ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਾਰਾਜਾ ਰਣਜੀਤ ਸਿੰਘ ਦੀ ਆਖ਼ਰੀ ਖ਼ਾਹਿਸ਼

07:19 AM Jun 30, 2024 IST
ਮਹਾਰਾਜਾ ਰਣਜੀਤ ਸਿੰਘ, ਮਹਾਰਾਜਾ ਸ਼ੇਰ ਸਿੰਘ, ਮਹਾਰਾਜਾ ਦਲੀਪ ਸਿੰਘ ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਸ਼ੇਰ ਸਿੰਘ ਦੇ ਬਾਜੂਬੰਦ ’ਚ ਜੜਿਆ ਕੋਹਿਨੂਰ ਹੀਰਾ (ਇਨਸੈੱਟ)। ਫੋਟੋਆਂ: ਲੇਖਕ

ਡਾ. ਜੇ.ਐੱਸ. ਭਾਟੀਆ

Advertisement

ਮਹਾਰਾਜਾ ਰਣਜੀਤ ਸਿੰਘ (1780-1839) ਦਾ ਰਾਜ ਪੱਛਮ ਵਿੱਚ ਖ਼ੈਬਰ ਦੱਰੇ, ਉੱਤਰ ’ਚ ਕਸ਼ਮੀਰ, ਦੱਖਣ ’ਚ ਸਿੰਧ ਅਤੇ ਪੂਰਬ ’ਚ ਤਿੱਬਤ ਤੱਕ ਫੈਲਿਆ ਹੋਇਆ ਸੀ। ਲਾਹੌਰ ਵਿਖੇ 27 ਜੂਨ 1839 ਨੂੰ ਮਹਾਰਾਜੇ ਦਾ ਦੇਹਾਂਤ ਹੋਇਆ। ਇਸ ਇਤਿਹਾਸਕ ਘਟਨਾ ਨੂੰ ਦੁਨੀਆ ਦੇ ਲਗਪਗ ਹਰ ਇਤਿਹਾਸਕਾਰ ਨੇ ਆਪਣੀ ਕਲਮ ਰਾਹੀਂ ਕਲਮਬੰਦ ਕੀਤਾ ਹੈ। ਇਸ ਤੱਥ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਉਸੇ ਮਹਾਰਾਜੇ ਦੇ ਆਖੇ ਆਖ਼ਰੀ ਸ਼ਬਦਾਂ ਨੂੰ ਕੁਝ ਕੁ ਇਤਿਹਾਸਕਾਰਾਂ ਨੇ ਬਦਲ ਕੇ ਰੱਖ ਦਿੱਤਾ।

Advertisement


ਜਦੋਂ ਮਹਾਰਾਜਾ ਰਣਜੀਤ ਸਿੰਘ ਆਖ਼ਰੀ ਸਾਹਾਂ ’ਤੇ ਸੀ ਤਾਂ ਉਸ ਕੋਲ ਖਲੋਤੇ ਦਰਬਾਰੀ ਸਲਾਹਕਾਰਾਂ ਦੇ ਨਾਲ ਇੱਕ ਵਿਦੇਸ਼ੀ ਅਧਿਕਾਰੀ ਵਿਲੀਅਮ ਓਸਬੋਰਨ ਵੀ ਖੜ੍ਹਾ ਸੀ ਜੋ 18 ਮਈ 1838 ਨੂੰ ਲਾਹੌਰ ਦਰਬਾਰ ਵਿਖੇ ਬਰਤਾਨਵੀ ਗਵਰਨਰ-ਜਨਰਲ ਲਾਰਡ ਆਕਲੈਂਡ ਦਾ ਏ.ਡੀ.ਸੀ. ਬਣ ਕੇ ਆਇਆ ਤੇ ਕਈ ਮਹੀਨੇ ਲਾਹੌਰ ਰਿਹਾ। ਉੱਥੇ ਉਸ ਨੇ ਮਹਾਰਾਜੇ ਦੇ ਅਸਤਰ-ਸ਼ਸਤਰ ਅਤੇ ਖਾਣ-ਪੀਣ ਦੇ ਤੌਰ-ਤਰੀਕੇ ਦੇਖੇ ਅਤੇ ਰੋਜ਼ਾਨਾ ਆਪਣੀ ਡਾਇਰੀ ਵਿੱਚ ਉਨ੍ਹਾਂ ਬਾਰੇ ਸਕੈੱਚ ਵੀ ਬਣਾਉਂਦਾ ਰਿਹਾ। ਉਸ ਨੇ ਇਹ 16 ਸਕੈੱਚ ਬਾਅਦ ਵਿੱਚ ਆਪਣੀ ਕਿਤਾਬ ‘ਕੋਰਟ ਐਂਡ ਕੈਂਪ ਆਫ਼ ਮਹਾਰਾਜਾ ਰਣਜੀਤ ਸਿੰਘ’ (1840) ’ਚ ਛਪਵਾਏ। ਉਸ ਕਿਤਾਬ ’ਚ ਓਸਬੋਰਨ ਆਪਣੇ ਦੋਸਤ ਨੂੰ ਜੁਲਾਈ 1839 ’ਚ ਲਿਖੇ ਖ਼ਤ ਬਾਰੇ ਦੱਸਦਾ ਹੈ ਕਿ ਮਹਾਰਾਜੇ ਨੇ ਆਪਣੀ ਮੌਤ ਤੋਂ ਦੋ ਘੰਟੇ ਪਹਿਲਾਂ ਕੋਲ ਖੜ੍ਹੇ ਖ਼ਜ਼ਾਨਾ ਮੰਤਰੀ ਬੇਲੀਰਾਮ ਨੂੰ ਕਿਹਾ ਕਿ ਮੇਰਾ ਕੋਹਿਨੂਰ ਹੀਰਾ ਹਿੰਦੂ ਟੈਂਪਲ ਨੂੰ ਭੇਂਟ ਕਰ ਦੇਣਾ, ਮੋਤੀਆਂ ਦੀ ਮਾਲਾ ਦੂਸਰੇ ਅਤੇ ਤੀਸਰੇ ਨੂੰ ਗਹਿਣੇ ਤੇ ਹੀਰੇ। ਇਸ ਦਾ ਸਾਫ਼ ਮਤਲਬ ਇਹ ਸੀ ਕਿ ਕੋਹਿਨੂਰ ਹੀਰਾ ਸ੍ਰੀ ਹਰਿਮੰਦਰ ਸਾਹਿਬ, ਮੋਤੀਆਂ ਦੀ ਮਾਲਾ ਸ੍ਰੀ ਪਟਨਾ ਸਾਹਿਬ ਅਤੇ ਗਹਿਣੇ ਤੇ ਹੀਰੇ ਮੋਤੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਭੇਟ ਕਰਨੇ ਸਨ ਜਿੱਥੇ ਉਸ ਦੀ ਅਥਾਹ ਆਸਥਾ ਅਤੇ ਵਿਸ਼ਵਾਸ ਸੀ। ਓਸਬੋਰਨ ਵਿਦੇਸ਼ੀ ਹੋਣ ਕਾਰਨ ਸ੍ਰੀ ਹਰਿਮੰਦਰ ਸਾਹਿਬ ਨੂੰ ਹਿੰਦੂ ਟੈਂਪਲ ਲਿਖ ਬੈਠਾ ਜਿਸ ਕਾਰਨ ਕੋਹਿਨੂਰ ਕਿਸੇ ਵੀ ਹਿੰਦੂ ਮੰਦਰ ਨੂੰ ਨਹੀਂ ਮਿਲਿਆ ਤੇ ਨਾ ਹੀ ਕਿਸੇ ਇਤਿਹਾਸਕਾਰ ਨੇ ਇਸ ਬਾਰੇ ਬਾਰੀਕੀ ਨਾਲ ਸੋਚਿਆ।


ਕੋਲ ਖੜ੍ਹੇ ਬੇਲੀਰਾਮ ਨੂੰ ਰਾਜਾ ਧਿਆਨ ਸਿੰਘ ਅਤੇ ਰਾਜਾ ਖੁਸ਼ਹਾਲ ਸਿੰਘ ਨੇ ਕਿਹਾ ਕਿ ਇਹ ਹੀਰਾ ਕਿਸੇ ਨੂੰ ਖ਼ੈਰਾਤ ਵਿੱਚ ਨਹੀਂ ਦਿੱਤਾ ਜਾ ਸਕਦਾ ਤੇ ਇਹ ਮਹਾਰਾਜੇ ਦੇ ਵਾਰਿਸ ਨੂੰ ਹੀ ਮਿਲੇਗਾ।
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਉਪਰੰਤ ਉਸ ਦੇ ਵੱਡੇ ਪੁੱਤਰ ਕੰਵਰ ਖੜਕ ਸਿੰਘ ਨੂੰ ਮਹਾਰਾਜਾ ਐਲਾਨਿਆ ਗਿਆ ਜਿਸ ਤੋਂ ਕੁਝ ਮਹੀਨਿਆਂ ਬਾਅਦ ਉਸ ਦੀ ਮੌਤ ਹੋ ਗਈ। ਇਸ ਤੋਂ ਅਗਲੇ ਦਿਨ ਉਸ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਸਾਜ਼ਿਸ਼ ਤਹਿਤ ਮਾਰ ਦਿੱਤਾ ਗਿਆ। ਮਹਾਰਾਜੇ ਦੇ ਦੂਜੇ ਪੁੱਤਰ ਕੰਵਰ ਸ਼ੇਰ ਸਿੰਘ (1807-1843) ਨੂੰ ਰਾਜ ਤਿਲਕ ਲਗਾ ਕੇ ਮਹਾਰਾਜਾ ਐਲਾਨ ਦਿੱਤਾ ਗਿਆ। ਜਰਮਨ ਚਿੱਤਰਕਾਰ ਅਗਸਤ ਸ਼ੈਫਟ ਨੇ 1840 ’ਚ ਉਸ ਦਾ ਚਿੱਤਰ ਤੇਲ ਰੰਗਾਂ ਵਿੱਚ ਬਣਾਇਆ। ਸ਼ੇਰ ਸਿੰਘ ਦੇ ਇਸ ਚਿੱਤਰ ’ਚ ਉਸ ਦੀਆਂ ਦੋਵੇਂ ਬਾਹਵਾਂ ’ਚ ਤਿੰਨ-ਤਿੰਨ ਬਾਜੂਬੰਦ ਦਿਖਾਈ ਗਏ ਹਨ। ਸੱਜੀ ਬਾਂਹ ਵਾਲੇ ਵਿਚਕਾਰਲੇ ਬਾਜੂਬੰਦ ’ਚ ‘ਕੋਹਿਨੂਰ’ ਅਤੇ ਖੱਬੀ ਬਾਂਹ ਵਾਲੇ ਵਿਚਕਾਰਲੇ ਬਾਜੂਬੰਦ ’ਚ ‘ਦਰਿਆ-ਏ-ਨੂਰ’ ਹੀਰਾ ਚਿਤਰਿਆ ਹੋਇਆ ਹੈ। ਸ਼ੈਫਟ ਨੇ ਇਸ ਚਿੱਤਰ ਵਿੱਚ ਲਾਹੌਰ ਦੇ ਅਮੀਰ ਤੇ ਦਲੇਰ ਸਿੱਖ ਮਹਾਰਾਜੇ ਵਜੋਂ ਸ਼ੇਰ ਸਿੰਘ ਦੀ ਪੂਰੀ ਸ਼ਾਨੋ-ਸ਼ੌਕਤ ਦਿਖਾਈ ਹੈ ਜੋ ਇਸ ਵੇਲੇ ਪਾਕਿਸਤਾਨ ਦੇ ਅਜਾਇਬਘਰ ਵਿੱਚ ਸੰਭਾਲਿਆ ਹੋਇਆ ਹੈ।


ਜਦੋਂ ਮਹਾਰਾਜਾ ਸ਼ੇਰ ਸਿੰਘ ਪਹਿਲਵਾਨਾਂ ਦੀ ਕੁਸ਼ਤੀ ਦੇਖ ਰਿਹਾ ਸੀ ਤੇ ਉਸ ਦਾ ਧਿਆਨ ਇਨਾਮ ਦੇਣ ਵੱਲ ਸੀ ਤਾਂ ਰਾਜਾ ਧਿਆਨ ਸਿੰਘ ਤੇ ਰਾਜਾ ਅਜੀਤ ਸਿੰਘ ਇੱਕ ਦੋਨਾਲੀ ਬੰਦੂਕ ਦਿਖਾਉਣ ਬਹਾਨੇ ਮਹਾਰਾਜਾ ਸ਼ੇਰ ਸਿੰਘ ਕੋਲ ਗਏ। ਉਨ੍ਹਾਂ ਕਿਹਾ ਕਿ ਇਹ ਵਿਦੇਸ਼ੀ ਬੰਦੂਕ 1400 ਰੁਪਏ ਦੀ ਲਈ ਹੈ। ਇਹ ਕਹਿੰਦਿਆਂ ਸ਼ੇਰ ਸਿੰਘ ਵੱਲ ਬੰਦੂਕ ਕਰਕੇ ਘੋੜਾ ਦੱਬ ਕੇ ਉਸ ਨੂੰ ਉੱਥੇ ਹੀ ਢੇਰ ਕਰ ਦਿੱਤਾ। ਇਸ ਕਾਰਨ ਸਿੱਖ ਰਾਜ ਦਾ ਸੂਰਜ ਅਸਤ ਹੋਇਆ ਨਜ਼ਰ ਆਉਣ ਲੱਗਾ। ਮਹਾਰਾਜਾ ਸ਼ੇਰ ਸਿੰਘ ਦਾ ਛੋਟਾ ਭਰਾ ਸ਼ਹਿਜ਼ਾਦਾ ਦਲੀਪ ਸਿੰਘ ਉਸ ਸਮੇਂ ਸਾਢੇ ਕੁ ਪੰਜ ਸਾਲ ਦਾ ਸੀ। ਉਸ ਦੇ ਮੱਥੇ ’ਤੇ ਸ਼ੇਰ ਸਿੰਘ ਦਾ ਖ਼ੂਨ ਲਗਾ ਕੇ ਉਸ ਨੂੰ ਰਾਜਗੱਦੀ ’ਤੇ ਬਿਠਾਉਣ ਮਗਰੋਂ ਲਾਹੌਰ ਦਰਬਾਰ ਦਾ ਮਹਾਰਾਜਾ ਐਲਾਨਿਆ ਗਿਆ। ਇਸ ਮੌਕੇ ਦਲੀਪ ਸਿੰਘ ਨਾਲ ਬੈਠੇ ਕੁਝ ਰਾਜੇ ਵੀ ਚਿਤਰੇ ਗਏ। ਉਸ ਵੇਲੇ ਲਾਹੌਰ ਦਰਬਾਰ ਦਾ ਚਿੱਤਰਕਾਰ ਹਸਨ-ਅਲ-ਦੀਨ ਸੀ। ਉਸ ਨੇ ਮਹਾਰਾਜਾ ਐਲਾਨੇ ਗਏ ਦਲੀਪ ਸਿੰਘ ਨੂੰ ਗੋਲ ਗਲੀਚੇ ’ਤੇ ਬੈਠਾ ਦਿਖਾਇਆ ਹੈ ਅਤੇ ਹੋਰ ਦਰਬਾਰੀ ਵੀ ਨਾਲ ਬੈਠੇ ਦਿਖਾਏ ਹਨ। ਬਾਲ ਮਹਾਰਾਜੇ ਦੀ ਸੱਜੀ ਬਾਂਹ ’ਚ ਦੋ ਲੜੀਆਂ ਵਾਲੀ ਮੋਤੀਆਂ ਦੀ ਬਣਤਰ ’ਚ ਹੀਰੇ ਜੜੇ ਦਿਖਾਏ ਹਨ ਪਰ ਇਨ੍ਹਾਂ ’ਚ ਕੋਹਿਨੂਰ ਨਹੀਂ ਸੀ।
ਇਨ੍ਹਾਂ ਮਗਰੋਂ ਸੰਨ 1847 ’ਚ ਮੌਕਾ ਮਿਲਣ ’ਤੇ ਚਾਰਲਸ ਸਟੀਵਰਟ ਹਾਰਡਿੰਗ ਨੇ ਵੀ ਕੁਰਸੀ ’ਤੇ ਬੈਠੇ ਮਹਾਰਾਜਾ ਦਲੀਪ ਸਿੰਘ ਦਾ ਰੰਗੀਨ ਚਿੱਤਰ ਬਣਾਇਆ। ਉਸ ਦੀ ਪੱਗੜੀ ਉੱਤੇ ਲੱਗੀ ਕਲਗੀ, ਕੰਨਾਂ ਵਿੱਚ ਮੁੰਦਰਾਂ, ਗਲੇ ’ਚ ਸੁਨਹਿਰੀ ਹਾਰ ਅਤੇ ਸੱਜੀ ਬਾਂਹ ’ਚ ਬਾਜੂਬੰਦ ਦਿਖਾਏ। ਇਸ ਚਿੱਤਰ ਵਿੱਚ ਸੱਜੀ ਬਾਂਹ ’ਚ ਪਾਏ ਦੋਵਾਂ ਬਾਜੂਬੰਦਾਂ ’ਚ ਇੱਕ-ਇੱਕ ਹੀਰਾ ਜੜਿਆ ਦਿਖਾਇਆ ਪਰ ਇਨ੍ਹਾਂ ’ਚੋਂ ਕੋਈ ਵੀ ਕੋਹਿਨੂਰ ਨਹੀਂ ਸੀ ਅਤੇ ਖੱਬੀ ਬਾਂਹ ਇੱਕ ਲਾਲ-ਹਰੀ ਸ਼ਾਲ ਨਾਲ ਢਕੀ ਦਿਖਾਈ।
ਕਰਨਲ ਕੌਲਿਨ ਮੈਕੈਂਜ਼ੀ ਦੀ ਪਤਨੀ ਨੇ ਵੀ ਮਹਾਰਾਜਾ ਦਲੀਪ ਸਿੰਘ ਦੇ ਲਾਹੌਰ ਛੱਡਣ ਤੋਂ ਪਹਿਲਾਂ ਉਸ ਦਾ ਸਾਥੀਆਂ ਨਾਲ ਕੁਰਸੀ ’ਤੇ ਬੈਠੇ ਦਾ ਚਿੱਤਰ ਸੰਨ 1849 ਵਿੱਚ ਬਣਾਇਆ ਜਿਸ ਨੂੰ ਉਸ ਨੇ 1854 ਵਿੱਚ ਰੰਗੀਨ ਛਪਵਾਇਆ। ਇਸ ਚਿੱਤਰ ਵਿੱਚ ਵੀ ਦਲੀਪ ਸਿੰਘ ਦੇ ਮੋਢਿਆਂ ’ਤੇ ਸ਼ਾਲ ਅਤੇ ਉਸ ਉਪਰ ਇੱਕ ਸਿਰੋਪਾ ਤਾਂ ਦਿਖਾਇਆ ਹੈ ਪਰ ਬਾਜੂਬੰਦ ਨਹੀਂ ਦਿਖਾਏ।
ਅੰਗਰੇਜ਼ ਸੰਨ 1851 ਵਿੱਚ ਦਲੀਪ ਸਿੰਘ ਨੂੰ ਲਾਹੌਰ ਤੋਂ ਫਤਿਹਗੜ੍ਹ ਤੇ ਫਿਰ ਮਸੂਰੀ ਲੈ ਗਏ। ਉੱਥੇ ਉਸ ਦੀ ਰਿਹਾਇਸ਼ ਲਈ ਕਾਂਸਲ ਹਿੱਲ ਨਾਮ ਦੀ ਪਹਾੜੀ ’ਤੇ ਘਰ ਖਰੀਦਿਆ। ਇੱਥੇ ਰਹਿੰਦਿਆਂ ਦਲੀਪ ਸਿੰਘ ਨੇ ਘੋੜਸਵਾਰੀ, ਸੰਗੀਤ, ਚਿੱਤਰਕਾਰੀ ਅਤੇ ਸ਼ਿਕਾਰ ਕਰਨਾ ਸਿੱਖਿਆ। ਇਸ ਦੌਰਾਨ 1852 ’ਚ ਇੱਕ ਹੋਰ ਵਿਦੇਸ਼ੀ ਚਿੱਤਰਕਾਰ ਜੌਰਜ ਬੀਚੀ ਨੇ ਉਸ ਦਾ ਸ਼ਾਹੀ ਕੁਰਸੀ ’ਤੇ ਬੈਠੇ ਹੋਏ ਦਾ ਚਿੱਤਰ ਤੇਲ ਰੰਗਾਂ ਵਿੱਚ ਚਿੱਤਰਿਆ। ਸਿਰ ’ਤੇ ਪੱਗੜੀ ਉੱਪਰ ਮੋਤੀਆਂ ਦੀ ਮਾਲਾ ਤੇ ਕਲਗੀ ਅਤੇ ਮੋਤੀਆਂ ਦੀ ਮਾਲਾ ਤੇ ਹੀਰੇ-ਜਵਾਹਰਾਤ ਨਾਲ ਭਰਿਆ ਗਲ ਦਿਖਾਇਆ ਗਿਆ। ਸੱਜੀ ਬਾਂਹ ਦੇ ਮੋਢੇ ਨੂੰ ਲਾਲ ਸ਼ਾਲ ਨਾਲ ਅੱਧ-ਢਕਿਆ ਅਤੇ ਖੱਬੀ ਬਾਂਹ ’ਤੇ ਇੱਕ ਬਾਜੂਬੰਦ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਵਿੱਚ ਹਰੇ ਰੰਗ ਦਾ ਹੀਰਾ ਜੜਿਆ ਦਿਖਾਇਆ ਹੈ। ਉਸ ਨੇ ਚੜ੍ਹਦੀ ਜਵਾਨੀ ਅਤੇ ਅਮੀਰੀ ਨਾਲ ਭਰੇ ਦਲੀਪ ਸਿੰਘ ਦਾ ਸਿੱਖ ਮਹਾਰਾਜੇ ਵਜੋਂ ਚਿੱਤਰ ਪੂਰੀ ਸ਼ਾਨੋ-ਸ਼ੌਕਤ ਵਾਲਾ ਬਣਾਇਆ। ਇਹ ਚਿੱਤਰ ਤਤਕਾਲੀ ਗਵਰਨਰ ਜਨਰਲ ਲਾਰਡ ਡਲਹੌਜ਼ੀ ਨੂੰ ਬੜਾ ਪਸੰਦ ਆਇਆ ਤੇ ਉਹ ਇੰਗਲੈਂਡ ਜਾਂਦਾ ਹੋਇਆ ਇਸ ਨੂੰ ਆਪਣੇ ਨਾਲ ਲੈ ਗਿਆ। ਉਸ ਦੇ ਪਰਿਵਾਰ ਨੇ ਸਾਲ 1990 ’ਚ ਇਹ ਚਿੱਤਰ ਸੋਥਬੀ ਨਿਲਾਮੀਘਰ ਵਿੱਚ 60,000 ਡਾਲਰ ’ਚ ਵੇਚ ਦਿੱਤਾ।
ਇਉਂ ਦੁਨੀਆ ਦੇ ਪ੍ਰਸਿੱਧ ਚਿੱਤਰਕਾਰਾਂ ਨੇ ਸਿਰਫ਼ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਸ਼ੇਰ ਸਿੰਘ ਨੂੰ ਹੀ ਕੋਹਿਨੂਰ ਜੜੇ ਬਾਜੂਬੰਦ ਪਹਿਨੀ ਦਿਖਾ ਕੇ ਇਹ ਸਾਬਤ ਕਰ ਦਿੱਤਾ ਕਿ ਕੋਹਿਨੂਰ ਹੀਰਾ ਸਿਰਫ਼ ਦੋ ਸਿੱਖ ਮਹਾਰਾਜਿਆਂ ਸਮੇਂ ਹੀ ਲਾਹੌਰ ਦਰਬਾਰ ਵਿੱਚ ਸੀ।
ਪਿਛੋਕੜ ਵੱਲ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਕੋਹਿਨੂਰ ਹੀਰਾ ਹਥਿਆਉਣ ਦੀ ਸਾਜ਼ਿਸ਼ ਬਹੁਤ ਪਹਿਲਾਂ ਤੋਂ ਘੜੀ ਗਈ ਸੀ। ਜਦੋਂ ਬਰਤਾਨਵੀ ਸਰਕਾਰ ਨੂੰ ਪਤਾ ਲੱਗਾ ਕਿ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਕੋਹਿਨੂਰ ਮਹਾਰਾਜਾ ਰਣਜੀਤ ਸਿੰਘ ਕੋਲ ਹੈ ਤਾਂ ਇਸ ਹੀਰੇ ਦੀ ਖਿੱਚ ਨੇ ਉਨ੍ਹਾਂ ਨੂੰ ਸਾਜ਼ਿਸ਼ ਘੜਨ ਲਈ ਮਜਬੂਰ ਕਰ ਦਿੱਤਾ। ਰੋਪੜ ਮਿਲਣੀ ਇਸ ਸਾਜ਼ਿਸ਼ ਦੀ ਪਹਿਲੀ ਪੌੜੀ ਸੀ।
ਲਾਰਡ ਆਕਲੈਂਡ ਉਸ ਸਮੇਂ ਭਾਰਤ ਦਾ ਗਵਰਨਰ-ਜਨਰਲ ਸੀ। ਉਸ ਨੇ ਮਹਾਰਾਜੇ ਦੇ ਵਜ਼ੀਰ, ਫ਼ਕੀਰ ਅਜ਼ੀਜ਼-ਉਦ-ਦੀਨ ਨੂੰ ਸ਼ਿਮਲੇ ਬੁਲਾ ਕੇ ਮਹਾਰਾਜੇ
ਬਾਰੇ ਘੋਖਣ ਦੀ ਕੋਸ਼ਿਸ਼ ਕੀਤੀ। ਫ਼ਕੀਰ ਅਜ਼ੀਜ਼-ਉਦ-ਦੀਨ ਨੇ ਜਵਾਬ ਦਿੱਤਾ ਕਿ ਅਸੀਂ ਤਾਂ ਮਹਾਰਾਜੇ ਨੂੰ
ਝੁਕ ਕੇ ਸਲਾਮ ਕਰਦੇ ਹਾਂ, ਅਸੀਂ ਕਦੇ ਉਨ੍ਹਾਂ ਵੱਲ
ਨਹੀਂ ਤੱਕਿਆ। ਫਿਰ ਲਾਰਡ ਆਕਲੈਂਡ ਨੇ 8 ਅਕਤੂਬਰ 1831 ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਰੋਪੜ
ਮਿਲਣੀ ਲਈ ਬੁਲਾਇਆ।
ਖ਼ਾਸ ਮੁਲਾਕਾਤ ਤੋਂ ਪਹਿਲਾਂ ਲਾਰਡ ਆਕਲੈਂਡ ਨੇ ਕੈਪਟਨ ਵਾਂਡੇ ਨੂੰ ਹੁਕਮ ਦਿੱਤਾ ਕਿ ਰੋਪੜ ਮਿਲਣੀ ਸਮੇਂ ਚਿੱਤਰਕਾਰ ਜੀਵਨ ਰਾਮ ਨੂੰ ਦਿੱਲੀ ਤੋਂ ਬੁਲਾਇਆ ਜਾਵੇ। ਚਿੱਤਰ ਬਣਾਉਣ ਲਈ ਆਕਲੈਂਡ ਦੇ ਇਸ਼ਾਰੇ ’ਤੇ ਮਹਾਰਾਜਾ ਰਣਜੀਤ ਸਿੰਘ ਨੂੰ ਉਸ ਅੰਦਾਜ਼ ਵਿੱਚ ਬਿਠਾਇਆ ਗਿਆ ਜਿਸ ਨਾਲ ਕੋਹਿਨੂਰ ਹੀਰਾ ਜੜੇ ਬਾਜੂਬੰਦ ਵਾਲਾ ਪਾਸਾ ਚੰਗੀ ਤਰ੍ਹਾਂ ਦਿਸੇ। ਇਹ ਮਹਾਰਾਜਾ ਰਣਜੀਤ ਸਿੰਘ ਦਾ ਪਹਿਲਾ ਚਿੱਤਰ ਸੀ ਜਿਸ ਵਿੱਚ ਕੋਹਿਨੂਰ ਜੜਿਆ ਬਾਜੂਬੰਦ ਇੱਕ ਭਾਰਤੀ ਚਿੱਤਰਕਾਰ ਨੇ ਵਿਦੇਸ਼ੀ ਦੇ ਇਸ਼ਾਰੇ ’ਤੇ ਚਿੱਤਰਿਆ ਜਿਸ ਦਾ ਮਹਾਰਾਜੇ ਨੇ ਬੁਰਾ ਵੀ ਮੰਨਿਆ।
ਉਨ੍ਹੀਵੀਂ ਸਦੀ ਦੇ ਵਿਦੇਸ਼ੀ ਇਤਿਹਾਸਕਾਰ ਓਸਬੋਰਨ ਅਤੇ ਦੋ ਸਿੱਖ ਇਤਿਹਾਸਕਾਰਾਂ ਵਿੱਚੋਂ ਗਿਆਨੀ ਗਿਆਨ ਸਿੰਘ ਅਤੇ ਹਿਸਟੋਰੀਅਨ ਖਜਾਨ ਸਿੰਘ ਨੇ ਆਪਣੀਆਂ ਲਿਖਤਾਂ ਵਿੱਚ ਜ਼ਿਕਰ ਕੀਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਆਖ਼ਰੀ ਖ਼ਾਹਿਸ਼ ਕੋਹਿਨੂਰ ਹੀਰਾ ਸ੍ਰੀ ਦਰਬਾਰ ਸਾਹਿਬ ਭੇਟ ਕਰਨ ਦੀ ਸੀ।
ਅਜਿਹਾ ਹੋਇਆ ਨਹੀਂ। ਇਨ੍ਹਾਂ ਦੋ ਪੰਜਾਬੀ ਇਤਿਹਾਸਕਾਰਾਂ ਤੋਂ ਇਲਾਵਾ ਲਾਹੌਰ ਦਰਬਾਰ ਦੇ ਚਿੱਤਰਕਾਰ ਕੇਹਰ ਸਿੰਘ ਅਤੇ ਸਰਦੂਲ ਸਿੰਘ ਨੇ ਵੀ ਉਨ੍ਹੀਵੀਂ ਸਦੀ ’ਚ ਇੱਕ-ਇੱਕ ਚਿੱਤਰ ਬਣਾਇਆ। ਸਰਦੂਲ ਸਿੰਘ ਦੇ ਚਿੱਤਰ ’ਚ ਮਹਾਰਾਜਾ ਰਣਜੀਤ ਸਿੰਘ ਦੀ ਸੱਜੀ ਬਾਂਹ ’ਚ ਪਹਿਨੇ ਬਾਜੂਬੰਦ ਵਿੱਚ ਕੋਹਿਨੂਰ ਜੜਿਆ ਦਿਖਾਇਆ ਗਿਆ ਅਤੇ ਪਿੱਠਭੂਮੀ ’ਚ ਸ੍ਰੀ ਹਰਿਮੰਦਰ ਸਾਹਿਬ ਚਿੱਤਰਿਆ ਗਿਆ ਹੈ।
ਇਸ ਚਿੱਤਰ ਤੋਂ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਕੋਹਿਨੂਰ ਭੇਟ ਕਰਨ ਦੀ ਮਹਾਰਾਜਾ ਰਣਜੀਤ ਸਿੰਘ ਦੀ ਆਖ਼ਰੀ ਖ਼ਾਹਿਸ਼ ਪੂਰੀ ਨਹੀਂ ਹੋ ਸਕੀ। ਇਸ ਬਾਰੇ ਜੇ.ਡੀ. ਕਨਿੰਘਮ ਨੇ ਵੀ ਆਪਣੀ ਕਿਤਾਬ ‘ਹਿਸਟਰੀ ਆਫ ਦਿ ਸਿੱਖਸ’ (1849) ਵਿੱਚ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਉਪਰੰਤ ਲਾਹੌਰ ਦਰਬਾਰ ਦੇ ਕੁਝ ਸਿੱਖ ਜਰਨੈਲ ਬਰਤਾਨਵੀਆਂ ਨਾਲ ਰਲ ਗਏ ਸਨ ਜਿਸ ਨਾਲ ਸਿੱਖ ਰਾਜ ਨੂੰ ਨੁਕਸਾਨ ਪਹੁੰਚਾਉਣ ਵਿੱਚ ਬਰਤਾਨਵੀ ਕਾਮਯਾਬ ਹੋ ਸਕੇ।
ਉਨ੍ਹੀਵੀਂ ਸਦੀ ਦੇ ਇਤਿਹਾਸਕਾਰਾਂ ਦੀਆਂ ਰਚਨਾਵਾਂ ਅਤੇ ਚਿੱਤਰਕਾਰਾਂ ਦੇ ਚਿੱਤਰਾਂ ਦੀ ਪੁਣਛਾਣ ਕਰਕੇ ਦੇਖੀਏ ਤਾਂ ਦਲੀਪ ਸਿੰਘ ਦੇ ਮਹਾਰਾਜਾ ਬਣਨ ਤੋਂ ਪਹਿਲਾਂ ਹੀ ਕੋਹਿਨੂਰ ਹੀਰਾ ਅਤੇ ਦਰਿਆ-ਏ-ਨੂਰ ਲਾਹੌਰ ਦਰਬਾਰ ’ਚੋਂ ਗਾਇਬ ਕਰ ਦਿੱਤੇ ਗਏ ਸਨ। ਲਾਰਡ ਡਲਹੌਜ਼ੀ ਨੇ ਦਲੀਪ ਸਿੰਘ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਲੰਡਨ ਵਿਖੇ ਮਹਾਰਾਣੀ ਵਿਕਟੋਰੀਆ ਕੋਲ ਪਹੁੰਚਾ ਦਿੱਤਾ ਸੀ। ਇਸ ਗੱਲ ਦਾ ਸਬੂਤ ਵਿਸ਼ੇਸ਼ ਚਿੱਤਰਕਾਰਾਂ ਦੁਆਰਾ ਤਿਆਰ ਕੀਤੇ ਚਿੱਤਰਾਂ ਤੋਂ ਵੀ ਮਿਲਦਾ ਹੈ। ਕਿਸੇ ਵੀ ਰਸਮੀ ਸਮਾਗਮ ਮੌਕੇ ਖ਼ਾਸ ਤੌਰ ’ਤੇ ਚਿੱਤਰਕਾਰ ਨੂੰ ਹੀ ਬੁਲਾਇਆ ਜਾਂਦਾ ਸੀ। ਇਸੇ ਤਰ੍ਹਾਂ ਮਹਾਰਾਜਾ ਸ਼ੇਰ ਸਿੰਘ ਦੇ ਰਾਜਗੱਦੀ ’ਤੇ ਬੈਠਦਿਆਂ ਹੀ ਜਰਮਨ ਚਿੱਤਰਕਾਰ ਸ਼ੈਫਟ ਨੇ ਚਿੱਤਰ ਬਣਾਇਆ। ਕਈ ਉੱਘੇ ਚਿੱਤਰਕਾਰਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਚਿੱਤਰ ਬਣਾਏ ਪਰ ਕਿਸੇ ਨੇ ਵੀ ਮਹਾਰਾਜਾ ਸ਼ੇਰ ਸਿੰਘ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਬਾਜੂਬੰਦ ’ਚ ਕੋਹਿਨੂਰ ਹੀਰਾ ਜੜਿਆ ਨਹੀਂ ਦਿਖਾਇਆ।
ਸੰਪਰਕ: 99880-90710

Advertisement