਿੰਗਜ਼ ਹੌਰਸਿਜ਼ ਐਂਡ ਆਲ ਦਿ ਕਿੰਗਜ਼ ਮੈੱਨ’ ਉਸ ਦੀ ਫ਼ੌਜ ਹੈ, ਜਿਹੜੀ ਲੜਾਈ ਵਿਚ ਜਿੱਤ ਨਾ ਸਕੀ।
ਸਾਰਾ ਕੁਝ ਰਤਾ ਗੁੰਝਲਦਾਰ ਹੈ? ਉਲਝਾਉਣ ਵਾਲਾ ਹੈ? ਪਰ ਜੋ ਵੀ ਹੋਵੇ, ਇਨ੍ਹਾਂ ਸੈਂਕੜੇ ਲੇਖਣੀਆਂ ਵਿਚ ਸ਼ਬਦਾਂ ਅਤੇ ਤੁਕਬੰਦੀ ਤੋਂ ਇਲਾਵਾ ਵੀ ਕੁਝ ਨਾ ਕੁਝ ਹੈ ਜਿਹੜੀਆਂ ਬੜੇ ਸਾਲਾਂ ਤੋਂ ਚੱਲ ਰਹੀਆਂ ਹਨ। ਇਨ੍ਹਾਂ ਤੋਂ ਬਚ ਸਕਣ ਦਾ ਕੋਈ ਤਰੀਕਾ ਨਹੀਂ ਹੈ। ਨਹੀਂ?

Advertisement
Author Image

joginder kumar

View all posts

Advertisement
Advertisement
×