ਵਕੀਲਾਂ ਵੱਲੋਂ ਬਕਾਇਆ ਕੇਸਾਂ ਅਤੇ ਫ਼ੈਸਲਿਆਂ ’ਤੇ ਟਿੱਪਣੀਆਂ ਪ੍ਰੇਸ਼ਾਨ ਕਰਨ ਵਾਲਾ ਰੁਝਾਨ: ਚੰਦਰਚੂੜ
ਨਾਗਪੁਰ, 6 ਅਪਰੈਲ
ਭਾਰਤ ਦੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਨੇ ਕਿਹਾ ਹੈ ਕਿ ਨਿਆਂਪਾਲਿਕਾ ’ਚ ਆਪਣੀ ਪ੍ਰਸ਼ੰਸਾ ਦੇ ਨਾਲ-ਨਾਲ ਆਲੋਚਨਾ ਸਹਿਣ ਦੀ ਵੀ ਸ਼ਕਤੀ ਹੈ ਪਰ ਵਕੀਲਾਂ ਵੱਲੋਂ ਬਕਾਇਆ ਕੇਸਾਂ ਜਾਂ ਫ਼ੈਸਲਿਆਂ ਬਾਰੇ ਟਿੱਪਣੀ ਕਰਨ ਦਾ ਹਾਲੀਆ ਰੁਝਾਨ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਉਨ੍ਹਾਂ ਕਿਹਾ ਕਿ ਬਾਰ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਅਦਾਲਤੀ ਫ਼ੈਸਲਿਆਂ ਬਾਰੇ ਟਿੱਪਣੀਆਂ ਕਰਨ ਸਮੇਂ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਉਹ ਅਦਾਲਤ ਦੇ ਅਧਿਕਾਰੀ ਹਨ ਨਾ ਕਿ ਆਮ ਆਦਮੀ ਹਨ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨਾਗਪੁਰ ਦੀ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸ਼ਤਾਬਦੀ ਵਰ੍ਹੇ ਦੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਜਸਟਿਸ ਚੰਦਰਚੂੜ ਨੇ ਕਿਹਾ ਕਿ ਨਿਆਂਪਾਲਿਕਾ ਨੇ ਆਪਣੀ ਆਜ਼ਾਦੀ ਅਤੇ ਨਿਰਪੱਖਤਾ ਨੂੰ ਵਾਰ-ਵਾਰ ਸਾਬਿਤ ਕੀਤਾ ਹੈ। ‘ਹਾਲਾਂਕਿ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਨਿਆਂਪਾਲਿਕਾ ਦੀ ਆਜ਼ਾਦੀ ਅਤੇ ਬਾਰ ਦੀ ਆਜ਼ਾਦੀ ਵਿਚਕਾਰ ਨਜ਼ਦੀਕੀ ਸਬੰਧ ਹੈ।’ ਉਨ੍ਹਾਂ ਕਿਹਾ ਕਿ ਅਦਾਲਤ ਦੀ ਆਜ਼ਾਦੀ, ਸੰਵਿਧਾਨਕ ਕਦਰਾਂ-ਕੀਮਤਾਂ ਅਤੇ ਮਾਣ-ਮਰਿਆਦਾ ਬਰਕਰਾਰ ਰੱਖਣ ਲਈ ਇੱਕ ਸੰਸਥਾ ਵਜੋਂ ਬਾਰ ਜ਼ਰੂਰੀ ਹੈ। ਜਸਟਿਸ ਚੰਦਰਚੂੜ ਨੇ ਕਿਹਾ ਕਿ ਭਾਰਤ ਵਰਗੇ ਲੋਕਤੰਤਰ ਵਿੱਚ ਜ਼ਿਆਦਾਤਰ ਵਿਅਕਤੀਆਂ ’ਚ ਰਾਜਨੀਤਕ ਵਿਚਾਰਧਾਰਾ ਜਾਂ ਉਨ੍ਹਾਂ ਵੱਲ ਝੁਕਾਅ ਹੁੰਦਾ ਹੈ। ਅਰਸਤੂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਮਨੁੱਖ ਸਿਆਸੀ ਜਾਨਵਰ ਹਨ ਅਤੇ ਵਕੀਲ ਵੀ ਇਨ੍ਹਾਂ ਤੋਂ ਅੱਡ ਨਹੀਂ ਹਨ। ਹਾਲਾਂਕਿ, ਬਾਰ ਦੇ ਮੈਂਬਰਾਂ ਲਈ ਕਿਸੇ ਦਾ ਸਰਵਉੱਚ ਹਿੱਤ ਪੱਖਪਾਤੀ ਹਿੱਤਾਂ ਨਾਲ ਨਹੀਂ ਬਲਕਿ ਅਦਾਲਤ ਅਤੇ ਸੰਵਿਧਾਨ ਨਾਲ ਹੋਣਾ ਚਾਹੀਦਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਬਕਾਇਆ ਪਏ ਕੇਸਾਂ ਅਤੇ ਫ਼ੈਸਲਿਆਂ ’ਤੇ ਟਿੱਪਣੀ ਕਰਨ ਲਈ ਬਾਰ ਐਸੋਸੀਏਸ਼ਨਾਂ ਦੇ ਮੈਂਬਰਾਂ ਦੀ ਪ੍ਰਵਿਰਤੀ ਤੋਂ ਉਹ ਬਹੁਤ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਾਰਿਆਂ ਨੂੰ ਲੈ ਕੇ ਚੱਲਣ ਵਾਲਾ ਹੈ ਅਤੇ ਇਹ ਸਾਰਿਆਂ ਲਈ ਇਕ ਬਰਾਬਰ ਹੈ। -ਪੀਟੀਆਈ