ਵਕੀਲਾਂ ਵੱਲੋਂ ਕੰਗਨਾ ਰਣੌਤ ਖ਼ਿਲਾਫ਼ ਕੇਸ ਦੀ ਮੰਗ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 11 ਜੂਨ
ਇੱਥੋਂ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਪਿਛਲੇ ਦਿਨੀਂ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਤੋਂ ਬਾਅਦ ਸੁਰਖ਼ੀਆਂ ਵਿੱਚ ਆਈ ਸੀਆਈਐੱਸਐੱਫ ਦੀ ਮਹਿਲਾ ਜਵਾਨ ਕੁਲਵਿੰਦਰ ਕੌਰ ਦੇ ਹੱਕ ਵਿੱਚ ਵਕੀਲ ਭਾਈਚਾਰਾ ਵੀ ਸਾਹਮਣੇ ਆ ਗਿਆ ਹੈ। ਵਕੀਲ ਜਥੇਬੰਦੀਆਂ ਨੇ ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ ਦੇ ਬੈਨਰ ਹੇਠ ਅੱਜ ਮੁਹਾਲੀ ਪੁਲੀਸ ਨੂੰ ਮੰਗ ਪੱਤਰ ਸੌਂਪ ਕੇ ਕੰਗਨਾ ਰਣੌਤ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਵਲ ਕੁਮਾਰ ਛਿੱਬੜ, ਕੌਮੀ ਸਕੱਤਰ ਜਸਪਾਲ ਸਿੰਘ ਦੱਪਰ, ਕੌਮੀ ਕਾਰਜਕਾਰਨੀ ਮੈਂਬਰ ਹਰਚੰਦ ਸਿੰਘ ਬਾਠ, ਦਰਸ਼ਨ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਲੌਂਗੀਆਂ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ ਰਣਧੀਰ ਸਿੰਘ ਵਰਧਨ ਨੇ ਕਿਹਾ ਕਿ ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ ਕੰਗਨਾ ਰਣੌਤ ਖ਼ਿਲਾਫ਼ ਦੇਸ਼ ਧ੍ਰੋਹ, ਮਾਣਹਾਨੀ ਅਤੇ ਪੰਜਾਬੀਆਂ ਅਤੇ ਸਿੱਖਾਂ ਦੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਵਰਤਣ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਤੇ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਜਾਵੇ।