ਲਾਅ ਯੂਨੀਵਰਸਿਟੀ ਮਾਮਲਾ: ਮਹਿਲਾ ਕਮਿਸ਼ਨ ਵੱਲੋਂ ਉਪ ਕੁਲਪਤੀ ਨੂੰ ਫ਼ਾਰਗ ਕਰਨ ’ਤੇ ਜ਼ੋਰ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਸਤੰਬਰ
ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਪਟਿਆਲਾ ਵਿੱਚ ਵਿਦਿਆਰਥਣਾਂ ਨਾਲ ਕਥਿਤ ਬਦਸਲੂਕੀ ਮਾਮਲੇ ਵਿੱਚ ਉਪ ਕੁਲਪਤੀ ਨੂੰ ਫ਼ਾਰਗ ਕਰਾਉਣ ਲਈ ਪ੍ਰਦਰਸ਼ਨ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਦੂਜੇ ਪਾਸੇ ਲੰਘੇ ਦਿਨ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਤੇ ਉਪ ਕੁਲਪਤੀ ਦਾ ਪੱਖ ਲੈਣ ਆਈ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਉਪ ਕੁਲਪਤੀ ਨੂੰ ਇਸ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ, ਜਿਸ ਨਾਲ ਵਿਦਿਆਰਥੀਆਂ ਦੇ ਸੰਘਰਸ਼ ਨੂੰ ਬਲ ਮਿਲਿਆ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਅੱਜ ਪੰਜਵੇਂ ਦਿਨ ਉਨ੍ਹਾਂ ਨਾਲ ਪ੍ਰਬੰਧਕਾਂ ਨੇ ਮੀਟਿੰਗਾਂ ਕੀਤੀਆਂ ਪਰ ਮਸਲੇ ਦਾ ਹੱਲ ਨਹੀਂ ਕੀਤਾ ਗਿਆ। ਵਿਦਿਆਰਥੀ ਉਪ ਕੁਲਪਤੀ ਨੂੰ ਹਟਾਉਣ ਦੀ ਮੰਗ ’ਤੇ ਡਟੇ ਹੋਏ ਹਨ। ਇਸੇ ਦੌਰਾਨ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ, ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ, ਪੰਜਾਬ ਯੁੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਖਨੌੜਾ ਨੇ ਵੀ ਉਪ ਕੁਲਪਤੀ ਨੂੰ ਫ਼ਾਰਗ ਕਰਨ ਦੀ ਮੰਗ ਕੀਤੀ ਹੈ।
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਰਾਸ਼ਟਰਪਤੀ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਕਮਿਸ਼ਨ ਦੀਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ-2001 ਦੀ ਧਾਰਾ 10 ਤਹਿਤ ਖ਼ੁਦ ਐਕਸ਼ਨ ਲੈਂਦਿਆਂ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਨਾਲ ਹੋਈ ਬਦਸਲੂਕੀ ਬਾਰੇ ਪੜਤਾਲ ਕੀਤੀ ਗਈ ਹੈ, ਜਿਸ ਆਧਾਰ ’ਤੇ ਉਪ ਕੁਲਪਤੀ ਨੂੰ ਇਸ ਅਹੁਦੇ ਤੋਂ ਫਾਰਗ ਕਰਨਾ ਜ਼ਰੂਰੀ ਹੈ।
ਯੂਨੀਵਰਸਿਟੀ ਵੱਲੋਂ ਕਲਾਸਾਂ ਲਾਉਣ ਦਾ ਨੋਟਿਸ ਜਾਰੀ
ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਰਜਿਸਟਰਾਰ ਵੱਲੋਂ ਜਾਰੀ ਪੱਤਰ ਵਿੱਚ ਨਿਰਦੇਸ਼ ਦਿੱਤੇ ਗਏ ਹਨ ਕਿ 27 ਸਤੰਬਰ ਤੋਂ ਯੂਨੀਵਰਸਿਟੀ ਦੀਆਂ ਕਲਾਸਾਂ ਲੱਗਣਗੀਆਂ। ਇਸ ਕਰਕੇ ਸਾਰੇ ਵਿਦਿਆਰਥੀ ਆਪਣੀਆਂ ਕਲਾਸਾਂ ਵਿੱਚ ਹਾਜ਼ਰ ਹੋਣਗੇ ਤੇ ਸਾਰੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀਆਂ ਕਲਾਸਾਂ ਵਿੱਚ ਪੜ੍ਹਾਉਣ ਦੇ ਹੁਕਮ ਦਿੱਤੇ ਗਏ ਹਨ।