For the best experience, open
https://m.punjabitribuneonline.com
on your mobile browser.
Advertisement

ਅਮਿਤਾਭ ਬੱਚਨ ਨੂੰ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਦੇਣ ਦਾ ਐਲਾਨ

08:48 AM Apr 19, 2024 IST
ਅਮਿਤਾਭ ਬੱਚਨ ਨੂੰ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਦੇਣ ਦਾ ਐਲਾਨ
Advertisement

ਮੁੰਬਈ: ਸੁਪਰਸਟਾਰ ਅਮਿਤਾਭ ਬੱਚਨ ਨੂੰ ਦੇਸ਼ ਅਤੇ ਸਮਾਜ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਤੀਜੇ ਵੱਕਾਰੀ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਲਈ ਚੁਣਿਆ ਗਿਆ ਹੈ। ਮੰਗੇਸ਼ਕਰ ਪਰਿਵਾਰ ਨੇ ਦੱਸਿਆ ਕਿ ਇਹ ਐਵਾਰਡ 24 ਅਪਰੈਲ ਨੂੰ ਮੁੰਬਈ ਦੇ ਵਿਲੇ ਪਾਰਲੇ ਸਥਿਤ ਦੀਨਾਨਾਥ ਮੰਗੇਸ਼ਕਰ ਨਾਟਿਆਗ੍ਰਹਿ ਵਿੱਚ ਦਿੱਤਾ ਜਾਵੇਗਾ। ਦੀਨਾਨਾਥ ਮੰਗੇਸ਼ਕਰ ਸਮਰਿਤੀ ਪ੍ਰਤਿਸ਼ਠਾਨ ਵੱਲੋਂ 6 ਫਰਵਰੀ 2022 ਨੂੰ ਮਰਹੂਮ ਭਾਰਤ ਰਤਨ ਪੁਰਸਕਾਰ ਜੇਤੂ ਅਤੇ ਉੱਘੀ ਗਾਇਕਾ ਲਤਾ ਮੰਗੇਸ਼ਕਰ ਦੀ ਯਾਦ ਵਿੱਚ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਦੇਣ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਪੁਰਸਕਾਰ ਵੱਖ ਵੱਖ ਸ਼ਖਸੀਅਤਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਬਦਲੇ ਦਿੱਤਾ ਜਾਂਦਾ ਹੈ। ਇਸ ਮਾਣਮੱਤੇ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਘੀ ਗਾਇਕਾ ਆਸ਼ਾ ਭੋਸਲੇ ਵੀ ਸ਼ਾਮਲ ਹਨ। ਪ੍ਰਤਿਸ਼ਠਾਨ ਨੇ ਕਈ ਹੋਰਾਂ ਨੂੰ ਮਾਸਟਰ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਨਾਲ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ ਇਨ੍ਹਾਂ ਵਿੱਚ ਸੰਗੀਤ ਨਿਰਦੇਸ਼ਕ ਏਆਰ. ਰਹਿਮਾਨ ਅਤੇ ਮਰਾਠੀ ਅਭਿਨੇਤਾ ਅਸ਼ੋਕ ਸਰਾਫ ਨੂੰ ਸੰਗੀਤ ਲਈ, ਪਦਮਨੀ ਕੋਹਲਾਪੁਰੀ ਨੂੰ ਫਿਲਮਾਂ ਲਈ, ਗਾਇਕ ਰੂਪਕੁਮਾਰ ਰਾਠੌਰ ਨੂੰ ਭਾਰਤੀ ਸੰਗੀਤ ਲਈ ਚੁਣਿਆ ਹੈ। ਇਸ ਤੋਂ ਇਲਾਵਾ ਅਦਾਕਾਰ ਅਤੁਲ ਪਰਚੁਰੇ ਨੂੰ ਮਰਾਠੀ ਥੀਏਟਰ ਲਈ ਅਤੇ ਸੇਵਾਮੁਕਤ ਅਧਿਆਪਕ ਅਤੇ ਲੇਖਕ ਮੰਜਰੀ ਫੜਕੇ ਨੂੰ ਲਿਟਰੇਚਰ ਲਈ ਪੁਰਸਕਾਰ ਦਿੱਤਾ ਜਾਵੇਗਾ। ਮਰਾਠੀ ਨਾਟਕ ‘ਗਾਲਿਬ’ ਨੂੰ ਸਰਵੋਤਮ ਨਾਟਕ ਲਈ ਮੋਹਨ ਵਾਘ ਪੁਰਸਕਾਰ ਮਿਲੇਗਾ। ਇਸ ਦੇ ਨਾਲ ਹੀ ਅਭਿਨੇਤਾ, ਨਿਰਮਾਤਾ ਅਤੇ ਨਿਰਦੇਸ਼ਕ ਰਣਦੀਪ ਹੁੱਡਾ ਨੂੰ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਵਿਸ਼ੇਸ਼ ਪੁਰਸਕਾਰ ਮਿਲਿਆ। ਮਿਊਜ਼ਿਕ ਡਾਇਰੈਕਟਰ ਹਿਰਦੇਨਾਥ ਮੰਗੇਸ਼ਕਰ ਨੇ ਪੁਰਸਕਾਰਾਂ ਦਾ ਐਲਾਨ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਇਸ ਮੌਕੇ ਊਸ਼ਾ ਮੰਗੇਸ਼ਕਰ ਅਤੇ ਹਿਰਦੇਨਾਥ ਦਾ ਪੁੱਤਰ ਆਦੀਨਾਥ ਮੰਗੇਸ਼ਕਰ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਪਿਛਲੇ 34 ਸਾਲਾਂ ਵਿੱਚ ਕਰੀਬ 212 ਵਿਅਕਤੀਆਂ ਨੂੰ ਅਜਿਹੇ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×