ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ ਇਤਿਹਾਸਕ ਫ਼ੈਸਲਿਆਂ ਬਾਰੇ ਪੇਜ ਲਾਂਚ
ਨਵੀਂ ਦਿੱਲੀ, 27 ਸਤੰਬਰ
The ‘Landmark Judgment Summaries' webpage: ਆਮ ਜਨਤਾ ਵੱਲ ਕੇਂਦਰਿਤ ਇਕ ਹੋਰ ਪਹਿਲਕਦਮੀ ਦੌਰਾਨ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਉਤੇ ਇਕ ਨਵਾਂ ਪੇਜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਉਤੇ ਦੇਸ਼ ਦੀ ਸਿਖਰਲੀ ਅਦਾਲਤ ਵੱਲੋਂ ਸੁਣਾਏ ਗਏ ਅਹਿਮ ਇਤਿਹਾਸਕ ਫ਼ੈਸਲਿਆਂ ਦੇ ਸਾਰ ਅੰਸ਼ ਉਪਲਬਧ ਕਰਵਾਏ ਗਏ ਹਨ।
ਸੁਪਰੀਮ ਕੋਰਟ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਇਸ ਪਹਿਲਕਦਮੀ ਰਾਹੀਂ ਦੇਸ਼ ਵਾਸੀਆਂ ਲਈ ਸੁਪਰੀਮ ਕੋਰਟ ਦੇ ਅਹਿਮ ਫ਼ੈਸਲਿਆਂ ਨੂੰ ਸਮਝਣਾ ਆਸਾਨ ਬਣਾਵੇਗੀ। ਇਹ ਕਾਰਵਾਈ ਦੇਸ਼ ਦੇ ਨਾਗਰਿਕਾਂ ਨੂੰ ਸੂਚਿਤ ਕਰਨ, ਉਨ੍ਹਾਂ ਵਿਚ ਕਾਨੂੰਨ ਸਬੰਧੀ ਜਾਗਰੂਕਤਾ ਫੈਲਾਉਣ ਅਤੇ ਆਮ ਜਨਤਾ ਦਾ ਕਾਨੂੰਨ ਤੇ ਕਾਨੂੰਨੀ ਪ੍ਰਕਿਰਿਆ ਨਾਲ ਮੇਲਜੋਲ ਵਧਾਉਣ ਦੇ ਵਡੇਰੇ ਟੀਚੇ ਨੂੰ ਪੂਰਾ ਕਰਨ ਲਈ ਅਮਲ ਵਿਚ ਲਿਆਂਦੀ ਗਈ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਸਮਾਜਿਕ ਜੀਵਨ ਦੇ ਵੱਖ-ਵੱਖ ਪੱਖਾਂ ਉਤੇ ਵਿਆਪਕ ਅਸਰ ਪੈਂਦਾ ਹੈ, ਪਰ ਗੁੰਝਲਦਾਰ ਕਾਨੂੰਨੀ ਭਾਸ਼ਾ ਅਤੇ ਫ਼ੈਸਲੇ ਬਹੁਤ ਜ਼ਿਆਦਾ ਲੰਮੇ ਹੋਣ ਕਾਰਨ ਆਮ ਲੋਕਾਂ ਲਈ ਇਨ੍ਹਾਂ ਨੂੰ ਸਮਝਣਾ ਔਖਾ ਹੋ ਜਾਂਦਾ ਹੈ ਅਤੇ ਇਸ ਦੇ ਸਿੱਟੇ ਵਜੋਂ ਫ਼ੈਸਲਿਆਂ ਸਬੰਧੀ ਗ਼ਲਤ ਧਾਰਨਾਵਾਂ ਵੀ ਬਣ ਸਕਦੀਆਂ ਹਨ, ਜਿਸ ਕਾਰਨ ਇਹ ਪੇਜ ਸ਼ੁਰੂ ਕੀਤਾ ਗਿਆ ਹੈ।
ਸੁਪਰੀਮ ਕੋਰਟ ਦੀ ਅਧਿਕਾਰਤ ਵੈੱਬਸਾਈਟ ਉਤੇ ਸ਼ੁਰੂ ਕੀਤੇ ਗਏ ਇਸ ਵੈੱਬ ਪੇਜ, ਜਿਸ ਨੂੰ ‘ਲੈਂਡਮਾਰਕ ਜਜਮੈਂਟ ਸਮਰੀਜ਼’ (‘Landmark Judgment Summaries') ਦਾ ਸਿਰਲੇਖ ਦਿੱਤਾ ਗਿਆ ਹੈ, ਵਿਚ ਅਹਿਮ ਫ਼ੈਸਲਿਆਂ ਦਾ ਸਾਲਵਾਰ ਆਧਾਰ ਉਤੇ ਵੇਰਵਾ ਦਿੱਤਾ ਗਿਆ ਹੈ। -ਆਈਏਐਨਐਸ