ਵਕੀਲਾਂ ਵੱਲੋਂ ਸਰਕਾਰ ਤੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ
ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 2 ਫਰਵਰੀ
ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਵੱਲੋਂ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਵਿਚ ਇਕ ਦਿਨ ਕੰਮ ਬੰਦ ਕਰ ਕੇ ਪੰਜਾਬ ਪੁਲੀਸ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਜ਼ਿਲ੍ਹਾ ਅਦਾਲਤ ’ਚ ਧਰਨਾ ਦਿੱਤਾ ਗਿਆ। ਸ੍ਰੀ ਧਾਰਨੀ ਨੇ ਕਿਹਾ ਕਿ ਜੇ ਪੰਜਾਬ ਪੁਲੀਸ ਅਤੇ ਸਰਕਾਰ ਕਾਨੂੰਨ ਦੀ ਜਾਣਕਾਰੀ ਰੱਖਣ ਵਾਲੇ ਵਕੀਲਾਂ ਨਾਲ ਵੀ ਧੱਕੇਸ਼ਾਹੀ ਕਰ ਰਹੀ ਹੈ ਤਾਂ ਆਮ ਆਦਮੀ ਨੂੰ ਇਨਸਾਫ਼ ਕਿਵੇਂ ਮਿਲੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਦੇ ਵਕੀਲਾਂ ਨਾਲ ਪੁਲੀਸ ਵੱਲੋਂ ਸਰਕਾਰ ਦੀ ਕਥਿਤ ਸ਼ਹਿ ’ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਨੂੰ ਸਹਿਣ ਨਹੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਦੋ ਵਕੀਲਾ ’ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਪੁਲੀਸ ਨੇ ਕੇਸ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਪੁਲੀਸ ਨੇ ਮਾਮਲੇ ਵਿਚ ਦਰਜ ਧਾਰਾਵਾ ਨੂੰ ਹਟਾ ਕੇ ਉਸ ਵਿਅਕਤੀ ਨੂੰ ਵੀ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਵਕੀਲ ਭਾਈਚਾਰਾ ਇਕਜੁੱਟ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵਕੀਲ ਨਾਲ ਧੱਕਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਇਸ ਮੌਕੇ ਸਾਬਕਾ ਪ੍ਰਧਾਨ ਰਾਜਵੀਰ ਸਿੰਘ ਗਰੇਵਾਲ, ਗਗਨਦੀਪ ਵਿਰਕ, ਨਰਿੰਦਰ ਸ਼ਰਮਾ, ਸੁਮਿਤ ਗੁਪਤਾ, ਦਮਨਦੀਪ ਸਿੰਘ, ਇੰਦਰਜੀਤ ਸਿੰਘ ਚੀਮਾ, ਅਸ਼ੋਕ ਗੁਪਤਾ, ਵਿਵੇਕ ਸ਼ਰਮਾ, ਪ੍ਰੀਤ ਜੈਸਵਾਲ, ਮਯੰਕ ਖੁਰਮੀ, ਅਮਨਦੀਪ ਬਾਵਾ, ਕੁਲਵੰਤ ਖੇੜਾ, ਗੁਰਜੀਤ ਬੜਿੰਗ, ਕਰਮਜੀਤ ਮੋਹੀ, ਸਤਨਾਮ ਸਿੰਘ ਤੇ ਵਿਨੈ ਸੂਦ ਹਾਜ਼ਰ ਸਨ।