ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁੱਖ ਮੰਤਰੀ ਦੀ ਕੋਠੀ ਵੱਲ ਮਾਰਚ ਕਰਦੇ ਕੱਚੇ ਅਧਿਆਪਕਾਂ ’ਤੇ ਲਾਠੀਚਾਰਜ

10:59 AM Jul 02, 2023 IST
ਪਿੰਡ ਖੁਰਾਣਾ ਵਿੱਚ ਅਧਿਆਪਕਾਂ ’ਤੇ ਲਾਠੀਚਾਰਜ ਕਰਦੀ ਅਤੇ (ਸੱਜੇ) ਇਕ ਅਧਿਆਪਕਾ ਨੂੰ ਘਡ਼ੀਸ ਕੇ ਲਿਜਾਂਦੀ ਹੋਈ ਪੁਲੀਸ।

ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਤੋਂ ਦੋ ਕਿਲੋਮੀਟਰ ਦੂਰ ਨੈਸ਼ਨਲ ਹਾਈਵੇਅ ’ਤੇ ਪਿੰਡ ਖੁਰਾਣਾ ਦੇ ਬੱਸ ਅੱਡੇ ਕੋਲ ਪੁਲੀਸ ਨੇ 8736 ਕੱਚੇ ਅਧਿਆਪਕਾਂ ’ਤੇ ਅੱਜ ਉਸ ਵੇਲੇ ਲਾਠੀਚਾਰਜ ਕਰ ਦਿੱਤਾ ਜਦੋਂ ਭਰਾਤਰੀ ਜਥੇਬੰਦੀਆਂ ਦੇ ਕਾਰਕੁਨਾਂ ਸਮੇਤ ਅਧਿਆਪਕਾਂ ਨੇ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਧੂਹ ਕੇ ਜਬਰੀ ਹਿਰਾਸਤ ’ਚ ਲਿਆ। ਇਸ ਦੌਰਾਨ ਕਈ ਅਧਿਆਪਕਾਂ ਦੀਆਂ ਪੱਗਾਂ ਅਤੇ ਚੁੰਨੀਆਂ ਲੱਥ ਗਈਆਂ। ਇਸ ਦੌਰਾਨ ਕਰੀਬ ਚਾਰ ਅਧਿਆਪਕ ਜ਼ਖ਼ਮੀ ਅਤੇ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਧਰ ਖਿੱਚ-ਧੂਹ ਦੌਰਾਨ ਦਸ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਜੋ ਸਿਵਲ ਹਸਪਤਾਲ ਦਾਖ਼ਲ ਹਨ। ਇਸ ਮੌਕੇ ਪੁਲੀਸ ਨੇ ਪੱਤਰਕਾਰਾਂ ਨਾਲ ਵੀ ਬਦਸਲੂਕੀ ਕੀਤੀ। ਜਾਣਕਾਰੀ ਅਨੁਸਾਰ ਕੱਚੇ ਅਧਿਆਪਕ ਯੂਨੀਅਨ ਦੀਆਂ ਦੋ ਮੀਟਿੰਗਾਂ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਨਾਲ ਹੋਈਆਂ ਪਰ ਦੋਵੇਂ ਬੇਸਿੱਟਾ ਰਹੀਆਂ। ਇਸ ਤੋਂ ਖ਼ਫ਼ਾ ਹੋਏ ਅਧਿਆਪਕਾਂ ਨੇ ਅੱਜ ਮੁੱਖ ਮੰਤਰੀ ਦੀ ਕੋਠੀ ਵੱਲ ਜਬਰੀ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਪੁਲੀਸ ਨੇ ਅਧਿਆਪਕਾਂ ਨੂੰ ਲਾਠੀਆਂ ਮਾਰੀਆਂ ਤੇ ਘੜੀਸਦਿਆਂ ਬੱਸਾਂ ’ਚ ਸੁੱਟ ਲਿਆ। ਇਸ ਦੌਰਾਨ ਕਈ ਮਹਿਲਾਵਾਂ ਬੇਹੋਸ਼ ਹੋ ਗਈਆਂ। ਇਸ ਮੌਕੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਤੇ ਸੂਬਾ ਆਗੂ ਵਿਕਾਸ ਵਡੇਰਾ ਨੇ ਕਿਹਾ ਕਿ ਸਰਕਾਰ ਨੇ ਦਸ ਸਾਲਾ ਪਾਲਿਸੀ ਅਨੁਸਾਰ ਰੈਗੂਲਰ ਕਰਨ ਦੀ ਪ੍ਰਕਿਰਿਆ ਨਹੀਂ ਅਪਣਾਈ ਤੇ ਨਾ ਕੋਈ ਤਨਖਾਹ ਸਕੇਲ ਦਿੱਤਾ ਹੈ। ਪ੍ਰਸ਼ਾਸਨ ਤੇ ਯੂਨੀਅਨ ਵਿਚਕਾਰ ਸ਼ਾਮ ਨੂੰ ਸਹਿਮਤੀ ਬਣ ਗਈ ਤੇ ਕੱਚੇ ਅਧਿਆਪਕਾਂ ਨੂੰ ਸੋਮਵਾਰ ਤੱਕ ਮੀਟਿੰਗ ਦਾ ਸਮਾਂ ਤੈਅ ਕਰਾਉਣ ਦਾ ਭਰੋਸਾ ਦਿੱਤਾ ਗਿਆ ਹੈ। ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਇਸ ਲਾਠੀਚਾਰਜ ਦੀ ਨਿਖੇਧੀ ਕੀਤੀ ਹੈ।

Advertisement

 

ਕੱਚੇ ਅਧਿਆਪਕਾਂ ਨੂੰ ਦੇਰ ਸ਼ਾਮ ਮਸਤੂਆਣਾ ਸਾਹਿਬ ਛੱਡਿਆ
ਮਸਤੂਆਣਾ ਸਾਹਿਬ (ਐੱਸ ਐੱਸ ਸੱਤੀ): ਪੁਲੀਸ ਨੇ ਕੱਚੇ ਅਧਿਆਪਕਾਂ ਨੂੰ ਦੇਰ ਸ਼ਾਮ ਮਸਤੂਆਣਾ ਸਾਹਿਬ ਵਿਚ ਛੱਡ ਦਿੱਤਾ। ਰਣਦੀਪ ਕੌਰ ਆਲੀਕੇ ਅਤੇ ਹਰਬੰਸ ਕੌਰ ਬਠਿੰਡਾ ਨੇ ਦੱਸਿਆ ਕਿ ਇਸ ਲਾਠੀਚਾਰਜ ਦੌਰਾਨ ਜਿੱਥੇ ਕਈ ਅਧਿਆਪਕ ਗੰਭੀਰ ਜ਼ਖ਼ਮੀ ਹੋਏ, ਉਥੇ ਕਈ ਗਰਭਵਤੀ ਅਧਿਆਪਕਾਵਾਂ ਨਾਲ ਵੀ ਧੱਕਾ-ਮੁੱਕੀ ਕੀਤੀ ਗਈ ਜਿਸ ਨਾਲ ‘ਆਪ’ ਸਰਕਾਰ ਦਾ ਲੋਕ ਪੱਖੀ ਚਿਹਰਾ ਨੰਗਾ ਹੋ ਗਿਆ ਹੈ। ਲਖਵਿੰਦਰ ਕੌਰ, ਹਰਜਿੰਦਰ ਕੌਰ, ਪਰਮਜੀਤ ਕੌਰ, ਰਣਜੀਤ ਕੌਰ, ਕੁਲਵੰਤ ਕੌਰ, ਕਿਰਨਜੀਤ ਕੌਰ, ਕਮਲਜੀਤ ਕੌਰ, ਸੰਦੀਪ ਸਿੰਘ ਸਮੇਤ ਸੱਤ ਦਰਜਨ ਦੇ ਕਰੀਬ ਕੱਚੇ ਅਧਿਆਪਕਾਂ ਨੇ ਕਿਹਾ ਕਿ ਉਹ 15-15 ਸਾਲਾਂ ਤੋਂ ਹੋਰ ਪੱਕੇ ਅਧਿਆਪਕਾਂ ਦੀ ਤਰ੍ਹਾਂ ਸਕੂਲਾਂ ਵਿਚ ਪੂਰਾ ਸਮਾਂ ਬੱਚਿਆਂ ਨੂੰ ਪੜ੍ਹਾ ਰਹੇ ਹਨ ਪਰ ਸਰਕਾਰ ਨੇ ਉਨ੍ਹਾਂ ਨੂੰ ਪੱਕਾ ਕਰਨ ਦੀ ਥਾਂ ਲਾਰੇ ਲਾਏ। ਪੁਲੀਸ ਚੌਕੀ ਇੰਚਾਰਜ ਅਮਨਦੀਪ ਕੌਰ ਨੇ ਕਿਹਾ ਕਿ 79 ਦੇ ਕਰੀਬ ਕੱਚੇ ਅਧਿਆਪਕਾਂ ਨੂੰ ਇਥੇ ਉਚ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਛੱਡਿਆ ਗਿਆ ਹੈ।

Advertisement

ਭਾਕਿਯੂ (ਏਕਤਾ) ਉਗਰਾਹਾਂ ਵੱਲੋਂ ਭੁੱਚੋ ਖੁਰਦ ਦੇ ਧਰਨੇ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ
ਮਾਨਸਾ (ਜੋਗਿੰਦਰ ਸਿੰਘ ਮਾਨ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਫ਼ੈਸਲਾ ਲਿਆ ਹੈ ਕਿ ਭੁੱਚੋ ਖੁਰਦ ਵਿੱਚ ਤਿੰਨ ਜਥੇਬੰਦੀਆਂ ਦੇ ਧਰਨਾ ਦੇ ਰਹੇ ਕਾਰਕੁਨਾਂ ’ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਗੁਆਂਢੀ ਜ਼ਿਲ੍ਹਿਆਂ ਦੇ ਕਿਸਾਨ ਇਸ ਤਾਨਾਸ਼ਾਹੀ ਵਿਰੁੱਧ ਰੋਸ਼ ਪ੍ਰਗਟ ਕਰਨ ਲਈ ਧਰਨੇ ਵਿੱਚ ਸ਼ਾਮਲ ਹੋਣਗੇ। ਜਥੇਬੰਦੀ ਅਨੁਸਾਰ ਪੱਕਾਂ ਸ਼ਾਂਤਮਈ ਧਰਨਾ ਫ਼ਸਲੀ ਮੁਆਵਜ਼ੇ ਦੀ ਅਦਾਇਗੀ ਹੋਣ ਤੱਕ ਲਗਾਤਾਰ ਜਾਰੀ ਰੱਖਿਆ ਜਾਵੇਗਾ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਜਥੇਬੰਦੀ ਵੱਲੋਂ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਹੈ।

ਤਿੰਨ ਕਿਸਾਨ ਆਗੂਆਂ ਨੂੰ ਵੀ ਹਿਰਾਸਤ ਵਿੱਚ ਲਿਆ
ਕੱਚੇ ਅਧਿਆਪਕਾਂ ਦੀ ਹਮਾਇਤ ਵਿਚ ਪੁੱਜੇ ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਨੂੰ ਵੀ ਪੁਲੀਸ ਕਾਰਵਾਈ ਦਾ ਸ਼ਿਕਾਰ ਹੋਣਾ ਪਿਆ। ਪੁਲੀਸ ਨੇ ਤਿੰਨ ਕਿਸਾਨ ਆਗੂਆਂ ਨੂੰ ਲਾਠੀਚਾਰਜ ਤੋਂ ਬਾਅਦ ਹਿਰਾਸਤ ’ਚ ਲਿਆ ਤੇ ਅਧਿਆਪਕਾਂ ਸਮੇਤ ਵੱਖ-ਵੱਖ ਥਾਣਿਆਂ ’ਚ ਲਿਜਾਇਆ। ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਕੱਚੇ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਵਿਚ ਜਥੇਬੰਦੀ ਦੇ ਆਗੂ ਪੁੱਜੇ ਸਨ ਜਿਨ੍ਹਾਂ ਨੂੰ ਥਾਣਿਆਂ ਵਿਚ ਬੰਦ ਕਰ ਕੇ ਪ੍ਰੇਸ਼ਾਨ ਕੀਤਾ ਗਿਆ।

Advertisement
Tags :
ਅਧਿਆਪਕਾਂਕੱਚੇਕਰਦੇਕੋਠੀਮੰਤਰੀਮਾਰਚਮੁੱਖਲਾਠੀਚਾਰਜ,
Advertisement