ਦਿੱਲੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜੀ: ਭਾਰਦਵਾਜ
ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਅਕਤੂਬਰ
ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਇੱਕ ਅਖਬਾਰ ਵਿੱਚ ਖਬਰ ਛਪੀ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਇੱਕ ਵਪਾਰੀ ਦੇ ਗੁਦਾਮ ਵਿੱਚ ਗੋਲੀ ਚਲਾ ਦਿੱਤੀ ਅਤੇ ਵਪਾਰੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਸਾਰੇ ਵਪਾਰੀ ਅਤੇ ਦੁਕਾਨਦਾਰ ਸਹਿਮੇ ਹੋਏ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਕੀਤੀ ਜਾਵੇ। ਇਸ ਦੌਰਾਨ ਸੌਰਭ ਭਾਰਦਵਾਜ ਨੇ ਦਿੱਲੀ ਪੁਲੀਸ ਵੱਲੋਂ ਜਨਤਕ ਇਕੱਠਾਂ ’ਤੇ ਲਗਾਈਆਂ ਪਾਬੰਦੀਆਂ ਹਟਣ ਨੂੰ ਲੋਕਾਂ ਦੀ ਜਿੱਤ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਦਿੱਲੀ ਪੁਲੀਸ ਨੇ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਉਣ ਦਾ ਹੁਕਮ ਜਾਰੀ ਕੀਤਾ ਸੀ। ਇਸ ਤੋਂ ਬਾਅਦ ਪੁਲੀਸ ਨੇ ਪਹਿਲਾਂ ਪ੍ਰਵਾਨਿਤ ਸਰਕਾਰੀ ਪ੍ਰੋਗਰਾਮ ਵੀ ਰੋਕ ਦਿੱਤੇ।
ਸੌਰਭ ਭਾਰਦਵਾਜ ਅਨੁਸਾਰ ਇਹ ਆਦੇਸ਼ ਨਰਾਤਿਆਂ ਦੀ ਸ਼ੁਰੂਆਤ ਵਿੱਚ ਆਏ, ਜਿਸ ਨਾਲ ਹਿੰਦੂ ਸ਼ਰਧਾਲੂਆਂ ਵਿੱਚ ਰੋਹ ਪੈਦਾ ਹੋ ਗਿਆ ਕਿਉਂਕਿ ਇਸ ਆਦੇਸ਼ ਨਾਲ ਨਰਾਤੇ, ਮੰਦਰ ਦਰਸ਼ਨ, ਜਾਗਰਣ, ਮਾਤਾ ਦੀ ਚੌਂਕੀ ਅਤੇ ਇੱਥੋਂ ਤੱਕ ਕਿ ਰਾਮਲੀਲਾ ਦੇ ਸਮਾਗਮਾਂ ਵਿੱਚ ਵੀ ਰੁਕਾਵਟ ਆ ਰਹੀ ਸੀ। ਸੌਰਭ ਭਾਰਦਵਾਜ ਨੇ ਕਿਹਾ ਕਿ ਕਾਲਕਾਜੀ ਮੰਦਿਰ ਦੇ ਪੁਜਾਰੀ ਨੇ ਇਸ ਮਾਮਲੇ ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ।
ਉਨ੍ਹਾਂ ਕਿਹਾ ਕਿ ਅੱਜ ਦੀ ਸੁਣਵਾਈ ਦੌਰਾਨ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰਦੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦਿੱਲੀ ਪੁਲੀਸ ਦੇ ਹੁਕਮਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ। ਸੌਰਭ ਭਾਰਦਵਾਜ ਨੇ ਇਸ ਨੂੰ ਦਿੱਲੀ ਦੇ ਲੋਕਾਂ ਦੀ ਵੱਡੀ ਜਿੱਤ ਅਤੇ ਉਪ ਰਾਜਪਾਲ ਲਈ ਵੱਡੀ ਹਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ‘ਤਾਨਾਸ਼ਾਹੀ’ ਹੁਕਮ ਭਾਰਤ ਵਰਗੇ ਦੇਸ਼ ਵਿੱਚ ਨਹੀਂ ਚੱਲ ਸਕਦੇ। ਇਹ ਉਪ ਰਾਜਪਾਲ ਲਈ ਸ਼ਰਮਨਾਕ ਹਾਰ ਹੈ ਜੋ ਦਿੱਲੀ ਦੇ ਲੋਕਾਂ ’ਤੇ ਥੋਪ ਦਿੱਤੀ ਗਈ ਸੀ। ਕੇਂਦਰ ਸਰਕਾਰ ਅਤੇ ਉਸ ਦੇ ਵਕੀਲ ਜਾਣਦੇ ਸਨ ਕਿ ਅਜਿਹੇ ਬੇਤੁਕੇ ਹੁਕਮ ਇੱਕ ਪ੍ਰਭੂਸੱਤਾ ਸੰਪੰਨ, ਆਜ਼ਾਦ ਦੇਸ਼ ਵਿੱਚ ਲਾਗੂ ਨਹੀਂ ਕੀਤੇ ਜਾ ਸਕਦੇ ਹਨ।