ਮੀਤ ਹੇਅਰ ਵੱਲੋਂ ‘ਪਹਿਲ ਹੌਜ਼ਰੀ ਆਜੀਵਿਕਾ’ ਦਾ ਆਗਾਜ਼
ਪੱਤਰ ਪ੍ਰੇਰਕ
ਸ਼ਹਿਣਾ/ਪੱਖੋ ਕੈਂਚੀਆਂ, 18 ਜਨਵਰੀ
ਸੂਬਾ ਸਰਕਾਰ ਦੇ ਪ੍ਰਾਜੈਕਟ ਪਹਿਲ ਤਹਿਤ ਪਹਿਲ ਹੌਜ਼ਰੀ ਆਜੀਵਿਕਾ ਦਾ ਆਗਾਜ਼ ਅੱਜ ਨੇੜਲੇ ਪਿੰਡ ਮੌੜ ਨਾਭਾ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪਿੰਡ ਮੌੜ ਨਾਭਾ ਵਿਖੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲ ਪ੍ਰਾਜੈਕਟ ਤਹਿਤ ਸਾਰੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵੱਲੋਂ ਵਰਦੀਆਂ ਦਿੱਤੀਆਂ ਜਾਣਗੀਆਂ, ਜਿਸ ਨੂੰ ਔਰਤਾਂ ਦੇ ਸਵੈ ਸੇਵੀ ਗਰੁੱਪ ਤਿਆਰ ਕਰਨਗੇ। ਪਿੰਡ ਮੌੜ ਨਾਭਾ ਵਿੱਚ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਮਾਰਤ ਵਿੱਚ ਇਹ ਕੇਂਦਰ ਸ਼ੁਰੂ ਕੀਤਾ ਗਿਆ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ 14 ਮਸ਼ੀਨਾਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਦਿੱਤੀਆਂ ਗਈਆਂ ਹਨ। ਜ਼ਿਲ੍ਹੇ ਵਿੱਚ ਗਰੀਬ ਪੇਂਡੂ ਔਰਤਾਂ ਦੇ ਲਗਪਗ 800 ਦੇ ਕਰੀਬ ਸਵੈ-ਸਹਾਇਤਾ ਸਮੂਹ ਚੱਲ ਰਹੇ ਹਨ। ਸੂਬਾ ਸਰਕਾਰ ਵੱਲੋਂ ਇਨ੍ਹਾਂ ਔਰਤਾਂ ਦਾ ਜੀਵਨ ਪੱਧਰ ਉਪਰ ਚੁੱਕਣ ਲਈ ਰੁਜ਼ਗਰ ਦਾ ਮੌਕਾ ਮੁੱਹਈਆ ਕਰਵਾਉਣ ਲਈ ਪਹਿਲ ਪ੍ਰਾਜੈਕਟ ਉਲੀਕਿਆ ਗਿਆ। ਪੰਜਾਬ ਸਰਕਾਰ ਦਾ ਇਹ ਪਹਿਲ ਪ੍ਰੋਜੈਕਟ ਸਵੈ-ਸਹਾਇਤਾ ਸਮੂਹ ਦੀਆਂ ਔਰਤਾਂ ਲਈ ਵਰਦਾਨ ਸਿੱਧ ਹੋਵੇਗਾ। ਮੀਤ ਹੇਅਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਚੱਲ ਰਹੀ ਸਕੀਮ ਪੰਜਾਬ ਸੂਬਾ ਪੇਂਡੂ ਆਜੀਵੀਕਾ ਮਿਸ਼ਨ ਰਾਹੀਂ ਜ਼ਿਲ੍ਹਾ ਬਰਨਾਲਾ ਨੂੰ 40 ਲੱਖ ਰੁਪਏ ਫੰਡ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਪ੍ਰਤੀ ਮਹਿਲਾ ਇਕ ਵਰਦੀ ਬਣਾਉਣ ਦੇ 60 ਰੁਪਏ ਦਿੱਤੇ ਜਾਣਗੇ ਅਤੇ ਜਦ ਵੀ ਗਰੁੱਪ ਨੂੰ ਮੁਨਾਫਾ ਹੋਵੇਗਾ ਉਸ ਵਿਚੋਂ ਵੀ ਮਹਿਲਾਵਾਂ ਨੂੰ ਹਿੱਸਾ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਤੇ ਆਪ ਆਗੂ ਵੀ ਹਾਜ਼ਰ ਸਨ।