ਲਾਅ ਯੂਨੀਵਰਸਿਟੀ ਮਾਮਲਾ: ਜਾਂਚ ਕਮੇਟੀ ਰਿਪੋਰਟ ਲੈ ਕੇ ਪਰਤੀ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਅਕਤੂਬਰ
ਇੱਥੋਂ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਤੇ ਵਾਈਸ ਚਾਂਸਲਰ ਵਿਚਾਲੇ ਚੱਲ ਰਿਹਾ ਵਿਵਾਦ ਨਿਬੇੜਨ ਲਈ ਹਾਈ ਕੋਰਟ ਦੇ ਚੀਫ਼ ਜਸਟਿਸ ਵੱਲੋਂ ਭੇਜੀ ਜਾਂਚ ਕਮੇਟੀ ਆਪਣੀ ਰਿਪੋਰਟ ਲੈ ਕੇ ਵਾਪਸ ਚੱਲੀ ਗਈ ਹੈ। ਇਸ ਦੌਰਾਨ ਵਿਦਿਆਰਥੀ ਆਗੂਆਂ ਨਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਤੇ ਲਾਅ ਯੂਨੀਵਰਸਿਟੀ ਦੇ ਚਾਂਸਲਰ ਸ਼ੀਲ ਨਾਗੂ ਨੇ ਫ਼ੋਨ ’ਤੇ ਗੱਲਬਾਤ ਵੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਉਹ ਰਿਪੋਰਟ ਅਨੁਸਾਰ ਅਗਲੀ ਕਾਰਵਾਈ ਕਰਨਗੇ। ਵਿਦਿਆਰਥੀਆਂ ਨੇ ਕਿਹਾ ਕਿ ਜੇ ਕਮੇਟੀ ਨੇ ਸਹੀ ਰਿਪੋਰਟ ਪੇਸ਼ ਕੀਤੀ ਤਾਂ ਵਾਈਸ ਚਾਂਸਲਰ ਦਾ ਯੂਨੀਵਰਸਿਟੀ ’ਚੋਂ ਫ਼ਾਰਗ ਹੋਣਾ ਲਾਜ਼ਮੀ ਹੈ। ਦੂਜੇ ਪਾਸੇ ਅੱਜ ਸ਼ਾਮ ਵਿਦਿਆਰਥੀਆਂ ਨੇ ਦਸਵੇਂ ਦਿਨ ’ਵਰਸਿਟੀ ਅੰਦਰ ਰੋਸ ਮਾਰਚ ਕੀਤਾ ਤੇ ਵਾਈਸ ਚਾਂਸਲਰ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਅਨੁਸਾਰ ਉਹ ਚਾਹੁੰਦੇ ਹਨ ਕਿ ਬਾਹਰੀ ਜਾਂਚ ਕਮਿਸ਼ਨ ਬਣਾਇਆ ਜਾਵੇ। ਜੇ ਬਾਹਰੀ ਜਾਂਚ ਕਮਿਸ਼ਨ ਵੀਸੀ ਨੂੰ ਨਿਰਦੋਸ਼ ਸਾਬਤ ਕਰ ਦਿੰਦਾ ਹੈ ਤਾਂ ਉਹ ਕਲਾਸਾਂ ਵਿਚ ਚਲੇ ਜਾਣਗੇ ਤੇ ਆਪਣਾ ਸੰਘਰਸ਼ ਖ਼ਤਮ ਕਰ ਦੇਣਗੇ ਪਰ ਕਮੇਟੀ ਨੇ ਕਿਹਾ ਕਿ ਉਨ੍ਹਾਂ ਦੇ ਇਹ ਅਧਿਕਾਰ ਖੇਤਰ ’ਚ ਨਹੀਂ ਹੈ ਕਿ ਉਹ ਬਾਹਰੀ ਜਾਂਚ ਕਮਿਸ਼ਨ ਬਣਾ ਦੇਣ। ਵਿਦਿਆਰਥੀਆਂ ਨੇ ਇਸ ਗੱਲ ’ਤੇ ਇਤਰਾਜ਼ ਕੀਤਾ ਕਿ ਜਾਂਚ ਕਮੇਟੀ ਵਿਚ ਸਿਰਫ਼ ਦੋ ਮੈਂਬਰ ਹੀ ਜਾਂਚ ਕਰਦੇ ਰਹੇ ਪਰ ਜੋ ਕੱਲ੍ਹ ਤਿੰਨ ਮੈਂਬਰ ਕਮੇਟੀ ਵਿਚ ਪਾਏ ਗਏ ਸਨ ਉਨ੍ਹਾਂ ਨੂੰ ਅੱਜ ਜਾਂਚ ਵਿਚ ਸ਼ਾਮਲ ਨਹੀਂ ਕੀਤਾ ਗਿਆ।