For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ’ਤੇ ਲਾਠੀਚਾਰਜ; ਦਰਜਨਾਂ ਜ਼ਖ਼ਮੀ

09:56 PM Jun 23, 2023 IST
ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ’ਤੇ ਲਾਠੀਚਾਰਜ  ਦਰਜਨਾਂ ਜ਼ਖ਼ਮੀ
Advertisement

ਸਰਬਜੋਤ ਸਿੰਘ ਦੁੱਗਲ

Advertisement

ਕੁਰੂਕਸ਼ੇਤਰ/ਸ਼ਾਹਬਾਦ, 6 ਜੂਨ

ਮੁੱਖ ਅੰਸ਼

  • ਸੱਤ ਘੰਟੇ ਲੱਗਿਆ ਜਾਮ; ਰਾਹਗੀਰ ਤੇ ਵਾਹਨ ਚਾਲਕ ਪ੍ਰੇਸ਼ਾਨ

ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਅਲਟੀਮੇਟਮ ਦੇ ਬਾਵਜੂਦ ਹਰਿਆਣਾ ਸਰਕਾਰ ਵੱਲੋਂ ਮੰਗਲਵਾਰ ਤੱਕ ਘੱਟੋ-ਘੱਟ ਸਮਰਥਨ ਮੁੱਲ ‘ਤੇ ਸੂਰਜਮੁਖੀ ਦੀ ਖਰੀਦ ਸ਼ੁਰੂ ਨਾ ਕਰਨ ‘ਤੇ ਕਿਸਾਨਾਂ ਨੇ ਮੰਗਲਵਾਰ ਦੁਪਹਿਰ ਨੂੰ ਇੱਥੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ, ਜਿਸ ਕਾਰਨ ਦੂਰ-ਦੂਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਕਰੀਬ ਸੱਤ ਘੰਟੇ ਇੱਥੇ ਜਾਮ ਲੱਗਿਆ ਰਿਹਾ। ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਦੇ ਹੁਕਮਾਂ ‘ਤੇ ਸ਼ਾਮ ਸਵਾ ਸੱਤ ਵਜੇ ਪੁਲੀਸ ਨੇ ਧਰਨਕਾਰੀ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਲਾਠੀਚਾਰਜ ਕਰ ਦਿੱਤਾ, ਜਿਸ ਕਾਰਨ ਧਰਨੇ ਵਾਲੀ ਥਾਂ ‘ਤੇ ਭਗਦੜ ਮੱਚ ਗਈ। ਪੁਲੀਸ ਨੇ ਦਰਜਨਾਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਜ਼ਖ਼ਮੀ ਹੋ ਗਏ। ਪੁਲੀਸ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਸਿਰਫ਼ 20 ਮਿੰਟ ਦੀ ਕਾਰਵਾਈ ਵਿੱਚ ਹੀ ਨੈਸ਼ਨਲ ਹਾਈਵੇਅ ‘ਤੇ ਆਵਾਜਾਈ ਨੂੰ ਬਹਾਲ ਕਰ ਦਿੱਤਾ। ਸ਼ਾਮੀ ਅੰਬਾਲਾ ਰੇਂਜ ਦੇ ਆਈਜੀ ਕਵੀ ਸ਼ਿਵਰਾਜ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਵੀ ਲਿਆ। ਇਸੇ ਦੌਰਾਨ ਲਾਠੀਚਾਰਜ ਤੋਂ ਰੋਹ ਵਿੱਚ ਆਏ ਕਿਸਾਨਾਂ ਨੇ ਲਾਡਵਾ ਰੋਡ ਸ਼ਾਹਬਾਦ, ਕਲਸਾਨੀ ਚੌਕ ਸ਼ਾਹਬਾਦ ਅਤੇ ਲਾਡਵਾ ਵਿੱਚ ਕੇਂਦਰ ਰੋਡ ‘ਤੇ ਆਵਾਜਾਈ ਠੱਪ ਕਰ ਦਿੱਤੀ ਹੈ।

ਕੁਰੂਕਸ਼ੇਤਰ ਵਿੱਚ ਇਕ ਕਿਸਾਨ ਨੂੰ ਕਾਬੂ ਕਰਦੇ ਹੋਏ ਪੁਲੀਸ ਮੁਲਾਜ਼ਮ। -ਫੋਟੋਆਂ: ਪੰਜਾਬੀ ਟ੍ਰਿਬਿਊਨ

ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਹਾਈਵੇਅ ‘ਤੇ ਜਾਣ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ 9 ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਗਏ ਸਨ। ਇਸੇ ਦੌਰਾਨ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਪੁਲੀਸ ਨੂੰ ਚਕਮਾ ਦੇ ਕੇ ਸ਼ਹੀਦ ਊਧਮ ਸਿੰਘ ਸਮਾਰਕ ਦੇ ਰਸਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਕਿਸਾਨ ਪੁਲ ‘ਤੇ ਚੜ੍ਹ ਕੇ ਨੈਸ਼ਨਲ ਹਾਈਵੇਅ ਜਾਮ ਲਗਾਉਣ ਵਿੱਚ ਸਫ਼ਲ ਹੋ ਗਏ। ਕੁਝ ਦੇਰ ਉਥੇ ਬੈਠਣ ਤੋਂ ਬਾਅਦ ਕਿਸਾਨ ਸ਼ਾਹਬਾਦ ਥਾਣੇ ਦੇ ਸਾਹਮਣੇ ਪੁੱਜ ਗਏ।

ਜ਼ਿਕਰਯੋਗ ਹੈ ਕਿ ਬਰਾੜਾ ਰੋਡ ‘ਤੇ ਸ਼ਹੀਦ ਊਧਮ ਸਿੰਘ ਯਾਦਗਾਰੀ ਹਾਲ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਸਵੇਰੇ 10 ਵਜੇ ਸ਼ੁਰੂ ਹੋਈ। ਗੁਰਨਾਮ ਸਿੰਘ ਚੜੂਨੀ ਨੇ ਪ੍ਰਸ਼ਾਸਨ ਨੂੰ ਦੁਪਹਿਰ 12 ਵਜੇ ਤੱਕ ਅਲਟੀਮੇਟਮ ਦਿੱਤਾ ਕਿ ਜੇ ਮੰਗ ਨਾ ਮੰਨੀ ਤਾਂ ਕਿਸਾਨ ਹਾਈਵੇਅ ਜਾਮ ਕਰਨਗੇ। ਇਸ ਦੌਰਾਨ ਗੁਰਨਾਮ ਸਿੰਘ ਚੜੂਨੀ ਨੇ ਐੱਸਡੀਐੱਮ ਕਪਿਲ ਸ਼ਰਮਾ ਅਤੇ ਡੀਐੱਸਪੀ ਰਣਧੀਰ ਸਿੰਘ ਨਾਲ ਮੀਟਿੰਗ ਵੀ ਕੀਤੀ, ਪਰ ਇਹ ਬੇਸਿੱਟਾ ਰਹੀ। ਇਸ ਤੋਂ ਬਾਅਦ ਡੀਸੀ ਅਤੇ ਐੱਸਪੀ ਕੁਰੂਕਸ਼ੇਤਰ ਕਿਸਾਨਾਂ ਨਾਲ ਮੀਟਿੰਗ ਲਈ ਪੁੱਜੇ। ਜਦੋਂ ਇਹ ਦੋਵੇਂ ਉੱਚ ਅਧਿਕਾਰੀ ਵੀ ਕਿਸਾਨਾਂ ਨੂੰ ਭਰੋਸਾ ਨਾ ਦੇ ਸਕੇ, ਤਾਂ ਚੜੂਨੀ ਨੇ ਹਾਈਵੇਅ ਜਾਮ ਕਰਨ ਦਾ ਐਲਾਨ ਕਰ ਦਿੱਤਾ। ਇਸ ‘ਤੇ ਕਿਸਾਨਾਂ ਨੇ ਰੋਸ ਮਾਰਚ ਕਰਦਿਆਂ ਸੜਕ ‘ਤੇ ਜਾਮ ਲਾ ਦਿੱਤਾ। ਇਸ ਦੌਰਾਨ ਸੜਕਾਂ ‘ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਜ਼ਿਕਰਯੋਗ ਹੈ ਕਿ 2 ਜੂਨ ਨੂੰ ਚੰਡੀਗੜ੍ਹ ਵਿੱਚ ਸਿੱਖਿਆ ਮੰਤਰੀ ਨਾਲ ਕਿਸਾਨ ਯੂਨੀਅਨ ਦੀ ਮੀਟਿੰਗ ਬੇਸਿੱਟਾ ਰਹੀ ਸੀ ਅਤੇ ਭਾਕਿਯੂ ਨੇ ਪ੍ਰਸ਼ਾਸਨ ਨੂੰ 5 ਜੂਨ ਤੱਕ ਦਾ ਅਲਟੀਮੇਟਮ ਦਿੱਤਾ ਸੀ। ਇਸ ਦੌਰਾਨ ਡੇਰਾ ਕਾਰ ਸੇਵਾ ਸ਼ਾਹਾਬਾਦ ਨੇ ਹਾਈਵੇਅ ‘ਤੇ ਹੀ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ। ਕਿਸਾਨਾਂ ਨੇ ਦੁਪਹਿਰ ਤੋਂ ਸ਼ਾਮ ਤੱਕ ਹਾਈਵੇਅ ‘ਤੇ ਲੰਗਰ ਪ੍ਰਸ਼ਾਦ ਛਕਿਆ ਅਤੇ ਆਰਾਮ ਕੀਤਾ।

ਧਰਨਾਕਾਰੀ ਕਿਸਾਨ ਨੂੰ ਜਬਰੀ ਲੈ ਕੇ ਜਾਂਦੇ ਹੋਏ ਪੁਲੀਸ ਮੁਲਾਜ਼ਮ।

ਸ਼ਾਹਬਾਦ ਤੋਂ ਸ਼ੰਭੂ ਤੱਕ ਲੱਗੀਆਂ ਵਾਹਨਾਂ ਦੀਆਂ ਕਤਾਰਾਂ

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸੂਰਜਮੁਖੀ ਦੇ ਸਮਰਥਨ ਮੁੱਲ ਸਬੰਧੀ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਸ਼ਾਹਬਾਦ ਦੇ ਮਾਰਕੰਡਾ ਪੁਲ ਵਾਲੀ ਸਾਈਡ ਜੀਟੀ ਰੋਡ ‘ਤੇ ਲਾਏ ਜਾਮ ਦਾ ਅਸਰ ਅੱਜ ਅੰਬਾਲਾ ਵਿਚ ਦੇਖਣ ਨੂੰ ਮਿਲਿਆ। ਧਰਨੇ ਕਾਰਨ ਸ਼ਾਹਬਾਦ ਤੋਂ ਸ਼ੰਭੂ ਬਾਰਡਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।

Advertisement
Advertisement
Advertisement
×