For the best experience, open
https://m.punjabitribuneonline.com
on your mobile browser.
Advertisement

ਲੈਟਬੀ ਕੇਸ ਅਤੇ ਬੁਰਾਈ ਦੇ ਬੀਜ

06:50 AM Sep 10, 2023 IST
ਲੈਟਬੀ ਕੇਸ ਅਤੇ ਬੁਰਾਈ ਦੇ ਬੀਜ
Advertisement

ਮੁਕੇਸ਼ ਕਪਿਲਾ

Advertisement

ਮਨੁੱਖਤਾ ਦੇ ਦੋਖੀ

ਹਾਲ ਹੀ ਵਿਚ ਇੰਗਲੈਂਡ ਵਿਚ ਜਸਟਿਸ ਜੇਮਸ ਗੌਸ ਨੇ ਇਕ ਨਰਸ ਲੂਸੀ ਲੈਟਬੀ ਨੂੰ ਸੱਤ ਨਵਜੰਮੇ ਬੱਚਿਆਂ ਦੇ ਕਤਲ ਅਤੇ ਕਤਲ ਦੀ ਕੋਸ਼ਿਸ਼ ਦੀ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀਆਂ 14 ਸਜ਼ਾਵਾਂ ਦਿੱਤੀਆਂ ਹਨ ਅਤੇ ਇਨ੍ਹਾਂ ਕਤਲਾਂ ਨੂੰ ‘ਬੇਰਹਿਮ, ਗਿਣੇ ਮਿੱਥੇ, ਕੋਝੇ ਅਤੇ ਸਨਕੀਪੁਣੇ’ ਦੀ ਮਿਸਾਲ ਕਰਾਰ ਦਿੱਤਾ ਹੈ। ਪੀੜਤ ਪਰਿਵਾਰ ਦੀ ਸਜ਼ਾ ਅਤੇ ਪੀੜਾ ਦਾ ਤਾਂ ਕੋਈ ਪਾਰਾਵਾਰ ਹੀ ਨਹੀਂ ਹੈ। ਲੈਟਬੀ ਦੇ ਇਸ ਇਕਬਾਲ ਕਿ ‘‘ਮੈਂ ਇਕ ਬੁਰਾਈ ਹਾਂ’’ ਤੋਂ ਵੱਡੇ ਸਵਾਲ ਖੜ੍ਹੇ ਹੋ ਗਏ ਹਨ ਕਿ ਇਸ ਤੋਂ ਉਸ ਦਾ ਕੀ ਭਾਵ ਹੈ?
ਲੈਟਬੀ ਤੋਂ ਪਹਿਲਾਂ ਕਈ ਲੜੀਵਾਰ ਕਾਤਲ ਹੋ ਚੁੱਕੇ ਹਨ। ਹੈਰੋਲਡ ਸ਼ਿਪਮੈਨ ਨੇ 218 ਬਜ਼ੁਰਗਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ, ਦਾਈ ਮਿਯੂਕੀ ਇਸ਼ੀਕਾਵਾ ਨੇ 103 ਨਵਜੰਮੇ ਬੱਚਿਆਂ ਨੂੰ ਮਾਰ ਦਿੱਤਾ ਸੀ ਅਤੇ ਚਾਰਲਸ ਸ਼ੋਭਰਾਜ ਦੇ ਫੜੇ ਜਾਣ ਤੱਕ ਉਹ ਅਣਗਿਣਤ ਸੈਲਾਨੀਆਂ ਨੂੰ ਮਾਰ ਚੁੱਕਿਆ ਸੀ।
ਮਨੋਵਿਗਿਆਨੀ, ਦਾਰਸ਼ਨਿਕ, ਅਪਰਾਧ ਵਿਗਿਆਨੀ ਅਤੇ ਧਰਮ ਸ਼ਾਸਤਰੀ ਨਿਰੰਤਰ ਬੁਰਾਈ ਦੀ ਫ਼ਿਤਰਤ ਬਾਰੇ ਕਿਆਸ ਲਾਉਂਦੇ ਆ ਰਹੇ ਹਨ, ਪਰ ਅਸੀਂ ਬੁਰਾਈ ਦਾ ਅਹਿਸਾਸ ਆਤਮਿਕ ਤੌਰ ’ਤੇ ਕਰ ਸਕਦੇ ਹਾਂ। ਮੈਂ ਰਵਾਂਡਾ (1994) ਵਿਚ ਹਜ਼ਾਰਾਂ ਮਨੁੱਖੀ ਪਿੰਜਰ, 1995 ਤੋਂ ਬਾਅਦ ਸ੍ਰੈਬ੍ਰਿਨਿਕਾ ਵਿਚ ਕਈ ਕਈ ਏਕੜਾਂ ਵਿਚ ਫੈਲੀਆਂ ਸਮੂਹਿਕ ਕਬਰਾਂ ਜਾਂ 2004 ਵਿਚ ਦਾਰਫੁਰ ਵਿਚ ਫਨਾਹ ਕੀਤੇ ਗਏ ਸੈਂਕੜੇ ਪਿੰਡਾਂ ਨੂੰ ਆਪਣੀ ਅੱਖੀਂ ਤੱਕਿਆ ਸੀ। ਇਸ ਦੇ ਉਲਟ, 2005 ਵਿਚ ਹਿੰਦ ਮਹਾਸਾਗਰ ਵਿਚ ਸੁਨਾਮੀ ਆਉਣ ਕਰਕੇ ਭਾਵੇਂ 250,000 ਲੋਕ ਮਾਰੇ ਗਏ ਸਨ ਪਰ ਤਦ ਕਿਸੇ ਬੁਰਾਈ ਦਾ ਆਭਾਸ ਨਹੀਂ ਹੋਇਆ ਸੀ।
ਇਸ ਲਈ ਬੁਰਾਈ ਕਿਸੇ ਕ੍ਰੋਧਵਾਨ ਦੇਵਤੇ ਦੀ ਉਪਜ ਨਹੀਂ ਹੁੰਦੀ ਸਗੋਂ ਆਦਮੀ ਦੀ ਘਾੜਤ ਹੁੰਦੀ ਹੈ। ਇਹ ਮਨ ਦੇ ਉਸ ਅੰਤਹੀਣ ਹਨੇਰੇ ਵਿਚ ਮੌਜੂਦ ਹੁੰਦੀ ਅਤੇ ਓਦੋਂ ਭਖਦੀ ਹੈ ਜਦੋਂ ਸੱਭਿਅਕ ਅਤੇ ਇਨਸਾਨੀਅਤ ਦੀ ਲੋਅ ਪੂਰੀ ਤਰ੍ਹਾਂ ਬੁਝ ਜਾਵੇ। ਲੋਕ ਬੁਰੇ ਕੰਮ ਕਿਉਂ ਕਰਦੇ ਹਨ? ਭਾਵੇਂ ਮਨੋਵਿਗਿਆਨੀ ਲੈਟਬੀ ਦੇ ਮਨ ਦਾ ਅਧਿਐਨ ਕਰਦੇ ਰਹਿਣਗੇ ਪਰ ਹੋਰਨਾਂ ਸਮੂਹਿਕ ਕਾਤਲਾਂ ਦੇ ਅਧਿਐਨ ਤੋਂ ਕਿਸੇ ਸਪੱਸ਼ਟ ਪੈਟਰਨ ਬਾਰੇ ਪਤਾ ਨਹੀਂ ਚੱਲਿਆ। ਉਹ ਸਾਡੇ ਵਰਗੇ ਹੀ ਆਮ ਲੋਕ ਹੁੰਦੇ ਹਨ। ਨਾਜ਼ੀਆਂ ਦਾ ਵਿਰੋਧ ਕਰਨ ਵਾਲੀ ਦਾਰਸ਼ਨਿਕ ਹੈਨਾ ਐਰੰਟ ‘ਬੁਰਾਈ ਦੀ ਸਾਧਾਰਨਤਾ’ ਦੀ ਗੱਲ ਕਰਦੀ ਹੈ। ਇਹ ਸਾਡੇ ਸਾਰਿਆਂ ਵਿਚ ਛੁਪੀ ਹੁੰਦੀ ਹੈ ਤੇ ਆਪਣਾ ਆਪਾ ਦਿਖਾਉਣ ਲਈ ਸਹੀ ਮੌਕੇ ਦੀ ਤਲਾਸ਼ ਵਿਚ ਰਹਿੰਦੀ ਹੈ। ਹਿਟਲਰ ਤੋਂ ਲੈ ਕੇ ਕੰਬੋਡੀਆ ਦੇ ਪੋਲ ਪੌਟ ਤੱਕ ਸਾਰੇ ਆਪਣੇ ਪ੍ਰਸ਼ੰਸਕਾਂ ਨੂੰ ਇਸ ’ਤੇ ਚੱਲਣ ਲਈ ਇਸ ਖ਼ੁਆਹਿਸ਼ ’ਤੇ ਟੇਕ ਰੱਖਦੇ ਸਨ।
ਜੱਜ ਗੌਸ ਮੁਤਾਬਿਕ ਲੈਟਬੀ ਇਕ ਸਮਝਦਾਰ ਅਤੇ ਜਾਣਕਾਰ ਔਰਤ ਹੈ ਅਤੇ ਭਾਵੇਂ ਉਸ ਦਾ ਆਚਰਨ ਕਿੰਨਾ ਵੀ ਵਿਗੜਿਆ ਹੋਇਆ ਹੋਵੇ ਪਰ ਉਹ ਪਾਗਲ ਬਿਲਕੁਲ ਨਹੀਂ ਹੈ। ਅਫ਼ਗਾਨਿਸਤਾਨ ਤੋਂ ਲੈ ਕੇ ਸੀਏਰਾ ਲਿਓਨ ਤੱਕ ਜਿੰਨੇ ਵੀ ਜੰਗੀ ਅਪਰਾਧੀਆਂ ਨਾਲ ਮੇਰਾ ਵਾਹ ਪਿਆ, ਮੈਂ ਪਾਇਆ ਹੈ ਕਿ ਉਹ ਆਪਣੇ ਘਿਨੌਣੇ ਮਨਸੂਬਿਆਂ ਨੂੰ ਬਹੁਤ ਹੀ ਹੁਸ਼ਿਆਰੀ ਨਾਲ ਅਮਲੀ ਜਾਮਾ ਪਹਿਨਾਉਂਦੇ ਸਨ। ਨਸਲਕੁਸ਼ੀ ਦੇ ਦੋਸ਼ੀ ਰਾਸ਼ਟਰਪਤੀ- ਸਰਬੀਆ ਦੇ ਸਲੋਬੋਡਾਨ ਮਿਲੋਸੇਵਿਕ ਅਤੇ ਸੂਡਾਨ ਦੇ ਉਮਰ-ਅਲ-ਬਸ਼ਰ - ਦੇ ਬੁਰਾਈ ਪ੍ਰਤੀ ਝੁਕਾਅ ਨੂੰ ਦੇਖ ਕੇ ਮੈਂ ਦੰਗ ਰਹਿ ਗਿਆ ਸਾਂ। ਅਮਰੀਕਾ ਵਿਚ ਸਾਲ ਵਿਚ ਹੁੰਦੇ 600 ਦੇ ਕਰੀਬ ਜਨਤਕ ਗੋਲੀਕਾਂਡਾਂ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਕੋਈ ਵੀ ਵਿਅਕਤੀ ਅੰਨ੍ਹੇਵਾਹ ਲੋਕਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ ਤੇ ਇਸ ਦੇ ਪਿੱਛੇ ਤਰਕ ਹੁੰਦਾ ਹੈ ਪਰ ਸਮੂਹਿਕ ਕਤਲੇਆਮ ਕਰਨ ਲਈ ਬਹੁਤ ਹੀ ਸੂਝਵਾਨ ਲੋਕਾਂ ਦੀ ਲੋੜ ਹੁੰਦੀ ਹੈ ਫਿਰ ਭਾਵੇਂ ਉਹ ਹਸਪਤਾਲ ਦੇ ਕਾਤਲ ਹੋਣ ਜਾਂ ਨਸਲਕੁਸ਼ੀ ਕਰਾਉਣ ਵਾਲੇ।
ਅਸੀਂ ਬੁਰਾਈ ਨਾਲ ਕਿਵੇਂ ਸਿੱਝ ਸਕਦੇ ਹਾਂ? ਰਵਾਇਤੀ ਤੌਰ ’ਤੇ ਸਜ਼ਾ ਦੇ ਪੰਜ ਮੰਤਵ ਹੁੰਦੇ ਹਨ: ਡਰਾਵਾ, ਜਨਤਕ ਸੁਰੱਖਿਆ, ਮੁੜ ਵਸੇਬਾ, ਬਦਲਾ ਅਤੇ ਇਵਜ਼ਾਨਾ। ਲੈਟਬੀ ਦੇ ਕੇਸ ਵਿਚ ਇਹ ਕਿਵੇਂ ਕੰਮ ਕਰੇਗੀ? ਉਸ ਦੀ ਸਥਾਈ ਕੈਦ ਦਾ ਮਤਲਬ ਹੈ ਕਿ ਮੁੜ ਵਸੇਬੇ ਦੀ ਕੋਈ ਤੁਕ ਹੀ ਨਹੀਂ ਹੈ। ਬੱਚਿਆਂ ਦੇ ਮਾਪਿਆਂ ਦੇ ਖ਼ੌਫ਼ਨਾਕ ਹਰਜੇ ਦੀ ਭਰਪਾਈ ਲਈ ਜੇ ਕੋਈ ਵਿੱਤੀ ਮੁਆਵਜ਼ਾ ਹੋ ਸਕਦਾ ਹੈ ਤਾਂ ਵੀ ਉਨ੍ਹਾਂ ਨੂੰ ਇਵਜ਼ਾਨੇ ਦੇ ਰੂਪ ਵਿਚ ਦੇਣ ਲਈ ਵੀ ਉਸ ਕੋਲ ਕੁਝ ਨਹੀਂ ਹੈ। ਜਨਤਕ ਸੁਰੱਖਿਆ ਦੀ ਦਲੀਲ ਵਿਚ ਥੋੜ੍ਹਾ ਜਿਹਾ ਵਜ਼ਨ ਹੋ ਸਕਦਾ ਹੈ ਕਿਉਂ ਜੋ ਨਰਸ ਇਕ ਵਿਸ਼ੇਸ਼ ਸਥਿਤੀ ਵਿਚ ਵੀ ਨਿਤਾਣੇ ਬੱਚਿਆਂ ਲਈ ਹੀ ਖ਼ਤਰਾ ਸੀ ਜਿੱਥੋਂ ਉਸ ਨੂੰ ਹਟਾ ਦਿੱਤਾ ਗਿਆ, ਭਾਵੇਂ ਦੇਰ ਨਾਲ ਹੀ ਸਹੀ। ਉਸ ਦੀ ਸਜ਼ਾ ਹੋਰਨਾਂ ਲਈ ਡਰਾਵਾ ਨਹੀਂ ਹੋਵੇਗੀ। ਲਿਹਾਜ਼ਾ, ਲੈਟਬੀ ਦੀ ਉਮਰ ਕੈਦ ਦੀ ਸਜ਼ਾ ਮਹਿਜ਼ ਬਦਲੇ ’ਤੇ ਟਿਕੀ ਹੋਈ ਹੈ। ਸਮਾਜ ਤਵੱਕੋ ਕਰਦਾ ਹੈ ਜਾਂ ਉਸ ਦੀ ਬਦਲੇ ਦੀ ਖ਼ੁਆਹਿਸ਼ ਹੈ ਕਿ ਉਸ ਨੂੰ ਹਮੇਸ਼ਾ ਲਈ ਛੇਕ ਦਿੱਤਾ ਜਾਵੇ। ਬਰਤਾਨੀਆ ਵਿਚ ਸਜ਼ਾ-ਏ-ਮੌਤ ਦਾ ਪ੍ਰਾਵਧਾਨ ਨਹੀਂ ਹੈ, ਨਹੀਂ ਤਾਂ ਯਕੀਨਨ ਉਸ ਨੂੰ ਇਹ ਸਜ਼ਾ ਦਿੱਤੀ ਜਾਣੀ ਸੀ। ਮੌਤ ਦੀ ਸਜ਼ਾ ਕੋਈ ਡਰਾਵਾ ਨਹੀਂ ਹੁੰਦੀ: ਜਿਨ੍ਹਾਂ 53 ਮੁਲਕਾਂ ਵਿਚ ਮੌਤ ਦੀ ਸਜ਼ਾ ਰੱਖੀ ਗਈ ਹੈ, ਉਨ੍ਹਾਂ ਅੰਦਰ ਵੀ ਬੁਰਾਈ ਘੱਟ ਨਹੀਂ ਅਤੇ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।
ਕੀ ਉਮਰ ਕੈਦ ਦੀਆਂ 14 ਸਜ਼ਾਵਾਂ ਦੇਣੀਆਂ ਬੁਰਾਈ ਨਾਲ ਸਿੱਝਣ ਦਾ ਤਰੀਕਾ ਹੈ? ਰਿਹਾਈ ਦੀ ਹਰ ਆਸ ਹੀ ਖੋਹ ਲੈਣਾ, ਕੌਮਾਂਤਰੀ ਕਾਨੂੰਨ ਅਧੀਨ ਅਣਮਨੁੱਖੀ ਕਾਰਵਾਈ ਹੈ। ਇਸ ਇਕ ਕਾਰਨ ਕਰਕੇ ਹੀ ਲਾਇਬੇਰੀਆ ਦੇ ਸਾਬਕਾ ਰਾਸ਼ਟਰਪਤੀ ਚਾਰਲਸ ਟੇਅਲਰ ਨੂੰ ਸੀਏਰਾ ਲਿਓਨ ਦੀ ਵਿਸ਼ੇਸ਼ ਅਦਾਲਤ ਵੱਲੋਂ ਮਾਨਵਤਾ ਖਿਲਾਫ਼ ਅਪਰਾਧਾਂ ਦੇ ਦੋਸ਼ ਵਿਚ 50 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਉਹ ਘੱਟੋ-ਘੱਟ 114 ਸਾਲ ਦੀ ਉਮਰ ਵਿਚ ਰਿਹਾਅ ਹੋਣ ਦੀ ਆਸ ਰੱਖ ਸਕਦਾ ਹੈ। ਕੌਮਾਂਤਰੀ ਫ਼ੌਜਦਾਰੀ ਅਦਾਲਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੱਧ ਤੋਂ ਵੱਧ 30 ਸਾਲਾਂ ਦੀ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਹੁਣ ਤੱਕ, ਇਸ ਅਧੀਨ ਵੱਧ ਤੋਂ ਵੱਧ 25 ਸਾਲ ਦੀ ਕੈਦ ਦੀ ਸਜ਼ਾ ਯੂਗਾਂਡਾ ਦੀ ਲਾਰਡ’ਜ਼ ਰਜ਼ਿਸਟੈਂਸ ਆਰਮੀ ਦੇ ਡੌਮਿਨਿਕ ਓਂਗਵਿਨ ਨੂੰ 61 ਜੰਗੀ ਅਪਰਾਧਾਂ ਅਤੇ ਮਾਨਵਤਾ ਖਿਲਾਫ਼ ਅਪਰਾਧਾਂ ਦੇ ਦੋਸ਼ ਹੇਠ ਸੁਣਾਈ ਗਈ ਹੈ। ਬਹਰਹਾਲ, ਇਹ ਮਨੁੱਖਤਾ ਖਿਲਾਫ਼ ਅਪਰਾਧ ਕਰਨ ਵਾਲੇ ਅਪਰਾਧੀਆਂ ਦੀ ਛੋਟੀ ਜਿਹੀ ਗਿਣਤੀ ਹੈ। ਬਹੁਤ ਹੀ ਖ਼ੌਫ਼ਨਾਕ ਅਪਰਾਧੀਆਂ ਨੂੰ ਛੋਟ ਦਿੱਤੀ ਜਾ ਰਹੀ ਹੈ ਅਤੇ ਟੁੱਟੀ ਭੱਜੀ ਕੌਮਾਂਤਰੀ ਸੁਰੱਖਿਆ ਵਿਵਸਥਾ ਦੀ ਹਾਲਤ ਇੰਨੀ ਜ਼ਰਜਰ ਹੈ ਕਿ ਤਾਨਾਸ਼ਾਹ ਅਤੇ ਜ਼ਾਲਮ ਸ਼ਾਸਕ ਲਗਾਤਾਰ ਅੱਤਿਆਚਾਰ ਕਰ ਰਹੇ ਹਨ।
ਜੇ ਸਜ਼ਾ ਬੁਰਾਈ ਨੂੰ ਠੱਲ੍ਹ ਪਾਉਣ ਦੀ ਜ਼ਾਮਨੀ ਨਹੀਂ ਹੈ ਤਾਂ ਫਿਰ ਅਸੀਂ ਇਸ ਤੋਂ ਬਚਾਓ ਕਿਵੇਂ ਕਰ ਸਕਦੇ ਹਾਂ? ਇਸ ਦਾ ਕੋਈ ਆਸਾਨ ਹੱਲ ਨਹੀਂ ਹੈ ਪਰ ਲੈਟਬੀ ਕੇਸ ਤੋਂ ਇਕ ਸੰਕੇਤ ਮਿਲਦਾ ਹੈ। ਜੇ ਪ੍ਰਬੰਧਕਾਂ ਨੇ ਲੈਟਬੀ ਦੀ ਨਿਗਰਾਨੀ ਹੇਠ ਨਵਜੰਮੇ ਬੱਚਿਆਂ ਦੀਆਂ ਮੌਤਾਂ ਦੀ ਵਧਦੀ ਗਿਣਤੀ ਬਾਰੇ ਦਿੱਤੀਆਂ ਗਈਆਂ ਚਿਤਾਵਨੀਆਂ ’ਤੇ ਧਿਆਨ ਦਿੱਤਾ ਹੁੰਦਾ ਤਾਂ ਇਨ੍ਹਾਂ ਲੜੀਵਾਰ ਕਾਤਲਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕਦਾ ਸੀ। ਇਸ ਤਰ੍ਹਾਂ ਹਸਪਤਾਲ ਦੇ ਅਧਿਕਾਰੀਆਂ ਨੇ ਇਸ ਅਮਲ ਨੂੰ ਸ਼ਹਿ ਦਿੱਤੀ ਕਿਉਂਕਿ ਉਨ੍ਹਾਂ ਨੂੰ ਮਰੀਜ਼ਾਂ ਦੀ ਜਾਨ ਨਾਲੋਂ ਆਪਣੀ ਸਾਖ ਦੀ ਜ਼ਿਆਦਾ ਚਿੰਤਾ ਸੀ। ਅਜਿਹਾ ਕਈ ਵਾਰ ਹੋ ਚੁੱਕਿਆ ਹੈ ਜਿਵੇਂ ਕਿ ਬ੍ਰਿਸਟਲ ਵਿਚ ਅਪਰੇਸ਼ਨ ਦੀਆਂ ਖ਼ਾਮੀਆਂ ਕਰਕੇ 170 ਬੱਚਿਆਂ ਦੀ ਮੌਤ ਹੋ ਗਈ ਸੀ। ਵਿਸਲਬਲੋਅਰ ਸੁਰੱਖਿਆ ਕਾਨੂੰਨਾਂ ਦੇ ਹੁੰਦੇ-ਸੁੰਦੇ ਅਜਿਹੇ ਕੇਸਾਂ ਵਿਚ ਜੇ ਕੋਈ ਮੁਲਾਜ਼ਮ ਆਪਣਾ ਮੂੰਹ ਖੋਲ੍ਹਦਾ ਹੈ ਤਾਂ ਉਸ ਨੂੰ ਤੰਗ ਜਾਂ ਬਰਖ਼ਾਸਤ ਕਰ ਕੇ ਖ਼ੌਫ਼ ਦਾ ਮਾਹੌਲ ਸਿਰਜਿਆ ਜਾਂਦਾ ਹੈ।
ਇਸ ਤਰ੍ਹਾਂ ਦੀ ਸੰਸਥਾਈ ਸਵੈ-ਰੱਖਿਆ ਹਰ ਥਾਈਂ ਨਜ਼ਰ ਆਉਂਦੀ ਹੈ ਜਦੋਂ ਭੋਪਾਲ ਗੈਸ ਤ੍ਰਾਸਦੀ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਸਨ, ਅਮਰੀਕਾ ਵਿਚ ਅਨੈਤਿਕ ਫਾਰਮਾ ਆਚਰਨ ਕਰਕੇ ਅਫ਼ੀਮ ਦੀ ਮਹਾਮਾਰੀ ਨਾਲ ਹਜ਼ਾਰਾਂ ਲੋਕ ਮਾਰੇ ਗਏ ਸਨ ਜਾਂ ਸੰਯੁਕਤ ਰਾਸ਼ਟਰ ਵਿਚ ਸਾਹਮਣੇ ਆਇਆ ਭ੍ਰਿਸ਼ਟਾਚਾਰ ਦਾ ਘੁਟਾਲਾ।
ਨਰਸ ਲੈਟਬੀ ਦਾ ਹਸਪਤਾਲ ਅਤੇ ਸੰਯੁਕਤ ਰਾਸ਼ਟਰ ਜਿਹੀਆਂ ਮਾਨਵਤਾ ਦੀ ਸੇਵਾ ਕਰਨ ਵਾਲੀਆਂ ਏਜੰਸੀਆਂ ਵਿਚ ਲੋਕਾਂ ਦੀ ਸੇਵਾ ਕਰਨ ਵਾਲਾ ਅਮਲਾ ਕੰਮ ਕਰਦਾ ਹੈ। ਇਸ ਕਰਕੇ ਇਹ ਜਾਪਦਾ ਹੈ ਕਿ ਬੁਰਾਈ ਉਦੋਂ ਹੀ ਵਧਦੀ ਫੁੱਲਦੀ ਹੈ ਜਦੋਂ ਚੰਗੇ ਲੋਕ ਮੂੰਹ ਫੇਰ ਲੈਂਦੇ ਹਨ। ਉਦੋਂ ਇਹ ਬਹੁਤੀ ਵਾਰ ਹੁੰਦਾ ਹੈ ਜਦੋਂ ਜਿਵੇਂ ਕਿ ਮਨੀਪੁਰ ਵਿਚ ਔਰਤਾਂ ਨਾਲ ਭੀੜ ਵੱਲੋਂ ਸਮੂਹਿਕ ਬਲਾਤਕਾਰ ਕੀਤਾ ਜਾਂਦਾ ਹੈ ਜਦੋਂਕਿ ਪੁਲੀਸ ਉੱਥੇ ਮੌਜੂਦ ਸੀ ਅਤੇ ਇਹ ਇਕ ਅਜਿਹੀ ਘਟਨਾ ਸੀ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਸ਼ਰਮਨਾਕ ਅਤੇ ਨਾਮੁਆਫ਼ੀਯੋਗ ਕਰਾਰ ਦੇ ਚੁੱਕੇ ਹਨ।
ਸੂਡਾਨ ਵਿਚ ਸੰਯੁਕਤ ਰਾਸ਼ਟਰ ਕੋਆਰਡੀਨੇਟਰ ਹੁੰਦਿਆਂ ਮੈਂ ਇਹੋ ਜਿਹੇ ਜਜ਼ਬਾਤ ’ਚੋਂ ਲੰਘ ਚੁੱਕਿਆ ਹਾਂ। ਮੈਂ ਦਾਰਫੁਰ ਵਿਚ ਸਮੂਹਿਕ ਬਲਾਤਕਾਰਾਂ ਦੀ ਬੁਰਾਈ ਦੇਖੀ ਸੀ ਅਤੇ ਫਿਰ ਸੰਯੁਕਤ ਰਾਸ਼ਟਰ ਵੱਲੋਂ ਮੇਰੀਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੀ ਨਿਰਾਸ਼ਾ ਵੀ ਹੰਢਾਈ ਸੀ। ਮੈਨੂੰ ਸ਼ਰਮ ਇਸ ਗੱਲੋਂ ਸੀ ਕਿ ਕਾਰਵਾਈ ਪਹਿਲਾਂ ਕਿਉਂ ਨਹੀਂ ਹੋਈ, ਅਸੀਂ ਉਸ ਨਸਲਕੁਸ਼ੀ ਵਿਚ ਹੋਈਆਂ 300,000 ਮੌਤਾਂ ’ਚੋਂ ਬਹੁਤ ਸਾਰੀਆਂ ਜਾਨਾਂ ਬਚਾਉਣ ਵਿਚ ਨਾਕਾਮ ਹੋਏ ਸਾਂ। ਨਸਲਕੁਸ਼ੀ ਇਕ ਖ਼ਾਸ ਬੁਰਾਈ ਹੈ- ਇਕ ਅਜਿਹਾ ਅਪਰਾਧ ਜਿਸ ਦਾ ਉਦੋਂ ਤੱਕ ਕੋਈ ਨਾਂ ਥੇਹ ਨਹੀਂ ਸੀ ਜਦੋਂ 1944 ਵਿਚ ਨਸਲਘਾਤ (ਹੌਲੋਕਾਸਟ) ਦੇ ਚੱਲਦਿਆਂ ਰਾਫ਼ੇਲ ਲੇਮਕਿਨ ਨੇ ਇਸ ਦੀ ਖੋਜ ਕੀਤੀ ਸੀ। ਫਿਰ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ 1994 ’ਚ ਰਵਾਂਡਾ ਵਿਚ ਹੋਈ ਨਸਲਕੁਸ਼ੀ ’ਤੇ ਅਮਰੀਕੀ ਨਾਕਾਮੀ ਦਾ ਪਸ਼ਤਾਚਾਪ ਕਰਦਿਆਂ ਅਹਿਦ ਲਿਆ ਸੀ ਕਿ ‘ਫਿਰ ਕਦੇ ਅਜਿਹਾ ਨਹੀਂ ਹੋਵੇਗਾ’। ਪਰ ਇਹ ਵਾਰ ਵਾਰ ਵਾਪਰਦੀ ਰਹੀ: ਰਵਾਂਡਾ ਅਤੇ ਦਾਰਫੁਰ ਤੋਂ ਇਲਾਵਾ ਬੰਗਲਾਦੇਸ਼, ਕੰਬੋਡੀਆ ਅਤੇ ਸਾਬਕਾ ਯੁਗੋਸਲਾਵੀਆ ਅਤੇ ਮਿਆਂਮਾਰ ਵਿਚ ਰੋਹਿੰਗੀਆ ਭਾਈਚਾਰੇ ਖਿਲਾਫ਼, ਇਰਾਕ ਵਿਚ ਯਜ਼ੀਦੀਆਂ, ਚੀਨ ਵਿਚ ਵੀਗਰਾਂ ਅਤੇ ਇਥੋਪੀਆ ਵਿਚ ਟਿਗਰਾਈਆਂ ਖਿਲਾਫ਼ ਨਸਲਕੁਸ਼ੀ ਹੋਈ।
ਅਸਲ ਵਿਚ ਸਾਨੂੰ ਹੈਰਾਨੀ ਨਹੀਂ ਹੋਣੀ ਚਾਹੀਦੀ। ਕੋਈ ਹਸਪਤਾਲ ਹੋਵੇ ਜਾਂ ਫਿਰ ਕੋਈ ਕੌਮਾਂਤਰੀ ਸੰਸਥਾ- ਜਦੋਂ ਆਮ ਨਾਗਰਿਕਾਂ ਨੂੰ ਬੁਰਾਈ ਤੋਂ ਬਚਾਉਣ ਦੇ ਸਭ ਤੋਂ ਵੱਧ ਪਾਵਨ ਜ਼ਿੰਮੇ ਵਾਲੀਆਂ ਸੰਸਥਾਵਾਂ ਆਪਣੀ ਭੂਮਿਕਾ ਨਾ ਨਿਭਾਉਣ ਤਾਂ ਬੁਰਾਈ ਵਾਰ ਵਾਰ ਵਾਪਰਦੀ ਹੈ। ਤ੍ਰਾਸਦੀ ਇਹ ਹੈ ਕਿ ਸਾਡੇ ਕਾਨੂੰਨ ਅਤੇ ਅਦਾਰੇ ਉਦੋਂ ਫੇਲ੍ਹ ਹੁੰਦੇ ਹਨ ਜਦੋਂ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਜਦੋਂ ਇੱਦਾਂ ਵਾਪਰ ਰਿਹਾ ਹੋਵੇ ਤਾਂ ਬੁਰਾਈ ਖਿਲਾਫ਼ ਸਾਡੀ ਇਕਮਾਤਰ ਢਾਲ ਸਾਡਾ ਇਖ਼ਲਾਕੀ ਆਪਾ ਹੁੰਦਾ ਹੈ। ਜੇ ਬੁਰਾਈ ਬੰਦਿਆਂ ਦੇ ਦਿਲਾਂ ’ਚੋਂ ਪੈਦਾ ਹੁੰਦੀ ਹੈ ਤਾਂ ਮਾਨਵਤਾ ਦੀਆਂ ਢਾਲਾਂ ਵੀ ਉੱਥੇ ਹੀ ਬਣਾਉਣ ਦੀ ਲੋੜ ਹੈ। ਚੰਗਿਆਈ ਲਈ ਖੜ੍ਹੇ ਹੋਣ ਅਤੇ ਬੁਰਾਈ ਖਿਲਾਫ਼ ਲੜਨ ਲਈ ਭਾਵੇਂ ਕੁਝ ਵੀ ਹੋਵੇ, ਹਰ ਵਕਤ ਸਹੀ ਕੰਮ ਕਰਨ ਦੇ ਹੌਸਲੇ ਦੀ ਬਹੁਤ ਲੋੜ ਪੈਂਦੀ ਹੈ। ਅੰਤ ਨੂੰ ਇਹ ਇਕ ਨਿੱਜੀ ਜ਼ਿੰਮੇਵਾਰੀ ਹੈ ਜੋ ਕਿਸੇ ਹੋਰ ਨੂੰ ਨਹੀਂ ਸੌਂਪੀ ਜਾ ਸਕਦੀ।
* ਲੇਖਕ ਸੂਡਾਨ ਵਿਖੇ ਸੰਯੁਕਤ ਰਾਸ਼ਟਰ ਦੇ ਸਾਬਕਾ ਰੈਜ਼ੀਡੈਂਟ ਅਤੇ ਮਾਨਵੀ ਕਾਰਜਾਂ ਦੇ ਕੋਆਰਡੀਨੇਟਰ ਹਨ।

Advertisement
Author Image

Advertisement
Advertisement
×