ਭਾਜਪਾ ਉਮੀਦਵਾਰ ਤੋਂ ਸਵਾਲ ਪੁੱਛਣ ਗਏ ਕਿਸਾਨਾਂ ’ਤੇ ਲਾਠੀਚਾਰਜ
ਰਤਨ ਸਿੰਘ ਢਿੱਲੋਂ
ਅੰਬਾਲਾ, 29 ਸਤੰਬਰ
ਇੱਥੇ ਪੰਜੋਖਰਾ ਥਾਣੇ ਦੇ ਪਿੰਡ ਬੋਡਾਖੇੜਾ ਵਿੱਚ ਅੱਜ ਕਿਸਾਨਾਂ ’ਤੇ ਪੁਲੀਸ ਨੇ ਲਾਠੀਚਾਰਜ ਕੀਤਾ। ਮਗਰੋਂ ਕਿਸਾਨਾਂ ਨੇ ਲਾਠੀਚਾਰਜ ਦੇ ਵਿਰੋਧ ਵਿੱਚ ਪੰਜੋਖਰਾ ਥਾਣੇ ਦੇ ਬਾਹਰ ਧਰਨਾ ਦਿੱਤਾ। ਅੱਜ ਜਦੋਂ ਕਿਸਾਨ ਚੋਣ ਪ੍ਰਚਾਰ ਕਰਨ ਆਏ ਭਾਜਪਾ ਉਮੀਦਵਾਰ ਪਵਨ ਸੈਣੀ ਨੂੰ ਸ਼ਾਂਤਮਈ ਢੰਗ ਨਾਲ ਸਵਾਲ ਕਰਨ ਜਾ ਰਹੇ ਸਨ ਤਾਂਂ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ’ਤੇ ਲਾਠੀਚਾਰਜ ਕਰ ਦਿੱਤਾ। ਇਸ ਕਾਰਨ ਕਈ ਵਿਅਕਤੀ ਜ਼ਖ਼ਮੀ ਹੋ ਗਏ। ਇਸ ਦੌਰਾਨ ਕਿਸਾਨਾਂ ਨੇ ਡੀਐੱਸਪੀ ਅੰਬਾਲਾ, ਐੱਸਐੱਚਓ ਪੰਜੋਖਰਾ ਅਤੇ ਪੁਲੀਸ ਚੌਕੀ ਪਟਵੀ ਦੇ ਮੁਲਾਜ਼ਮਾਂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਜ਼ਾਲਮਾਨਾ ਢੰਗ ਨਾਲ ਬੱਚਿਆਂ ਅਤੇ ਬਜ਼ੁਰਗਾਂ ’ਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਤੋੜ ਦਿੱਤੇ। ਜ਼ਖ਼ਮੀਆਂ ਵਿਚ ਇੱਕ 80 ਸਾਲ ਦਾ ਬਜ਼ੁਰਗ ਵੀ ਸ਼ਾਮਲ ਹੈ। ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਬੁਲਾਰੇ ਤੇਜਵੀਰ ਸਿੰਘ ਪੰਜੋਖਰਾ ਨੇ ਦੱਸਿਆ ਕਿ ਪੁਲੀਸ ਨੇ 9 ਕਿਸਾਨ ਗ੍ਰਿਫ਼ਤਾਰ ਕੀਤੇ ਹਨ ਅਤੇ 20 ਟਰੈਕਟਰ ਕਬਜ਼ੇ ਵਿੱਚ ਲਏ ਹਨ। ਕਿਸਾਨਾਂ ਨੇ 15 ਟਰੈਕਟਰ ਵਾਪਸ ਲੈ ਲਏ ਜਦੋਂਕਿ 5 ਦਾ ਅਜੇ ਕੋਈ ਪਤਾ ਨਹੀਂ ਲੱਗਿਆ। ਭਾਕਿਯੂ ਸ਼ਹੀਦ ਭਗਤ ਸਿੰਘ ਦੇ ਕੌਮੀ ਪ੍ਰਧਾਨ ਅਮਰਜੀਤ ਸਿੰਘ ਮੌਹੜੀ ਵੱਲੋਂ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ ਪੰਜੋਖਰਾ ਸਾਹਿਬ ਥਾਣੇ ਬਾਹਰ ਪਹੁੰਚਣ ਦੀ ਹਦਾਇਤ ਕਰਨ ਮਗਰੋਂ ਕਾਫ਼ੀ ਵਿਅਕਤੀ ਇੱਥੇ ਪਹੁੰਚ ਗਏ। ਮਗਰੋਂ ਕਿਸਾਨ ਆਗੂਆਂ ਦੀ ਅਗਵਾਈ ਹੇਠ ਪੰਜੋਖਰਾ ਥਾਣੇ ਦੇ ਬਾਹਰ ਧਰਨਾ ਲਾਇਆ ਗਿਆ। ਕਿਸਾਨਾਂ ਦੇ ਇਕੱਠ ਨੂੰ ਦੇਖਦਿਆਂ ਅੰਬਾਲਾ, ਸ਼ਾਹਜ਼ਾਦਪੁਰ ਅਤੇ ਨਰਾਇਣਗੜ੍ਹ ਤੋਂ ਕਾਫ਼ੀ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਪੁਲੀਸ ਅਤੇ ਕਿਸਾਨ ਆਗੂਆਂ ਵਿਚਕਾਰ ਬਹਿਸ ਹੋ ਗਈ ਜਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਮਾਹੌਲ ਸ਼ਾਂਤ ਹੋ ਗਿਆ ਸੀ ਅਤੇ ਧਰਨਾਕਾਰੀਆਂ ਨੂੰ ਯੂਨੀਅਨ ਦੇ ਕੌਮੀ ਪ੍ਰਧਾਨ ਅਮਰਜੀਤ ਸਿੰਘ ਮੌਹੜੀ ਸੰਬੋਧਨ ਕਰ ਰਹੇ ਸਨ। ਸੰਪਰਕ ਕਰਨ ’ਤੇ ਤੇਜਵੀਰ ਸਿੰਘ ਨੇ ਦੱਸਿਆ ਕਿ ਮਾਮਲਾ ਸ਼ਾਂਤ ਤਾਂ ਹੋ ਗਿਆ ਹੈ ਪਰ ਅਜੇ ਬੰਦੇ ਛੁਡਾਉਣੇ ਅਤੇ ਮੋਬਾਈਲ ਵਾਪਸ ਲੈਣੇ ਬਾਕੀ ਹਨ।
ਮਾਮਲਾ ਸੁਲਝ ਗਿਆ ਹੈ: ਐੱਸਐੱਚਓ
ਪੰਜੋਖਰਾ ਸਾਹਿਬ ਥਾਣੇ ਦੇ ਐੱਸਐੱਚਓ ਵਿਕਰਾਂਤ ਨੇ ਦੱਸਿਆ ਕਿ ਮਾਮਲਾ ਸੁਲਝ ਗਿਆ ਹੈ। ਫੜੇ ਕਿਸਾਨ ਛੱਡ ਦਿੱਤੇ ਹਨ। ਮੋਬਾਈਲ ਫੋਨ ਮੋੜ ਦਿੱਤੇ ਹਨ ਅਤੇ ਟਰੈਕਟਰ ਤਾਂ ਕਿਸਾਨ ਥਾਣੇ ਵਿੱਚੋਂ ਆਪੇ ਕੱਢ ਕੇ ਲੈ ਗਏ ਹਨ।