ਨਾਗਰਿਕ ਸੇਵਾਵਾਂ ਲਈ ਚੈਟਬੋਟ ‘ਬੀਰਬਲ’ ਦੀ ਸ਼ੁਰੂਆਤ
ਮੁਕੇਸ਼ ਕੁਮਾਰ
ਚੰਡੀਗੜ੍ਹ, 3 ਨਵੰਬਰ
ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ (ਸੀਐਸਸੀਐਲ) ਨੇ ਕੁਸ਼ਲ ਤੇ ਉਪਭੋਗਤਾ-ਅਨੁਕੂਲ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਨਾਗਰਿਕ-ਕੇਂਦ੍ਰਤਿ ਸੇਵਾਵਾਂ ਸਬੰਧੀ ‘ਬੀਰਬਲ’ ਦੇ ਨਾਮ ਨਾਲ ਇੱਕ ਨਵੀਨਤਾਕਾਰੀ ਚੈਟਬੋਟ ਲਾਂਚ ਕੀਤਾ ਹੈ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੀ ਸੀਈਓ ਤੇ ਨਗਰ ਨਿਗਮ ਚੰਡੀਗੜ੍ਹ ਦੀ ਕਮਿਸ਼ਨਰ ਆਨਿੰਦਤਿਾ ਮਿੱਤਰਾ ਨੇ ਸ਼ੁੱਕਰਵਾਰ ਨੂੰ ਇਸ ਪਹਿਲਕਦਮੀ ਦੀ ਸ਼ੁੱਕਰਵਾਰ ਨੂੰ ਘੁੰਡ ਚੁਕਾਈ ਕੀਤੀ।
ਇਸ ਪਹਿਲਕਦਮੀ ਬਾਰੇ ਵੇਰਵੇ ਸਾਂਝੇ ਕਰਦੇ ਹੋਏ ਸੀਐੱਸਸੀਐੱਲ ਦੀ ਸੀਈਓ ਮਿੱਤਰਾ ਨੇ ਦੱਸਿਆ ਕਿ ਇੰਟਰਐਕਟਿਵ ਚੈਟ-ਆਧਾਰਤ ਇੰਟਰਫੇਸ ‘ਬੀਰਬਲ’ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਚੰਡੀਗੜ੍ਹ ਵੱਲੋਂ ਪ੍ਰਦਾਨ ਕੀਤੀਆਂ ਸਾਰੀਆਂ ਪ੍ਰਮੁੱਖ ਨਾਗਰਿਕ ਸੇਵਾਵਾਂ ਨੂੰ ਇੱਕ ਸਹਜਿ ਪਲੈਟਫਾਰਮ ਵਿੱਚ ਮਿਲਾ ਦਿੱਤਾ ਹੈ। ਇਸ ਦਾ ਮੁੱਖ ਉਦੇਸ਼ ਸਹੀ ਜਾਣਕਾਰੀ ਪ੍ਰਦਾਨ ਕਰਨਾ ਅਤੇ ਨਾਗਰਿਕਾਂ ਨੂੰ ਉਚਤਿ ਸਰੋਤਾਂ ਲਈ ਮਾਰਗਦਰਸ਼ਨ ਕਰਨਾ ਹੈ। ਬੀਰਬਲ ਚੈਟਬੋਟ ਜ਼ਰੀਏ ਨਾਗਰਿਕਾਂ ਦੀ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਦੁਆਰਾ ਪੇਸ਼ ਕੀਤੀਆਂ ਜਾਣ ਵਾਲੀਆਂ ਪ੍ਰਮੁੱਖ ਸੇਵਾਵਾਂ ਬਾਰੇ ਵਿਆਪਕ ਜਾਣਕਾਰੀ ਤੱਕ ਪਹੁੰਚ ਹੋਵੇਗੀ। ਇਸ ਨਾਲ ਇਹ ਸੂਚਨਾ ਪ੍ਰਸਾਰਨ ਅਤੇ ਸ਼ਿਕਾਇਤ ਨਿਵਾਰਨ ਲਈ ਵਨ-ਸਟਾਪ ਪਲੈਟਫਾਰਮ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਰਬਲ ਵਿੱਚ ਵਿਸ਼ੇਸ਼ ਤੌਰ ’ਤੇ ਵਾਇਸ ਸਹਾਇਤਾ, ਲਾਈਵ ਏਜੰਟ ਸਹਾਇਤਾ ਅਤੇ ਏਆਈ-ਆਧਾਰਤ ਜਵਾਬ ਅਪਡੇਟਸ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਬੀਰਬਲ ਨਾਗਰਿਕਾਂ ਨੂੰ ਚੰਡੀਗੜ੍ਹ ਵਿੱਚ ਸਾਰੀਆਂ ਸੇਵਾਵਾਂ ਲਈ ਸਿੱਧੇ ਸੁਝਾਅ ਅਤੇ ਫੀਡਬੈਕ ਪ੍ਰਦਾਨ ਕਰਨ ਦੇ ਯੋਗ ਬਣਾਉਂਦਾ ਹੈ। ਅਜਿਹੇ ਮਾਮਲਿਆਂ ਵਿੱਚ ਜਿੱਥੇ ਚੈਟਬੋਟ ਖਾਸ ਸਵਾਲਾਂ ਨੂੰ ਹੱਲ ਨਹੀਂ ਕਰ ਸਕਦਾ ਹੈ, ਨਾਗਰਿਕਾਂ ਲਈ ਸਮਰਪਤਿ ਸਹਾਇਤਾ ਅਪਰੇਟਰਾਂ ਨਾਲ ਜੁੜਨ ਲਈ ਇੱਕ ਲਾਈਵ ਚੈਟ ਵਿਕਲਪ ਉਪਲਬਧ ਹੈ, ਜੋ ਤੁਰੰਤ ਸਹੀ ਜਾਣਕਾਰੀ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਇਹ ਚੈਟਬੋਟ ਸਮੁੱਚੇ ਨਾਗਰਿਕਾਂ ਦੇ ਅਨੁਭਵ ਨੂੰ ਵਧਾਏਗਾ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਵਿਕਾਸ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਸਮਰੱਥ ਬਣਾਵੇਗਾ।
ਇਸ ਮੌਕੇ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਗੁਰਿੰਦਰ ਸਿੰਘ ਸੋਢੀ ਅਤੇ ਸਮਾਰਟ ਸਿਟੀ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।