ਲਾਅ ਯੂਨੀਵਰਸਿਟੀ ਮਾਮਲਾ: ਵਿਦਿਆਰਥੀਆਂ ਨੇ ਕੀਤਾ ਮਾਰਚ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 8 ਅਕਤੂਬਰ
ਇੱਥੋਂ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਉਪ ਕੁਲਪਤੀ ਖ਼ਿਲਾਫ਼ ਚੱਲ ਰਿਹਾ ਸੰਘਰਸ਼ ਅੱਜ ਸਤਾਰਵੇਂ ਦਿਨ ਵੀ ਜਾਰੀ ਰਿਹਾ। ਅੱਜ ਸਾਰਾ ਦਿਨ ਕਲਾਸਾਂ ਦਾ ਬਾਈਕਾਟ ਕਰਕੇ ਵਿਦਿਆਰਥੀਆਂ ਨੇ ਵਾਈਸ ਚਾਂਸਲਰ ਵਿਰੁੱਧ ਲਾਮਬੰਦੀ ਕੀਤੀ ਤੇ ਦੇਰ ਸ਼ਾਮ ਯੂਨੀਵਰਸਿਟੀ ਦੀਆਂ ਸੜਕਾਂ ’ਤੇ ਰੋਸ ਮਾਰਚ ਕੀਤਾ, ਇਹ ਰੋਸ ਮਾਰਚ ਮੁੰਡਿਆਂ ਨੇ ਵੱਖਰਾ ਤੇ ਕੁੜੀਆਂ ਨੇ ਵੱਖਰੇ ਤੌਰ ’ਤੇ ਕੀਤਾ।
ਕੱਲ੍ਹ ਦੇਰ ਰਾਤ ਹੋਈ ਮੀਟਿੰਗ ਵਿਚ ਵਾਈਸ ਚਾਂਸਲਰ ਨੂੰ ਬੁਲਾਇਆ ਗਿਆ ਸੀ ਪਰ ਉਹ ਨਹੀਂ ਆਏ ਸਗੋਂ ਡੀਨ ਅਕਾਦਮਿਕ ਮਾਮਲੇ ਡਾ. ਵਤਸ ਨੇ ਹੀ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ, ਵਾਰ ਵਾਰ ਵੀਸੀ ਜੈ ਸ਼ੰਕਰ ਸਿੰਘ ਨੂੰ ਬੁਲਾਇਆ ਗਿਆ ਪਰ ਉਹ ਨਹੀਂ ਆਏ, ਜਿਸ ਕਰਕੇ ਵਿਦਿਆਰਥੀਆਂ ਵਿਚ ਵਾਈਸ ਚਾਂਸਲਰ ਵਿਰੁੱਧ ਹੋਰ ਰੋਸ ਪੈਦਾ ਹੋਇਆ, ਜਦ ਕਿ ਕਈ ਸਾਰੀਆਂ ਮੰਗਾਂ ਪ੍ਰਤੀ ਪ੍ਰਬੰਧਕਾਂ ਨਾਲ ਸਹਿਮਤੀ ਬਣ ਗਈ, ਜਿਸ ਕਰਕੇ ਵਿਦਿਆਰਥੀਆਂ ਨੇ ਭੁੱਖ ਹੜਤਾਲ ਖ਼ਤਮ ਕੀਤੀ ਤੇ ਵਾਈਸ ਚਾਂਸਲਰ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ। ਜ਼ਿਕਰਯੋਗ ਹੈ ਕਿ ਵਾਈਸ ਚਾਂਸਲਰ ਵਿਰੁੱਧ ਇਹ ਸੰਘਰਸ਼ 22 ਸਤੰਬਰ ਤੋਂ ਚੱਲ ਰਿਹਾ ਹੈ। ਵਿਦਿਆਰਥਣਾਂ ਨੇ ਵੀਸੀ ’ਤੇ ਹੋਸਟਲ ’ਚ ਦਾਖ਼ਲ ਹੋ ਕੇ ਚੈਕਿੰਗ ਕਰਨ ਦੇ ਦੋਸ਼ ਲਾਏ ਸਨ। ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਨੇ ਵੀ ਯੂਨੀਵਰਸਿਟੀ ਵਿੱਚ ਆ ਕੇ ਵਾਈਸ ਚਾਂਸਲਰ ਨੂੰ ਹਟਾਉਣ ਲਈ ਰਾਸ਼ਟਰਪਤੀ ਨੂੰ ਚਿੱਠੀ ਲਿਖੀ, ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਚਾਂਸਲਰ ਨੂੰ ਚਿੱਠੀ ਲਿਖ ਕੇ ਮਾਮਲੇ ਵਿੱਚ ਦਖ਼ਲ ਦੇਣ ਦੀ ਮੰਗ ਕੀਤੀ। ਇਸ ਮਗਰੋਂ ਹਾਈ ਕੋਰਟ ਦੇ ਚੀਫ ਜਸਟਿਸ ਦੀ ਆਗਿਆ ਨਾਲ ਦੋ ਮੈਂਬਰੀ ਜਾਂਚ ਕਮੇਟੀ ਬਣੀ, ਉਸ ਕਮੇਟੀ ’ਤੇ ਵੀ ਵਾਈਸ ਚਾਂਸਲਰ ਦਾ ਪੱਖ ਕਰਨ ਦਾ ਦੋਸ਼ ਵਿਦਿਆਰਥੀਆਂ ਨੇ ਲਗਾਇਆ।