ਦੇਸ਼ ਦਾ ਪਹਿਲਾ ਐਕਸ-ਰੇਅ ਪੋਲਰੀਮੀਟਰ ਉਪਗ੍ਰਹਿ ਲਾਂਚ
* ਅਮਰੀਕਾ ਮਗਰੋਂ ਬਲੈਕ ਹੋਲ ਦਾ ਅਧਿਐਨ ਕਰਨ ਵਾਲਾ ਦੂਜਾ ਮੁਲਕ ਬਣਿਆ ਭਾਰਤ
* 10 ਹੋਰ ਸੈਟੇਲਾਈਟਾਂ ਵੀ ਨਾਲ ਲੈ ਕੇ ਗਿਆ ਪੀਐੱਸਐੱਲਵੀ
* ਇਕ ਪੇਲੋਡ ਮਹਿਲਾ ਵਿਗਿਆਨੀਆਂ ਵੱਲੋਂ ਤਿਆਰ
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 1 ਜਨਵਰੀ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੁਲਾੜ ’ਚ ਬਲੈਕ ਹੋਲ ਦੇ ਅਧਿਐਨ ’ਚ ਮਦਦ ਕਰਨ ਵਾਲੇ ਆਪਣੇ ਪਹਿਲੇ ਐਕਸ-ਰੇਅ ਪੋਲਰੀਮੀਟਰ ਉਪਗ੍ਰਹਿ ਦੀ ਅੱਜ ਸਫਲਤਾ ਨਾਲ ਲਾਂਚ ਕਰਨ ਦੇ ਨਾਲ ਸਾਲ 2024 ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਭਾਰਤ ਆਕਾਸ਼ ਮੰਡਲ ਦੇ ਅਜਿਹੇ ਤੱਤਾਂ ’ਤੇ ਪ੍ਰਯੋਗ ਕਰਨ ਵਾਲਾ ਦੂਜਾ ਦੇਸ਼ ਬਣ ਗਿਆ ਹੈ। ਪੀਐੱਸਐੱਲਵੀ ਇਸ ਦੇ ਨਾਲ ਹੀ ਦਸ ਹੋਰ ਉਪ ਗ੍ਰਹਿ ਵੀ ਲੈ ਕੇ ਗਿਆ ਹੈ।
ਇਸਰੋ ਦੇ ਸਭ ਤੋਂ ਭਰੋਸੇਮੰਦ ਧਰੁਵੀ ਉਪਗ੍ਰਹਿ ਲਾਂਚ ਵਾਹਨ (ਪੀਐੱਸਐੱਲਵੀ) ਰਾਹੀਂ ਪੁਲਾੜ ’ਚ ਲਿਜਾਣ ਵਾਲੇ ਪੇਲੋਡ ’ਚੋਂ ਇੱਕ ਮਹਿਲਾਵਾਂ ਨੇ ਬਣਾਇਆ ਹੈ ਜਿਸ ਕਾਰਨ ਭਾਰਤੀ ਪੁਲਾੜ ਏਜੰਸੀ ਨੇ ਇਸ ਨੂੰ ਦੇਸ਼ ਲਈ ਪ੍ਰੇਰਨਾ ਸਰੋਤ ਦੱਸਿਆ ਹੈ। ਪੀਐੱਸਐੱਲਵੀ-ਸੀ58 ਰਾਕੇਟ ਆਪਣੇ 60ਵੇਂ ਮਿਸ਼ਨ ’ਤੇ ਮੁੱਖ ਪੇਲੋਡ ਐਕਸਪੋਸੈਟ ਲੈ ਕੇ ਗਿਆ ਹੈ ਅਤੇ ਉਸ ਨੂੰ ਧਰਤੀ ਦੀ 650 ਕਿਲੋਮੀਟਰ ਹੇਠਲੀ ਧੁਰੀ ’ਚ ਸਥਾਪਤ ਕੀਤਾ ਗਿਆ ਹੈ। ਬਾਅਦ ਵਿੱਚ ਵਿਗਿਆਨੀਆਂ ਨੇ ਪੀਐੱਸਐੱਲਵੀ ਆਰਬਿਟਲ ਐਕਸਪੈਰੀਮੈਂਟਲ ਮਾਡਿਊਲ (ਪੀਓਈਐੱਮ) ਦੀ ਵਰਤੋਂ ਕਰਨ ਲਈ ਉੱਪ ਗ੍ਰਹਿ ਦੀ ਧੁਰੀ ਨੂੰ ਘੱਟ ਕਰਕੇ ਇਸ ਦੀ ਉਚਾਈ 350 ਕਿਲੋਮੀਟਰ ਕਰ ਦਿੱਤੀ।
ਮਿਸ਼ਨ ਕੰਟਰੋਲ ਕੇਂਦਰ ’ਚ ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਕਿਹਾ, ‘ਤੁਹਾਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ। ਇੱਕ ਜਨਵਰੀ 2024 ਨੂੰ ਪੀਐੱਸਐੱਲਵੀ ਦੀ ਇੱਕ ਹੋਰ ਸਫਲ ਮੁਹਿੰਮ ਪੂਰੀ ਹੋਈ। ਪੀਐੱਸਐੱਲਵੀ-ਸੀ58 ਨੇ ਪ੍ਰਮੁੱਖ ਉੱਪ ਗ੍ਰਹਿ ਐਕਸਪੋਸੈਟ ਨੂੰ ਨਿਰਧਾਰਤ ਧੁਰੀ ’ਚ ਸਥਾਪਤ ਕਰ ਦਿੱਤਾ ਹੈ।’ ਐਕਸਪੋਸੈਟ ਐੱਕਸ-ਰੇਅ ਸਰੋਤ ਦੇ ਰਹੱਸਾਂ ਦਾ ਪਤਾ ਲਾਉਣ ਅਤੇ ‘ਬਲੈਕ ਹੋਲ’ ਦੀ ਰਹੱਸਮਈ ਦੁਨੀਆ ਦਾ ਅਧਿਐਨ ਕਰਨ ’ਚ ਮਦਦ ਕਰੇਗਾ। ਇਹ ਅਜਿਹਾ ਅਧਿਐਨ ਕਰਨ ਲਈ ਇਸਰੋ ਦਾ ਪਹਿਲਾ ਸਮਰਪਿਤ ਵਿਗਿਆਨਕ ਉਪਗ੍ਰਹਿ ਹੈ। ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਦਸੰਬਰ 2021 ’ਚ ਸੁਪਰਨੋਵਾ ਧਮਾਕੇ ਦੇ ਅਵਸ਼ੇਸ਼ਾਂ, ਬਲੈਕ ਹੋਲ ’ਚੋਂ ਨਿਕਲਣ ਵਾਲੇ ਕਣਾਂ ਅਤੇ ਹੋਰ ਅਸਮਾਨੀ ਘਟਨਾਵਾਂ ਦਾ ਅਜਿਹਾ ਹੀ ਅਧਿਐਨ ਕੀਤਾ ਸੀ। ਸੋਮਨਾਥ ਪੁਲਾੜ ਵਿਭਾਗ ਦੇ ਸਕੱਤਰ ਵੀ ਹਨ। ਉਨ੍ਹਾਂ ਕਿਹਾ ਕਿ ਉਪਗ੍ਰਹਿ ਦੇ ਸੋਲਰ ਪੈਨਲ ਨੂੰ ਸਫਲਤਾ ਨਾਲ ਸਥਾਪਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਦੀ ਸਮਾਂ ਮਿਆਦ ਤਕਰੀਬਨ ਪੰਜ ਸਾਲ ਹੈ ਤੇ ਆਸ ਹੈ ਕਿ ਐਕਸਪੋਸੈਟ ਦੁਨੀਆ ਭਰ ’ਚ ਪੁਲਾੜ ਵਿਗਿਆਨ ਭਾਈਚਾਰੇ ਨੂੰ ਕਾਫੀ ਲਾਭ ਪਹੁੰਚਾਏਗਾ। ਪੀਐੱਸਐੱਲਵੀ ਨੇ ਇੱਥੇ ਲਾਂਚਿੰਗ ਪੈਡ ਤੋਂ ਸਵੇਰੇ 9.10 ਵਜੇ ਉਡਾਣ ਭਰੀ ਸੀ। ਇਸ ਦੌਰਾਨ ਵੱਡੀ ਗਿਣਤੀ ’ਚ ਇੱਥੇ ਆਏ ਲੋਕਾਂ ਨੇ ਜ਼ੋਰਦਾਰ ਤਾੜੀਆਂ ਮਾਰੀਆਂ। -ਪੀਟੀਆਈ
ਗਗਨਯਾਨ ਦੀਆਂ ਤਿਆਰੀਆਂ ਦਾ ਸਾਲ ਹੋਵੇਗਾ 2024: ਸੋਮਨਾਥ
ਸ੍ਰੀਹਰੀਕੋਟਾ: ਇਸਰੋ ਦੇ ਪ੍ਰਧਾਨ ਐੱਸ ਸੋਮਨਾਥ ਨੇ ਅੱਜ ਇੱਥੇ ਕਿਹਾ ਕਿ ਪੁਲਾੜ ਏਜੰਸੀ ਨੇ ਆਪਣੀ ਅਹਿਮ ਮਨੁੱਖੀ ਮੁਹਿੰਮ ‘ਗਗਨਯਾਨ’ ਲਈ ਇਸ ਸਾਲ ਅਜ਼ਮਾਇਸ਼ਾਂ ਦੀ ਇੱਕ ਲੜੀ ਤਿਆਰ ਕੀਤੀ ਹੈ ਅਤੇ 2024 ‘ਗਗਨਯਾਨ ਦੀਆਂ ਤਿਆਰੀਆਂ’ ਦਾ ਸਾਲ ਹੋਵੇਗਾ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ, ‘ਅਸੀਂ ਇਸ ਸਾਲ ਘੱਟ ਤੋਂ ਘੱਟ 12-14 ਪ੍ਰਾਜੈਕਟਾਂ ਲਈ ਤਿਆਰ ਹੋਣ ਜਾ ਰਹੇ ਹਾਂ। 2024 ਗਗਨਯਾਨ ਦੀਆਂ ਤਿਆਰੀਆਂ ਦਾ ਸਾਲ ਹੋਣ ਜਾ ਰਿਹਾ ਹੈ ਹਾਲਾਂਕਿ ਇਸ ਨੂੰ 2025 ਲਈ ਤੈਅ ਕੀਤਾ ਗਿਆ ਹੈ।’ ਉਨ੍ਹਾਂ ਕਿਹਾ, ‘ਗਗਨਯਾਨ ਮੁਹਿੰਮ ਟੀਵੀ-ਡੀ1 ਜਾਂ ‘ਐਬਾਰਟ’ ਮੁਹਿੰਮ (ਅਕਤੂਬਰ 2023 ’ਚ ਮੁਕੰਮਲ ਹੋਣ) ਦੇ ਨਾਲ ਸ਼ੁਰੂ ਹੋਈ ਸੀ। ਸਾਡੇ ਕੋਲ ਇਸ ਲੜੀ ਤਹਿਤ ਚਾਰ ਪ੍ਰਾਜੈਕਟ ਹਨ। ਸਾਡਾ ਟੀਚਾ 2024 ’ਚ ਘੱਟ ਤੋਂ ਘੱਟ ਦੋ ਹੋਰ ਪ੍ਰਾਜੈਕਟ ਮੁਕੰਮਲ ਕਰਨ ਦਾ ਹੈ।’ -ਪੀਟੀਆਈ
ਪ੍ਰਧਾਨ ਮੰਤਰੀ ਤੇ ਹੋਰਾਂ ਵੱਲੋਂ ਇਸਰੋ ਨੂੰ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸਰੋ ਦੇ ਪਹਿਲੇ ਐਕਸ-ਰੇਅ ਪੋਲਰੀਮੀਟਰ ਉੱਪਗ੍ਰਹਿ ਦੀ ਸਫਲ ਲਾਂਚਿੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪੁਲਾੜ ਖੇਤਰ ’ਚ ਭਾਰਤ ਦਾ ਹੁਨਰ ਵਧੇਗਾ। ਮੋਦੀ ਨੇ ‘ਐੱਕਸ’ ’ਤੇ ਪੋਸਟ ਕੀਤਾ, ‘ਸਾਲ 2024 ਦੀ ਸ਼ਾਨਦਾਰ ਸ਼ੁਰੂਆਤ, ਸਾਡੇ ਵਿਗਿਆਨੀਆਂ ਦਾ ਸ਼ੁਕਰੀਆ। ਇਹ ਲਾਂਚਿੰਗ ਪੁਲਾੜ ਖੇਤਰ ਲਈ ਵੱਡੀ ਖ਼ਬਰ ਹੈ ਅਤੇ ਇਸ ਖੇਤਰ ’ਚ ਭਾਰਤ ਦਾ ਹੁਨਰ ਵਧੇਗਾ। ਭਾਰਤ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਇਸਰੋ ’ਚ ਸਾਡੇ ਵਿਗਿਆਨੀਆਂ ਤੇ ਸਾਰੇ ਪੁਲਾੜ ਵਿਗਿਆਨੀ ਭਾਈਚਾਰੇ ਨੂੰ ਸ਼ੁਭਕਾਮਨਾਵਾਂ।’ ਇਸੇ ਤਰ੍ਹਾਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸਰੋ ਦੀ ਸ਼ਲਾਘਾ ਕਰਦਿਆਂ ਉਮੀਦ ਜ਼ਾਹਿਰ ਕੀਤੀ ਕਿ ਅਜਿਹੇ ਸਫਲ ਮਿਸ਼ਨ ਲੋਕਾਂ ਵਿੱਚ ਵਿਗਿਆਨਿਕ ਸੋਚ ਪੈਦਾ ਕਰਨਗੇ। ਇਸੇ ਦੌਰਾਨ ਕਾਂਗਰਸ ਆਗੂ ਪਿ੍ਰਯੰਕਾ ਗਾਂਧੀ ਨੇ ਵੀ ਇਸਰੋ ਨੂੰ ਵਧਾਈ ਦਿੱਤੀ। -ਪੀਟੀਆਈ