ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ: ਦੀਪੇਂਦਰ ਹੁੱਡਾ
ਦਵਿੰਦਰ ਸਿੰਘ
ਯਮੁਨਾਨਗਰ, 21 ਸਤੰਬਰ
ਲੋਕ ਸਭਾ ਮੈਂਬਰ ਦੀਪੇਂਦਰ ਹੁੱਡਾ ਨੇ ਅੱਜ ਕਮਿਊਨਿਟੀ ਸੈਂਟਰ ਗੁਮਥਲਾ ਵਿੱੱਚ ਰਾਦੌਰ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਬਿਸ਼ਨ ਲਾਲ ਸੈਣੀ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਸ੍ਰੀ ਹੁੱਡਾ ਨੇ ਸੂਬੇ ਦੀ ਮਾੜੀ ਕਾਨੂੰਨ ਵਿਵਸਥਾ, ਬੇਰੁਜ਼ਗਾਰੀ, ਨਸ਼ਿਆਂ ਦੀ ਸਮੱਸਿਆ, ਨੌਜਵਾਨਾਂ ਦੇ ਪਰਵਾਸ ਅਤੇ 10 ਸਾਲਾਂ ਤੋਂ ਰੁਕੇ ਵਿਕਾਸ ਦੇ ਮੁੱਦਿਆਂ ’ਤੇ ਭਾਜਪਾ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਵਿਗੜ ਰਹੀ ਹੈ। ਜ਼ਿਕਰਯੋਗ ਕਿ ਬੀਤੇ ਦਿਨ ਕਾਲਕਾ ਤੋਂ ਕਾਂਗਰਸੀ ਉਮੀਦਵਾਰ ਦੇ ਕਾਫਲੇ ’ਤੇ ਕਿਸੇ ਨੇ ਹਮਲਾ ਕਰ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਦਾ ਸਾਥੀ ਜ਼ਖ਼ਮੀ ਹੋ ਗਿਆ ਸੀ । ਉਨ੍ਹਾਂ ਕਿਹਾ ਸੂਬੇ ਭਰ ਦੇ ਵਪਾਰੀਆਂ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਅਪਰਾਧੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਹਰਿਆਣਾ ਛੱਡ ਦੇਣ ਜਾਂ ਅਪਰਾਧ ਛੱਡ ਦੇਣ। ਕਾਂਗਰਸ ਦੀ ਸਰਕਾਰ ਆਉਣ ’ਤੇ ਅਸੀਂ ਵਪਾਰੀਆਂ ਲਈ ਹਰਿਆਣਾ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਕਰਕੇ ਨਿਵੇਸ਼ ਲਈ ਸੁਖਾਵਾਂ ਮਾਹੌਲ ਸਿਰਜਾਂਗੇ ਅਤੇ ਸੂਬੇ ਨੂੰ ਅਪਰਾਧ ਮੁਕਤ ਬਣਾਵਾਂਗੇ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦੇ ਸ਼ਾਸਨ ਵਿੱਚ ਹਰਿਆਣਾ ਵਿਕਾਸ ਦੀ ਪਟੜੀ ਤੋਂ ਉਤਰ ਗਿਆ ਹੈ। ਲੋਕਾਂ ਨੇ ਹੁਣ ਭਾਜਪਾ ਦੀ ਸਰਕਾਰ ਬਦਲਣ ਦਾ ਮਨ ਬਣਾ ਲਿਆ ਹੈ ਅਤੇ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਭਾਜਪਾ ਦਾ ਲਾਇਸੈਂਸ ਰੱਦ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਅੱਜ ਪੂਰੇ ਸੂਬੇ ਵਿੱਚ ਇੱਕ ਹੀ ਆਵਾਜ਼ ਗੂੰਜ ਰਹੀ ਹੈ ਕਿ ਭਾਜਪਾ ਜਾ ਰਹੀ ਹੈ ਅਤੇ ਕਾਂਗਰਸ ਦੀ ਸਰਕਾਰ ਆਉਣ ਵਾਲੀ ਹੈ । ਉਨ੍ਹਾਂ ਅੱਜ ਨੀਲੋਖੇੜੀ, ਰਾਦੌਰ, ਪੁੰਡਰੀ ਅਤੇ ਗਨੌਰ ਵਿਧਾਨ ਸਭਾ ਦਾ ਦੌਰਾ ਕੀਤਾ ਅਤੇ ਕਾਂਗਰਸੀ ਉਮੀਦਵਾਰਾਂ ਧਰਮਪਾਲ ਗੌਂਡਰ, ਬਿਸ਼ਨ ਲਾਲ ਸੈਣੀ, ਸੁਲਤਾਨ ਸਿੰਘ ਜਡੋਲਾ ਅਤੇ ਕੁਲਦੀਪ ਸ਼ਰਮਾ ਲਈ ਵੋਟਾਂ ਮੰਗੀਆਂ ।