ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਭੁੱਖ ਹੜਤਾਲ ਸਮਾਪਤ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 7 ਅਕਤੂਬਰ
ਇੱਥੋਂ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿਚ ਵਿਦਿਆਰਥੀਆਂ ਨੇ ਅੱਜ ਦੇਰ ਸ਼ਾਮ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਪਰ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਪ੍ਰਬੰਧਕਾਂ ਵੱਲੋਂ ਅੱਜ ਬਾਅਦ ਦੁਪਹਿਰ ਵਿਦਿਆਰਥੀਆਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਗਈਆਂ। ਪਹਿਲਾਂ ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਰਜਿਸਟਰਾਰ ਨੂੰ ਮੀਟਿੰਗ ਕਰਨ ਲਈ ਚੁਣਿਆ ਗਿਆ ਪਰ ਰਜਿਸਟਰਾਰ ਮੀਟਿੰਗ ਵਿਚ ਨਾ ਪੁੱਜਿਆ ਜਿਸ ਦਾ ਕਾਰਨ ਵਿਭਾਗੀ ਦੱਸਿਆ ਗਿਆ। ਉਸ ਤੋਂ ਬਾਅਦ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਨਾਲ ਮੀਟਿੰਗ ਦਾ ਰਸਤਾ ਅਖ਼ਤਿਆਰ ਕੀਤਾ ਗਿਆ ਪਰ ਵਾਈਸ ਚਾਂਸਲਰ ਨੇ ਵੀ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਬਾਅਦ ਡੀਨ ਅਕਾਦਮਿਕ ਮਾਮਲੇ ਡਾ. ਵਤਸ ਨੇ ਵਿਦਿਆਰਥੀਆਂ ਨਾਲ ਲੰਬਾ ਸਮਾਂ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਕਈ ਮੁੱਦੇ ਵਿਚਾਰੇ ਗਏ ਜਿਸ ਬਾਰੇ ਵਿਦਿਆਰਥੀਆਂ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਉਹ ਮੀਟਿੰਗ ਦੇ ਫ਼ੈਸਲਿਆਂ ਤੋਂ ਬਾਅਦ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਲਈ ਤਿਆਰ ਹੋ ਗਏ ਜਿਸ ਕਰਕੇ ਅੱਜ ਦੇਰ ਸ਼ਾਮ ਉਨ੍ਹਾਂ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ, ਜਦਕਿ ਵਿਦਿਆਰਥੀ ਆਗੂ ਇਕ ਲੜਕੀ ਨੇ ਦੱਸਿਆ ਕਿ ਉਨ੍ਹਾਂ ਦੀ ਭੁੱਖ ਹੜਤਾਲ ਖ਼ਤਮ ਹੋਈ ਹੈ ਪਰ ਸੰਘਰਸ਼ ਜਾਰੀ ਰਹੇਗਾ। ਦੂਜੇ ਪਾਸੇ ਅੱਜ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿਚ ਕੋਈ ਰੋਸ ਮਾਰਚ ਨਹੀਂ ਕੀਤਾ ਨਾ ਹੀ ਕੋਈ ਨਾਅਰੇਬਾਜ਼ੀ ਕੀਤੀ, ਜਿਸ ਤੋਂ ਕਿਆਸ ਲਾਇਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਦੀ ਪ੍ਰਬੰਧਕਾਂ ਨਾਲ ਕਈ ਮੰਗਾਂ ’ਤੇ ਸਹਿਮਤੀ ਬਣੀ ਹੈ, ਜਿਸ ਵਿਚ ਵਾਈਸ ਚਾਂਸਲਰ ਦਾ ਅਸਤੀਫ਼ਾ ਵੀ ਸ਼ਾਮਲ ਹੈ ਪਰ ਮੀਟਿੰਗ ਦੇ ਪੂਰੇ ਵੇਰਵੇ ਹਾਲੇ ਤੱਕ ਸਾਹਮਣੇ ਨਹੀਂ ਆਏ। ਖ਼ਬਰ ਲਿਖੇ ਜਾਣ ਤੱਕ ਵੀ ਵਿਦਿਆਰਥੀ ਧਰਨੇ ’ਤੇ ਬੈਠੇ ਸਨ।