ਚੰਡੀਗੜ੍ਹ ਵਿੱਚ ‘ਸਵੱਛ ਪਖਾਨੇ’ ਮੁਹਿੰਮ ਦੀ ਸ਼ੁਰੂਆਤ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 4 ਜੂਨ
ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਸ਼ਹਿਰ ਵਿੱਚ ਜਨਤਕ ਪਖਾਨਿਆਂ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਨੂੰ ਲੈਕੇ ਅੱਜ ‘ਸਵੱਛ ਪਖਾਨੇ’ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਖੁਦ ਸੈਕਟਰ-19 ਸਥਿਤ ਸਦਰ ਬਾਜ਼ਾਰ ਦੇ ਪਖਾਨਿਆਂ ਦੀ ਸਫ਼ਾਈ ਕਰ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਇਲਾਕਾ ਕੌਂਸਲਰਾਂ ਅਤੇ ਨਾਗਰਿਕਾਂ ਵੱਲੋਂ ਵੀ ਜਨਤਕ ਪਖਾਨਿਆਂ ਅਤੇ ਕਮਿਊਨਿਟੀ ਪਖਾਨਿਆਂ ਦੀ ਸਾਂਭ-ਸੰਭਾਲ ਸਬੰਧੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਮੇਅਰ ਅਨੂਪ ਗੁਪਤਾ ਅਤੇ ਨਿਗਮ ਅਧਿਕਾਰੀਆਂ ਨੇ ਪਖਾਨਿਆਂ ‘ਤੇ ਤਾਇਨਾਤ ਸਫ਼ਾਈ ਕਰਮਚਾਰੀਆਂ ਦਾ ਫੁੱਲ ਦੇ ਕੇ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਆਪੋ-ਆਪਣੇ ਖੇਤਰ ਵਿੱਚ ਪਖਾਨਿਆਂ ਦੀ ਸਫ਼ਾਈ ਲਈ ਦਸਤਾਨੇ, ਏਪਰਨ ਅਤੇ ਹੋਰ ਸੁਰੱਖਿਆ ਉਪਕਰਨ ਸੌਂਪੇ। ਮੇਅਰ ਨੇ ਜਨਤਕ ਪਖਾਨੇ ਅੰਦਰ ਦੀ ਸਫ਼ਾਈ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਥੇ ਸਫ਼ਾਈ ਨੂੰ ਬਰਕਰਾਰ ਰੱਖਣ ਲਈ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਨਗਰ ਨਿਗਮ ਚੰਡੀਗੜ੍ਹ ਦੇ ਸਮੂਹ ਕੌਂਸਲਰਾਂ ਨੇ ਆਪੋ-ਆਪਣੇ ਵਾਰਡਾਂ ਵਿੱਚ ਜਨਤਕ ਪਖਾਨਿਆਂ ਦੀ ਸਫ਼ਾਈ ਦੀ ਮੁਹਿੰਮ ਵਿੱਚ ਭਾਗ ਲਿਆ। ਸਮੂਹ ਕੌਂਸਲਰਾਂ ਨੇ ਪਖਾਨਿਆਂ ਦੀ ਸਫ਼ਾਈ ਬਰਕਰਾਰ ਰੱਖਣ ਲਈ ਪਖਾਨਾ ਸਫ਼ਾਈ ਕਰਮਚਾਰੀਆਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਸਫ਼ਾਈ ਲਈ ਸੁਰੱਖਿਆ ਉਪਕਰਨ ਸੌਂਪਣ ਤੋਂ ਇਲਾਵਾ ਫੁਲ ਦੇ ਕੇ ਧੰਨਵਾਦ ਕੀਤਾ। ਮੇਅਰ ਨੇ ਕਿਹਾ ਕਿ ‘ਸਵੱਸਥਤਾ ‘ਤੇ ਸਵੱਛਤਾ – ਦੋਵਾਂ ਦਾ ਰੱਖੋ ਖਿਆਲ’ ਤਹਿਤ ਸ਼ਹਿਰ ਦੇ ਬਾਜ਼ਾਰਾਂ, ਗਰੀਨ ਬੈਲਟਾਂ, ਕਲੋਨੀਆਂ, ਸਕੂਲਾਂ ਅਤੇ ਸੰਸਥਾਵਾਂ ਦੇ ਪਖਾਨਿਆਂ ਸਮੇਤ ਸ਼ਹਿਰ ਦੇ ਸਮੂਹ ਜਨਤਕ ‘ਤੇ ਕਮਿਊਨਿਟੀ ਪਖਾਨੇ ਸਾਫ਼ ਕੀਤੇ ਗਏ।