For the best experience, open
https://m.punjabitribuneonline.com
on your mobile browser.
Advertisement

ਆਖ਼ਰੀ ਚਿਤਾਵਨੀ

12:00 PM Nov 06, 2024 IST
ਆਖ਼ਰੀ ਚਿਤਾਵਨੀ
Advertisement

Advertisement

ਡਾ. ਡੀ. ਪੀ. ਸਿੰਘ

Advertisement

ਅਪਰੈਲ ਦਾ ਮਹੀਨਾ ਸੀ, ਵੱਡੇ ਭਰਾ ਦਾ ਸੁਨੇਹਾ ਆਇਆ ਸੀ ਕਿ ਫ਼ਸਲ ਪੱਕ ਗਈ ਹੈ ਤੇ ਕਣਕ ਦੀ ਵਾਢੀ ਲਈ ਮਦਦ ਦੀ ਲੋੜ ਹੈ। ਮੈਂ ਸੁਨੇਹਾ ਮਿਲਦਿਆਂ ਅਗਲੇ ਹੀ ਦਿਨ ਪਿੰਡ ਨੂੰ ਚੱਲ ਪਿਆ ਸਾਂ। ਪਿੰਡ ਨੂੰ ਜਾ ਰਹੀ ਬੱਸ ਵਿੱਚ ਬੈਠਾ ਮੈਂ ਖ਼ੁਸ਼ ਸਾਂ ਕਿ ਅਗਲੇ ਕੁਝ ਦਿਨ ਪਿੰਡ ਵਿੱਚ ਕੁਦਰਤ ਦੇ ਸੰਗ, ਹਰੇ ਭਰੇ ਰੁੱਖਾਂ ਦੀ ਛਾਂ ਹੇਠ, ਤਰੋ-ਤਾਜ਼ੀ ਹਵਾ ਦਾ ਆਨੰਦ ਮਾਣ ਸਕਾਂਗਾ। ਸ਼ਹਿਰ ਦੀ ਖਾਦ ਫੈਕਟਰੀ ਵਿੱਚ ਨੌਕਰੀ ਕਰਦਿਆਂ ਤਾਂ ਜ਼ਹਿਰੀਲੀਆਂ ਗੈਸਾਂ ਹੀ ਨੱਕ ਵਿੱਚ ਦਮ ਕਰੀ ਰੱਖਦੀਆਂ ਨੇ। ਹੋਰ ਤਾਂ ਹੋਰ ਖਾਦ ਫੈਕਟਰੀ ਦੀ ਕੋਲੇ ਦੀ ਰਾਖ, ਹਵਾ ਦੇ ਬੁੱਲਿਆਂ ਨਾਲ ਉੱਡ ਉੱਡ ਕੱਪੜੇ ਤਾਂ ਕੀ, ਮੂੰਹ ਸਿਰ ਵੀ ਕਾਲਾ ਹੀ ਕਰੀ ਰੱਖਦੀ ਹੈ। ਫੈਕਟਰੀ ਕੋਲੋਂ ਲੰਘਦੇ ਸਤਲੁਜ ਦਰਿਆ ਨੂੰ ਤਾਂ ਇਸ ਰਾਖ ਨੇ ਕਾਲਾ ਕਰ ਹੀ ਦਿੱਤਾ ਹੈ ਤੇ ਬਹੁਤ ਵਾਰ ਤਾਂ ਖਾਣੇ ਵਿੱਚ ਵੀ ਕਿਰਕ ਹੀ ਜਾਪਦੀ ਹੈ, ਜਿਵੇਂ ਇਸ ਸੁਆਹ ਨੇ ਪੂਰੇ ਜਹਾਨ ਉੱਤੇ ਕਬਜ਼ਾ ਕਰਨ ਦੀ ਠਾਣੀ ਹੋਈ ਹੈ।
ਜਿਵੇਂ ਹੀ ਬੱਸ ਨੇ ਪਿੰਡਾਂ ਵਿੱਚੋਂ ਲੰਘਦੀ ਸੜਕ ਦਾ ਰਾਹ ਫੜਿਆ, ਦੂਰ ਦੂਰ ਤੱਕ ਸੋਨੇ ਰੰਗੀ ਕਣਕ ਦੀ ਫ਼ਸਲ ਤੇ ਕਿਧਰੇ ਕਿਧਰੇ ਹਰੇ-ਭਰੇ ਕਮਾਦ ਦੀ ਫ਼ਸਲ ਰੁਮਕ ਰਹੀ ਹਵਾ ਨਾਲ ਲਹਿਲਹਾਉਂਦੀ ਨਜ਼ਰ ਪਈ। ਕਣਕ ਦੀ ਵਢਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਜਾਪ ਰਿਹਾ ਸੀ। ਇਸੇ ਕਾਰਨ ਕਈ ਖੇਤਾਂ ਵਿੱਚ ਤਾਂ ਵਢਾਈ ਪਿੱਛੋਂ ਕਣਕ ਦੀ ਨਾੜ ਹੀ ਖੜ੍ਹੀ ਨਜ਼ਰ ਆ ਰਹੀ ਸੀ। ਜਿਵੇਂ ਹੀ ਬੱਸ ਅੱਗੇ ਵਧੀ, ਇਹ ਕੀ, ਕਈ ਖੇਤਾਂ ਵਾਲਿਆਂ ਨੇ ਤਾਂ ਇਸ ਨਾੜ ਨੂੰ ਅੱਗ ਹੀ ਲਾ ਦਿੱਤੀ ਸੀ ਜਿਸ ਨਾਲ ਸਾਰਾ ਮਾਹੌਲ ਹੀ ਧੂੰਏ ਨਾਲ ਗੰਧਲਾ ਹੋਇਆ ਪਿਆ ਸੀ। ਕਿਧਰੇ ਅੱਗ ਬਲ ਰਹੀ ਸੀ ਤੇ ਕਿਧਰੇ ਸਭ ਕੁਝ ਸੜ ਕੇ ਸੁਆਹ ਹੋਇਆ ਨਜ਼ਰ ਆ ਰਿਹਾ ਸੀ। ਇਨ੍ਹਾਂ ਖੇਤਾਂ ਵਿੱਚ ਮੌਜੂਦ ਰੁੱਖ ਵੀ ਅੱਗ ਦੀਆਂ ਲਪਟਾਂ ਨਾਲ ਕੰਗਾਰ ਬਣੇ, ਹਵਾਈ ਵਾਵਰੋਲਿਆਂ ਨਾਲ ਉੱਡਦੀ ਕਾਲੀ ਸੁਆਹ ਦੇ ਨਾਲ ਅੱਟੇ ਹੋਏ ਕਾਲੇ ਭੂਤ ਹੀ ਲੱਗ ਰਹੇ ਸਨ। ਮੈਂ ਇਹ ਕਿਹੋ ਜਿਹੇ ਪੰਜਾਬ ਵਿੱਚ ਆ ਗਿਆ ਸਾਂ। ਮੇਰੇ ਬਚਪਨ ਵਾਲਾ ਹਰੀਆਂ-ਕਚੂਰ ਫ਼ਸਲਾਂ ਵਾਲਾ ਰੰਗਲਾ ਪੰਜਾਬ, ਜਿਸ ਦੇ ਜੰਗਲ ਬੇਲਿਆਂ ਵਿੱਚ ਹਰੇ-ਭਰੇ ਰੁੱਖਾਂ ਤੇ ਉਨ੍ਹਾਂ ਉੱਪਰ ਲੁਕਣ-ਮੀਟੀ ਖੇਡ ਰਹੇ ਪੰਛੀਆਂ ਦੀ ਚਹਿਚਹਾਹਟ ਕਿੱਧਰ ਚਲੀ ਗਈ ਸੀ। ਨਾ ਕਿਧਰੇ ਜੰਗਲ ਬੇਲੇ ਹੀ ਨਜ਼ਰ ਆ ਰਹੇ ਸਨ ਤੇ ਨਾ ਹੀ ਪੰਛੀ। ਸਗੋਂ ਧੂੰਏ ਦੇ ਗੁਬਾਰ ਹੇਠ ਕਾਲੀ ਸੁਆਹ ਰੰਗੇ ਖੇਤਾਂ ਵਿੱਚ ਦਿਖਾਈ ਦੇ ਰਹੀਆਂ ਚਿੜੀਆਂ, ਸ਼ਾਰਕਾਂ ਤੇ ਰੁੱਖਾਂ ਦੀਆਂ ਅੱਧ-ਸੜੀਆਂ ਲਾਸ਼ਾਂ ਇਨ੍ਹਾਂ ਖੇਤਾਂ ਨੂੰ ਕਿਸੇ ਸ਼ਮਸ਼ਾਨਘਾਟ ਹੋਣ ਦੀ ਦੱਸ ਪਾ ਰਹੀਆਂ ਸਨ। ਹਾਲਾਤ ਦੇਖ ਕੇ ਮੇਰਾ ਮਨ ਡਾਢਾ ਉਦਾਸ ਹੋ ਗਿਆ।
***
ਘਰ ਪਹੁੰਚਿਆ, ਖਾਣਾ ਖਾਣ ਤੋਂ ਬਾਅਦ ਅਗਲੇ ਦਿਨ ਦਾ ਪ੍ਰੋਗਰਾਮ ਬਣਾ, ਸੌਣ ਲਈ ਕੋਠੇ ਉੱਤੇ ਡਾਹੇ ਮੰਜਿਆਂ ਉੱਤੇ ਜਾ ਪਏ।
ਮੈਨੂੰ ਉਦਾਸ ਦੇਖ ਕੇ ਵੱਡੇ ਭਰਾ ਨੇ ਪੁੱਛਿਆ, ‘‘ਘਰੇ ਤਾਂ ਠੀਕ ਠਾਕ ਹੈ ਨਾ ਸਭ ਕੁਝ? ਮੂੰਹ ਕਿਉਂ ਲੱਥਿਆ ਹੋਇਆ ਹੈ?’’
‘‘ਹੂੰ! ਆਹ ਕਿਹੋ ਜਿਹਾ ਮਾਹੌਲ ਬਣਾ ਰੱਖਿਆ ਹੈ ਪਿੰਡਾਂ ਵਾਲਿਆਂ ਨੇ?’’ ਮੈਂ ਉਦਾਸ ਸੁਰ ਵਿੱਚ ਬੋਲਿਆ।
‘‘ਕਿਉਂ ਕੀ ਹੋਇਆ?’’
‘‘ਖੇਤਾਂ ਵਿੱਚ ਥਾਂ ਥਾਂ ਨਾੜ ਨੂੰ ਅੱਗ ਲਾ ਕੇ ਲੋਕਾਂ ਨੇ ਤਾਂ ਸਾਰਾ ਮਾਹੌਲ ਹੀ ਵਿਗਾੜ ਦਿੱਤਾ ਹੈ। ਧੂੰਏ ਭਰੀ ਹਵਾ ਨੇ ਤਾਂ ਸਾਹ ਲੈਣਾ ਵੀ ਦੁੱਭਰ ਕੀਤਾ ਹੋਇਆ ਹੈ। ਮੈਂ ਤਾਂ ਸੋਚਦਾ ਸਾਂ ਕਿ ਸ਼ਹਿਰਾਂ ਵਿੱਚ ਹੀ ਫੈਕਟਰੀਆਂ ਤੇ ਬੱਸਾਂ-ਗੱਡੀਆਂ ਵਿੱਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਤੇ ਧੂੰਏ ਕਾਰਨ ਹਾਲਤ ਗੜਬੜ ਹੈ, ਪਰ ਹੁਣ ਤਾਂ ਪਿੰਡਾਂ ਦਾ ਵੀ ਉਹੋ-ਜਿਹਾ ਹੀ ਹਾਲ ਹੈ।’’
‘‘ਜਦ ਤੋਂ ਖੇਤੀ ਦਾ ਕੰਮ ਮਸ਼ੀਨਾਂ ਨਾਲ ਹੋਣ ਲੱਗ ਪਿਆ ਹੈ, ਤਾਂ ਮਨੁੱਖ ਦੇ ਲਾਲਚ ਨੇ ਤਾਂ ਤੌਬਾ ਹੀ ਕਰਾ ਦਿੱਤੀ ਹੈ। ਇੱਕ ਫ਼ਸਲ ਕੱਟਦਿਆਂ ਹੀ ਦੂਸਰੀ ਫ਼ਸਲ ਦੀ ਬੀਜਾਈ ਲਈ ਜ਼ਮੀਨ ਤਿਆਰ ਕਰਨ ਲਈ ਇਹ ਸ਼ਾਰਟ-ਕੱਟ ਜੋ ਹੈ ਨਾੜ ਨੂੰ ਸਾੜ ਦੇਣਾ।’’
‘‘ਪਹਿਲਾਂ ਤਾਂ ਲੋਕ ਨਾੜ ਨੂੰ ਕੁਤਰ ਕੇ ਤੂੜੀ ਬਣਾ ਲੈਂਦੇ ਸਨ ਤੇ ਸਾਰਾ ਸਾਲ ਚਾਰੇ ਵਿੱਚ ਡੰਗਰਾਂ ਨੂੰ ਪਾਉਂਦੇ ਸਨ, ਪਰ ਹੁਣ ਅਜਿਹਾ ਕਿਉਂ ਨਹੀਂ ਕਰਦੇ?’’
‘‘ਪਹਿਲਾਂ ਤਾਂ ਅੱਜਕੱਲ੍ਹ ਢੱਗੇ ਰਹੇ ਹੀ ਨਹੀਂ। ਖੇਤੀ ਮਸ਼ੀਨਾਂ ਨਾਲ ਜੋ ਹੋਣ ਲੱਗ ਪਈ ਐ। ਢੱਗੇ ਪਾਲਣ ਦੀ ਜ਼ਰੂਰਤ ਹੀ ਖ਼ਤਮ ਹੋ ਗਈ ਹੈ। ਰਹੀ ਗੱਲ ਲਵੇਰੀਆਂ ਦੀ, ਉਨ੍ਹਾਂ ਨੂੰ ਤਾਂ ਹਰੇ ਪੱਠੇ ਹੀ ਚਾਹੀਦੇ ਨੇ, ਸੁੱਕੀ ਤੂੜੀ ਪਾਉਣ ਨਾਲ ਤਾਂ ਉਨ੍ਹਾਂ ਦਾ ਦੁੱਧ ਹੀ ਸੁੱਕ ਜਾਂਦਾ ਹੈ। ਫਿਰ ਭਲਾ ਕੋਈ ਤੂੜੀ ਦਾ ਕੀ ਕਰੇ। ਨਾੜ ਨੂੰ ਖੇਤ ਵਿੱਚ ਹੀ ਵਾਹਿਆਂ ਇਹ ਗਲਣ-ਸੜਣ ਨੂੰ ਬਹੁਤ ਸਮਾਂ ਲਾ ਦਿੰਦੀ ਹੈ। ਕੱਟ ਕੇ ਸੁੱਟਣ ਲਈ ਮਜ਼ਦੂਰੀ ਦਾ ਖ਼ਰਚਾ ਕੌਣ ਝੱਲੇ, ਇਸ ਲਈ ਇਸ ਨੂੰ ਅੱਗ ਲਾਉਣਾ ਹੀ ਵਕਤ ਦਾ ਇਲਾਜ ਬਣ ਗਿਆ ਹੈ।’’
‘‘ਪਰ ਇਸ ਨਾਲ ਵਾਤਾਵਰਨ ਦਾ ਤਾਂ ਬਹੁਤ ਨੁਕਸਾਨ ਹੁੰਦਾ ਹੈ। ਅਜਿਹੀ ਅੱਗ ਨਾਲ ਤਾਂ ਰੁੱਖ, ਪੌਦੇ, ਪੰਛੀ ਤੇ ਪਰਾਗਦਾਨੀ ਤਾਂ ਬਿਲਕੁਲ ਹੀ ਸੜ-ਬਲ ਜਾਂਦੇ ਹਨ। ਉਨ੍ਹਾਂ ਦੀ ਭਰਪਾਈ ਕਿਵੇਂ ਹੋਊ?’’
‘‘ਕੌਣ ਸੋਚਦਾ ਇੰਨੀ ਲੰਮੀ ਸੋਚ। ਹਰ ਕੋਈ ਤਾਂ ਜ਼ਮੀਨ ਵਿੱਚੋਂ ਸਾਲ ਅੰਦਰ ਤਿੰਨ ਤਿੰਨ, ਚਾਰ ਚਾਰ ਫ਼ਸਲਾਂ ਕੱਢਣ ਦੀ ਦੌੜ ਵਿੱਚ ਹੈ। ਹੋਰ ਤੇ ਹੋਰ ਪੈਸਾ ਇਕੱਠਾ ਕਰਨ ਦੀ ਲਾਲਸਾ ਨੇ ਹਰ ਕਿਸੇ ਨੂੰ ਗੂੰਗਾ, ਬੋਲਾ ਤੇ ਅੰਨ੍ਹਾ ਕਰ ਦਿੱਤਾ ਹੈ। ਬੇਜ਼ੁਬਾਨਾਂ ਦੀ ਚੀਖ ਪੁਕਾਰ ਇਨ੍ਹਾਂ ਨੂੰ ਸੁਣਾਈ ਨਹੀਂ ਦਿੰਦੀ ਤੇ ਨਾ ਹੀ ਪੰਛੀਆਂ ਦਾ ਉਜਾੜਾ ਹੀ ਨਜ਼ਰ ਆਉਂਦਾ ਹੈ। ਬੇਜ਼ੁਬਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲਾ ਕੋਈ ਵੀ ਦਿਖਾਈ ਨਹੀਂ ਦਿੰਦਾ। ਹੁਣ ਤਾਂ ਸਰਕਾਰ ਉੱਤੇ ਹੀ ਆਸ ਹੈ ਕਿ ਉਹ ਇਸ ਔਕੜ ਦਾ ਕੋਈ ਹੱਲ ਕੱਢੇ।’’
ਵੱਡੇ ਭਰਾ ਨੇ ਹਉਕਾ ਭਰਦਿਆਂ ਕਿਹਾ।
‘‘ਲਾਲਚ ਕਾਰਨ ਇੱਥੇ ਹੀ ਨਹੀਂ ਪੂਰੀ ਧਰਤੀ ਦੇ ਹਾਲਾਤ ਹੀ ਖ਼ਰਾਬ ਹੋ ਗਏ ਨੇ। ਸ਼ਹਿਰਾਂ ਤੇ ਮਹਾਨਗਰਾਂ ਵਿੱਚ ਬੱਸਾਂ, ਗੱਡੀਆਂ, ਕਾਰਾਂ ਤੇ ਫੈਕਟਰੀਆਂ ਤੋਂ ਨਿਕਲ ਰਹੇ ਪ੍ਰਦੂਸ਼ਣ ਨੇ ਨੱਕ ਵਿੱਚ ਦਮ ਕੀਤਾ ਪਿਆ ਹੈ। ਵਿਗਿਆਨੀ ਕਹਿੰਦੇ ਨੇ ਕਿ ਇਨ੍ਹਾਂ ਕਾਰਨ ਧਰਤੀ ਦੇ ਹਵਾਈ ਗਿਲਾਫ਼ ਦਾ ਤਾਪਮਾਨ ਵਧਦਾ ਜਾ ਰਿਹਾ ਹੈ। ਜਿਸ ਕਾਰਨ ਮੌਸਮਾਂ ਵਿੱਚ ਵੀ ਡਾਢੀ ਤਬਦੀਲੀ ਨਜ਼ਰ ਆਉਣ ਲੱਗੀ ਹੈ। ਇਨ੍ਹਾਂ ਦਿਨਾਂ ਵਿੱਚ ਕਿਧਰੇ ਇੰਨੀ ਗਰਮੀ ਕਦੇ ਪੈਂਦੀ ਸੀ ਭਲਾ?’’
‘‘ਪਤਾ ਨਹੀਂ ਕੀ ਬਣੂ ਦੁਨੀਆ ਦਾ!’’ ਭਰਾ ਦੇ ਉਦਾਸੀ ਭਰੇ ਬੋਲ ਸਨ।
ਸੋਚਾਂ ਸੋਚਦਿਆਂ ਪਤਾ ਨਹੀਂ ਕਦ ਨੀਂਦ ਨੇ ਘੇਰ ਲਿਆ।
***
ਪਿੰਡ ਦੇ ਉੱਤਰ ਵੱਲ ਲੰਬੜਾਂ ਦਾ ਖੂਹ ਮੌਜੂਦ ਸੀ। ਜਿਸ ਗਿਰਦ ਦਰੱਖਤਾਂ ਦਾ ਝੁਰਮਟ, ਪਿਛਲੇ ਦਿਨੀਂ ਲਾਗਲੇ ਖੇਤ ਵਿੱਚ ਮੌਜੂਦ ਨਾੜ ਨੂੰ ਲਾਈ ਅੱਗ ਕਾਰਨ ਝੁਲਸਿਆ ਖੜ੍ਹਾ ਸੀ। ਮੱਸਿਆ ਦੀ ਕਾਲੀ ਬੋਲੀ ਰਾਤ ਵਿੱਚ ਪੱਤਿਆਂ ਤੋਂ ਸੱਖਣੇ ਰੁੱਖਾਂ ਦੇ ਡਾਹਣ, ਕਿਸੇ ਫ਼ਕੀਰ ਦੀਆਂ ਦੁਆ ਲਈ ਉੱਪਰ ਉੱਠੀਆਂ ਬਾਹਵਾਂ ਵਾਂਗ ਜਾਪ ਰਹੇ ਸਨ।
ਅੱਧੀ ਕੁ ਰਾਤ ਨੂੰ ਖੂਹ ਵਾਲੇ ਪਾਸੇ ਤੋਂ ਕਿਸੇ ਭਾਰੀ ਭਰਕਮ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਟੱਕਰ ਨਾਲ ਧਰਤੀ ਕੰਬ ਗਈ। ਧਮਾਕੇ ਦੀ ਉੱਚੀ ਆਵਾਜ਼ ਨੇ ਪਿੰਡ ਦੇ ਲੋਕਾਂ ਨੂੰ ਗਹਿਰੀ ਨੀਂਦ ਤੋਂ ਜਗਾ ਦਿੱਤਾ।
‘‘ਇਹ ਕੀ ਹੋ ਗਿਆ?’’ ਵੱਡੇ ਭਰਾ ਦੇ ਪਰੇਸ਼ਾਨੀ ਭਰੇ ਬੋਲ ਸੁਣਾਈ ਦਿੱਤੇ।
‘‘ਪਤਾ ਨਹੀਂ, ਪਰ ਧਮਾਕੇ ਤੋਂ ਤਾਂ ਜਾਪਦਾ ਹੈ ਕਿ ਕੋਈ ਕਾਫ਼ੀ ਵੱਡੀ ਚੀਜ਼ ਡਿੱਗੀ ਹੈ।’’ ਮੈਂ ਕਿਹਾ।
‘‘ਚਲੋ! ਦੇਖੀਏ ਕੀ ਹੋਇਆ ਹੈ।’’ ਭਰਾ ਬੋਲਿਆ।
ਅਸੀਂ ਦੋਵੇਂ ਜਲਦੀ ਜਲਦੀ ਉੱਠੇ ਤੇ ਉਤਸੁਕਤਾ ਵੱਸ ਮੋਟਰ-ਸਾਈਕਲ ਉੱਤੇ ਸਵਾਰ ਹੋ ਕੇ ਫਟਾਫਟ ਘਟਨਾ ਵਾਲੇ ਸਥਾਨ ਵੱਲ ਚੱਲ ਪਏ। ਪਹਿਲਾਂ ਹੀ ਕਿੰਨੇ ਲੋਕ ਉਸ ਸਥਾਨ ਵੱਲ ਜਾ ਰਹੇ ਸਨ। ਕੋਈ ਸਕੂਟਰਾਂ ਉੱਤੇ ਸਵਾਰ ਸਨ ਤੇ ਕੋਈ ਸਾਈਕਲਾਂ ਉੱਤੇ। ਕਈ ਤਾਂ ਪੈਦਲ ਹੀ ਉਸ ਪਾਸੇ ਵੱਲ ਨੂੰ ਤੁਰੇ ਹੋਏ ਸਨ। ਜਦੋਂ ਅਸੀਂ ਦੋਵੇਂ ਉੱਥੇ ਪੁੱਜੇ ਤਾਂ ਕਈ ਲੋਕ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਸਨ।
ਦੂਰ ਪਰੇ ਡਿੱਗੀ ਚੀਜ਼ ਕਾਰਨ ਬਾਟੇ ਦੀ ਸ਼ਕਲ ਵਾਲਾ ਵੱਡਾ ਟੋਆ ਨਜ਼ਰ ਆ ਰਿਹਾ ਸੀ ਜਿਸ ਉੱਪਰ ਧੂੰਏ ਦਾ ਗੁਬਾਰ ਛਾਇਆ ਹੋਇਆ ਸੀ। ਇਸ ਧੂੰਏ ਵਿੱਚ ਕਾਫ਼ੀ ਵੱਡੇ ਆਕਾਰ ਵਾਲਾ ਧਾਤ ਦਾ ਗੋਲਾ ਦਿਖਾਈ ਦੇ ਰਿਹਾ ਸੀ। ਇਸ ਗੋਲੇ ਦਾ ਵਿਆਸ ਲਗਭਗ ਤੀਹ ਫੁੱਟ ਸੀ।
ਪਿੰਡ ਦਾ ਪੰਸਾਰੀ ਗਿਰਧਾਰੀ ਲਾਲ, ਵੱਡੇ ਭਰਾ ਕੋਲ ਆ ਕੇ ਆਪਣੀ ਭਾਰੀ ਭਰਕਮ ਆਵਾਜ਼ ਵਿੱਚ ਬੋਲਿਆ, ‘‘ਤੌਬਾ, ਤੌਬਾ। ਇਹ ਤਾਂ ਬਹੁਤ ਵੱਡੀ ਸ਼ੈਅ ਹੈ।’’
‘‘ਹਾਂ, ਪਰ ਪਤਾ ਨਹੀਂ ਇਹ ਕੀ ਹੈ ਤੇ ਕਿੱਥੋਂ ਆਈ ਹੈ? ਪਹਿਲਾਂ ਤਾਂ ਅਜਿਹੀ ਚੀਜ਼ ਕਦੇ ਨਹੀਂ ਦੇਖੀ।’’ ਵੱਡੇ ਭਰਾ ਦੇ ਬੋਲ ਸਨ।
ਹੁਣ ਧੂੰਆਂ ਪਹਿਲਾਂ ਨਾਲੋਂ ਥੋੜ੍ਹਾ ਘਟ ਗਿਆ ਸੀ।
‘‘ਦੇਖੋ ਦੇਖੋ ਉਹ ਖਿੜਕੀਆਂ ਜਿਹੀਆਂ ਨਜ਼ਰ ਆ ਰਹੀਆਂ ਹਨ।’’ ਗਿਰਧਾਰੀ ਨੇ ਉਸ ਗੋਲੇ ਦੇ ਇੱਕ ਪਾਸੇ ਬਣੇ ਅੰਡਾਕਾਰ ਛੇਕਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
‘‘ਜਾਪਦਾ ਹੈ ਕਿ ਇਹ ਕੋਈ ਉੱਡਣ-ਤਸ਼ਤਰੀ ਹੈ।’’
‘‘ਹੂੰ।’’
‘‘ਰੱਬ ਖੈਰ ਕਰੇ। ਮੈਂ ਤਾਂ ਅਜਿਹੀਆਂ ਗੱਲਾਂ ਨੂੰ ਗੱਪਾਂ ਹੀ ਸਮਝਦਾ ਰਿਹਾ ਹਾਂ।’’
‘‘ਮੈਂ ਵੀ ਇਨ੍ਹਾਂ ਨੂੰ ਕੋਰੀ ਕਲਪਨਾ ਦੀ ਉਡਾਣ ਹੀ ਸਮਝਦਾ ਸਾਂ, ਪੁਰਾਣੀਆਂ ਉੱਡਣ ਖਟੋਲਿਆਂ ਦੀਆਂ ਗੱਲਾਂ ਵਾਂਗ।’’
ਗੋਲੇ ਵਿੱਚੋਂ ਅਚਾਨਕ ਘੂੰ ਘੂੰ ਦੀ ਆਵਾਜ਼ ਸੁਣਾਈ ਦੇਣ ਲੱਗੀ ਤਾਂ ਸਾਰੇ ਫਟਾਫਟ ਉਸ ਤੋਂ ਦੂਰ ਹਟ ਗਏ।
‘‘ਤੁਹਾਡਾ ਕੀ ਖ਼ਿਆਲ ਹੈ? ਸਰਪੰਚ ਸਾਹਿਬ!’’ ਕੁਝ ਦੂਰੀ ’ਤੇ ਖੜ੍ਹੇ ਗਿਆਨੀ ਪੂਰਨ ਸਿੰਘ ਨੇ ਸਰਪੰਚ ਚਰਨ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ। ਹੋਰਨਾਂ ਵਾਂਗ ਉਹ ਵੀ ਇਸ ਅਜੀਬੋ-ਗਰੀਬ ਚੀਜ਼ ਨੂੰ ਦੇਖ ਹੈਰਾਨ ਪਰੇਸ਼ਾਨ ਨਜ਼ਰ ਆ ਰਿਹਾ ਸੀ।
‘‘ਗਿਆਨੀ ਜੀ! ਪੱਕਾ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਹੈ ਇਹ ਕਿਸੇ ਸਰਕਾਰੀ ਤਜਰਬੇ ਦਾ ਹੀ ਹਿੱਸਾ ਹੋਵੇ, ਜਾਂ ਫਿਰ ਪੁਲਾੜ ਤੋਂ ਆਈ ਕੋਈ ਸ਼ੈਅ ਵੀ ਹੋ ਸਕਦੀ ਹੈ।’’
‘‘ਪੁਲਾੜ ਤੋਂ?’’
‘‘ਗਿਆਨੀ ਜੀ! ਕੀ ਪਤਾ ਇਹ ਹੀ ਸੱਚ ਹੋਵੇ, ਕੌਣ ਜਾਣਦਾ ਹੈ ਵਿਸ਼ਾਲ ਬ੍ਰਹਿਮੰਡ ਵਿੱਚ ਕੀ ਕੀ ਭੇਤ ਛੁਪੇ ਪਏ ਹਨ?’’
‘‘ਵਾਹਿਗੁਰੂ! ਵਾਹਿਗੁਰੂ!’’ ਗਿਆਨੀ ਪੂਰਨ ਸਿੰਘ ਨੇ ਹਾਮੀ ਭਰਦਿਆਂ ਕਿਹਾ, ‘‘ਰੱਬ ਦੇ ਰੰਗ ਵੀ ਨਿਆਰੇ ਨੇ।’’
***
ਧਮਾਕੇ ਨੂੰ ਵਾਪਰਿਆਂ ਘੰਟਾ ਕੁ ਬੀਤ ਚੁੱਕਾ ਸੀ। ਹੁਣ ਤੱਕ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਲੋਕ ਪਹੁੰਚ ਚੁੱਕੇ ਸਨ। ਕਾਫ਼ੀ ਭੀੜ ਇਕੱਠੀ ਹੋ ਚੁੱਕੀ ਸੀ।
ਤਦ ਅਚਾਨਕ ਇਹ ਘਟਨਾ ਵਾਪਰ ਗਈ। ਗੋਲੇ ਦੇ ਆਕਾਰ ਵਾਲੇ ਵਾਹਨ ਦਾ ਇੱਕ ਪਾਸਾ ਹੌਲੀ ਹੌਲੀ ਉੱਪਰ ਉੱਠਣ ਲੱਗ ਪਿਆ। ਲੋਕਾਂ ਦੀ ਭੀੜ ਘਬਰਾ ਕੇ ਪਿੱਛੇ ਵੱਲ ਹਟ ਗਈ। ਗੋਲੇ ਵਿੱਚੋਂ ਆ ਰਹੀ ਘੂੰ ਘੂੰ ਦੀ ਆਵਾਜ਼ ਹੁਣ ਉੱਚੀ ਹੋ ਗਈ ਸੀ। ਗੋਲੇ ਦੀ ਵੱਖੀ ਵਿੱਚੋਂ ਇੱਕ ਪਲੈਟਫਾਰਮ ਜਿਹਾ ਬਾਹਰ ਆਇਆ ਤੇ ਇਸ ਦਾ ਭੀੜ ਵੱਲ ਦਾ ਸਿਰਾ ਟੋਏ ਦੇ ਕਿਨਾਰੇ ਕੋਲ ਆ ਕੇ ਰੁਕ ਗਿਆ। ਹੁਣ ਗੋਲੇ ਦੀ ਵੱਖੀ ਵਿੱਚ ਇੱਕ ਦਰਵਾਜ਼ਾ ਜਿਹਾ ਬਣ ਗਿਆ ਸੀ, ਜਿਸ ਵਿੱਚੋਂ ਤੁਰੰਤ ਬਹੁਤ ਅਜੀਬ ਕਿਸਮ ਦੇ ਜੀਵਾਂ ਦਾ ਇੱਕ ਜੋੜਾ ਬਾਹਰ ਨਿਕਲ ਕੇ ਪਲੈਟਫਾਰਮ ਉੱਤੇ ਅੱਗੇ ਵਧਣ ਲਗਾ। ਉੱਚੇ-ਲੰਮੇ ਤੇ ਪਤਲੇ ਜਿਹੇ ਇਹ ਦੋਵੇਂ ਜੀਵ ਮਸ਼ੀਨੀ-ਮਨੁੱਖਾਂ (ਮਾਨਵੀ ਰੂਪ ਵਾਲੇ ਰੋਬੋਟਾਂ) ਵਰਗੇ ਜਾਪ ਰਹੇ ਸਨ। ਉਨ੍ਹਾਂ ਦਾ ਕੱਦ ਸਾਢੇ ਛੇ ਫੁੱਟ ਦੇ ਲਗਭਗ ਸੀ। ਉਨ੍ਹਾਂ ਨੇ ਸਲੇਟੀ ਰੰਗੀ ਚਮਕਦਾਰ ਧਾਤ ਦੀ ਡਰੈੱਸ ਪਹਿਨੀ ਹੋਈ ਸੀ। ਉਨ੍ਹਾਂ ਦੀ ਡਰੈੱਸ ਦੇ ਛਾਤੀ ਵਾਲੇ ਹਿੱਸੇ ਉੱਤੇ ਇੱਕ ਤਾਰੇ ਦੇ ਚਿੰਨ੍ਹ ਅੰਦਰ ਗੋਲੇ ਦਾ ਨਿਸ਼ਾਨ ਬਣਿਆ ਹੋਇਆ ਸੀ। ਉਨ੍ਹਾਂ ਦੇ ਸਿਰ ਉੱਤੇ ਮੌਜੂਦ ਸਲੇਟੀ ਧਾਤ ਦੇ ਟੋਪ ਦੇ ਸਾਹਮਣੇ ਵਾਲੇ ਪਾਸੇ ਕਾਫ਼ੀ ਵੱਡੇ ਸੁਰਾਖਾਂ ਦਾ ਜੋੜਾ ਮੌਜੂਦ ਸੀ ਜਿਨ੍ਹਾਂ ਵਿੱਚੋਂ ਹਰੀ ਰੋਸ਼ਨੀ ਨਿਕਲ ਰਹੀ ਸੀ। ਉਨ੍ਹਾਂ ਦੇ ਹੱਥਾਂ ਵਿੱਚ ਅਜੀਬ ਸ਼ਕਲ ਵਾਲੇ ਯੰਤਰ ਸਨ ਜੋ ਕਿਸੇ ਹਥਿਆਰ ਹੋਣ ਦਾ ਝਾਉਲਾ ਮਾਰ ਰਹੇ ਸਨ।
ਲੋਕ ਆਪੋ-ਆਪਣੇ ਥਾਂ ਉੱਤੇ ਜੜ ਹੋਏ, ਉਨ੍ਹਾਂ ਨੂੰ ਡਰ, ਹੈਰਾਨੀ, ਤੇ ਘਬਰਾਹਟ ਦੇ ਰਲੇ-ਮਿਲੇ ਭਾਵਾਂ ਨਾਲ ਦੇਖ ਰਹੇ ਸਨ।
“ਕੌਣ ਨੇ ਇਹ? ਇਨ੍ਹਾਂ ਦਾ ਇੱਥੇ ਆਉਣ ਦਾ ਕੀ ਮਕਸਦ ਹੈ? ਕੀ ਇਹ ਹਮਲਾ ਤਾਂ ਨਹੀਂ ਕਰ ਦੇਣਗੇ?’’ ਲੋਕਾਂ ਦੇ ਮਨਾਂ ਵਿੱਚ ਸਵਾਲਾਂ ਦੀ ਉਥਲ-ਪੁਥਲ ਲਗਾਤਾਰ ਜਾਰੀ ਸੀ।
ਉਹ ਮਸ਼ੀਨੀ-ਮਨੁੱਖ ਪਲੈਟਫਾਰਮ ਦੇ ਜ਼ਮੀਨ ਨੇੜਲੇ ਕਿਨਾਰੇ ਕੋਲ ਆ ਕੇ ਰੁਕ ਗਏ ਅਤੇ ਉਨ੍ਹਾਂ ਨੇ ਸੱਜੇ ਪਾਸੇ ਤੋਂ ਖੱਬੇ ਵੱਲ ਹੌਲੀ ਹੌਲੀ ਆਪਣੇ ਸਿਰ ਘੁੰਮਾਉਂਦਿਆਂ ਇਕੱਠੀ ਹੋਈ ਭੀੜ ’ਤੇ ਨਜ਼ਰ ਮਾਰੀ। ਉਨ੍ਹਾਂ ਦੇ ਟੋਪ ਵਿਚਲੇ ਛੇਕਾਂ ਵਿੱਚੋਂ ਨਿਕਲ ਰਹੀ ਹਰੀ ਰੋਸ਼ਨੀ ਹੁਣ ਵਧੇਰੇ ਚਮਕੀਲੀ ਹੁੰਦੀ ਜਾ ਰਹੀ ਸੀ। ਤੁਰੰਤ ਹੀ ਇਸ ਰੋਸ਼ਨੀ ਨੇ ਸਾਰੇ ਲੋਕਾਂ ਨੂੰ ਆਪਣੇ ਘੇਰੇ ਵਿੱਚ ਲੈ ਲਿਆ।
ਲੋਕਾਂ ਨੇ ਆਪਣੇ ਸਰੀਰਾਂ ਵਿੱਚ ਅਜੀਬ ਜਿਹੀ ਝੁਣਝੁਣੀ ਮਹਿਸੂਸ ਕੀਤੀ ਤੇ ਅਗਲੇ ਹੀ ਪਲ ਇਹ ਜਾਣ ਕੇ ਹੈਰਾਨ ਤੇ ਪਰੇਸ਼ਾਨ ਹੋ ਗਏ ਕਿ ਉਹ ਆਪਣੇ ਅੰਗਾਂ ਨੂੰ ਹਿਲਾਉਣ ਡੁਲਾਉਣ ਤੋਂ ਅਸਮਰੱਥ ਹੋ ਚੁੱਕੇ ਸਨ। ਅਣਜਾਣੇ ਡਰ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਲਿਆ ਸੀ।
“ਓਹ ਰੱਬਾ! ਇਹ ਕੀ ਹੋ ਰਿਹਾ ਹੈ? ਪਤਾ ਨਹੀਂ ਕੀ ਹੋਣ ਵਾਲਾ ਹੈ?’’ ਘਬਰਾਹਟ ਦੇ ਮਾਰੇ ਉਨ੍ਹਾਂ ਦੇ ਮਨਾਂ ਵਿੱਚ ਅਜੀਬ ਖ਼ਿਆਲਾਂ ਦੀ ਖਲਬਲੀ ਮਚ ਗਈ ਸੀ।
ਸੁਭਾਵਿਕ ਹੀ ਸੀ ਕਿ ਉਹ ਉੱਥੋਂ ਦੌੜ ਜਾਣਾ ਚਾਹੁੰਦੇ ਸਨ, ਪਰ ਸੱਚ ਤਾਂ ਇਹ ਸੀ ਕਿ ਦੌੜ ਜਾਣਾ ਤਾਂ ਕੀ ਉਹ ਤਾਂ ਹਿੱਲ ਸਕਣ ਤੋਂ ਵੀ ਅਸਮਰੱਥ ਹੋ ਚੁੱਕੇ ਸਨ। ਬੁੱਤਾਂ ਵਰਗੀ ਜੜ ਹਾਲਤ ਵਿੱਚ ਖੜ੍ਹੇ ਉਹ ਉਨ੍ਹਾਂ ਅਜੀਬ ਮਸ਼ੀਨੀ ਮਨੁੱਖਾਂ ਨੂੰ ਇੱਕ ਟੱਕ ਦੇਖ ਰਹੇ ਸਨ।
***
ਤਦ ਹੀ ਉਨ੍ਹਾਂ ਨੂੰ ਆਵਾਜ਼ ਸੁਣਾਈ ਦੇਣ ਲੱਗੀ।
‘‘ਦੋਸਤੋ! ਡਰਨ ਦੀ ਲੋੜ ਨਹੀਂ ਹੈ। ਤੁਹਾਡੀ ਦੁਨੀਆ ਦੀ ਖੁਸ਼ਹਾਲੀ ਤੇ ਸਦੀਵੀਪਣ ਹੀ ਸਾਡਾ ਮਕਸਦ ਹੈ। ਤੁਹਾਡੀ ਭਲਾਈ ਲਈ ਹੀ ਅਸੀਂ ਇੱਥੇ ਆਏ ਹਾਂ। ਅਸੀਂ ਤੁਹਾਨੂੰ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਤੁਹਾਡੀ ਦੁਨੀਆ ਉੱਤੇ ਬਹੁਤ ਵੱਡਾ ਸੰਕਟ ਮੰਡਰਾ ਰਿਹਾ ਹੈ। ਅਸੀਂ ਲੰਮੇ ਸਮੇਂ ਤੋਂ ਤੁਹਾਡੀ ਦੁਨੀਆ ਦੀ ਨਜ਼ਰਸਾਨੀ ਕਰ ਰਹੇ ਸਾਂ। ਅਸੀਂ ਤੁਹਾਨੂੰ ਜਲਚਰ ਤੋਂ ਥਲਚਰ ਬਣਦਿਆਂ ਦੇਖਿਆ ਹੈ। ਗੁਫ਼ਾਵਾਂ ਵਿੱਚ ਵਸਦੇ ਆਦਿ ਮਾਨਵ ਤੋਂ ਅਜੋਕੇ ਮਨੁੱਖ ਤੱਕ ਦਾ ਜੀਵਨ ਸਫ਼ਰ ਦੇਖਿਆ ਹੈ। ਪਿਛਲੀਆਂ ਸਦੀਆਂ ਦੌਰਾਨ ਕਈ ਸੱਭਿਆਤਾਵਾਂ ਪੈਦਾ ਹੁੰਦੀਆਂ, ਵਧਦੀਆਂ-ਫੁੱਲਦੀਆਂ ਤੇ ਮਨੁੱਖੀ ਲਾਲਚ ਕਾਰਨ ਖ਼ਤਮ ਹੁੰਦੀਆਂ ਦੇਖੀਆਂ ਹਨ। ਹੁਣ ਅਸੀਂ ਤੁਹਾਡੀ ਸੱਭਿਅਤਾ ਵਿੱਚ ਵੀ ਅਜਿਹੇ ਹੀ ਆਸਾਰ ਦੇਖ ਰਹੇ ਹਾਂ।’’
‘‘ਤੁਸੀਂ ਤੇ ਤੁਹਾਡੇ ਅਦਾਰਿਆਂ ਵੱਲੋਂਂ ਜ਼ਿਆਦਾ ਤੋਂ ਜ਼ਿਆਦਾ ਧੰਨ ਤੇ ਤਾਕਤ ਪ੍ਰਾਪਤੀ ਦੇ ਲਾਲਚ ਵਿੱਚ ਧਰਤੀ ਦੇ ਕੁਦਰਤੀ ਸਰੋਤਾਂ ਨਾਲ ਵੱਡੇ ਪੱਧਰ ਉੱਤੇ ਖਿਲਵਾੜ ਕੀਤਾ ਜਾ ਰਿਹਾ ਹੈ। ਜ਼ਰਾ ਆਪਣੇ ਆਲੇ ਦੁਆਲੇ ਹੀ ਨਜ਼ਰ ਮਾਰੋ, ਤੁਹਾਡੀਆਂ ਨਾੜ, ਪਰਾਲੀ, ਤੇ ਘਾਹ-ਫੂਸ ਨੂੰ ਲਾਈਆਂ ਅੱਗਾਂ ਕਾਰਨ ਇਹ ਸੁਆਹ ਰੰਗੇ ਖੇਤ, ਪੱਤਿਆਂ ਤੋਂ ਸੱਖਣੇ ਅੱਧ-ਸੜੇ ਰੁੱਖ ਤੇ ਖੇਤਾਂ ਵਿੱਚ ਰੁਲ ਰਹੀਆਂ ਪੰਛੀਆਂ ਤੇ ਕੀਟਾਂ ਦੀਆਂ ਅੱਧ-ਸੜੀਆਂ ਲਾਸ਼ਾਂ ਇਸ ਖਿਲਵਾੜ ਦਾ ਪ੍ਰਤੱਖ ਸਬੂਤ ਹਨ। ਸਥਾਨਕ ਪੱਧਰ ਉੱਤੇ ਇਹ ਵਰਤਾਰਾ ਬਹੁਤਾ ਵੱਡਾ ਨਹੀਂ ਜਾਪਦਾ, ਪਰ ਜਦੋਂ ਹਰ ਪਿੰਡ, ਹਰ ਸੂਬੇ ਤੇ ਹਰ ਦੇਸ਼ ਦੇ ਲੋਕ ਅਜਿਹਾ ਕਰਦੇ ਨੇ ਤਾਂ ਇਹੋ ਵਰਤਾਰਾ ਦਾਨਵੀ ਰੂਪ ਧਾਰ ਲੈਂਦਾ ਹੈ।’’
‘‘ਇਸ ਦਾਨਵ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਵਿੱਚ ਥਾਂ ਥਾਂ ਵਾਪਰਦੀਆਂ ਜੰਗਲਾਂ ਤੇ ਤੇਲ ਦੇ ਖੂਹਾਂ ਦੀਆਂ ਅੱਗਾਂ ਅਤੇ ਫੈਕਟਰੀਆਂ ਤੇ ਵਾਹਨਾਂ ਦਾ ਗੈਸੀ ਨਿਕਾਸ ਬਹੁਤ ਖ਼ਤਰਨਾਕ ਰੋਲ ਅਦਾ ਕਰਦਾ ਹੈ ਜਿਸ ਕਾਰਨ ਤੁਹਾਡੀ ਧਰਤੀ ਉੱਤੇ ਗੰਭੀਰ ਵਾਤਾਵਰਨੀ ਤਬਦੀਲੀਆਂ ਵਾਪਰਨੀਆਂ ਸ਼ੁਰੂ ਹੋ ਚੁੱਕੀਆਂ ਹਨ।’’
‘‘ਆਲਮੀ ਤਪਿਸ਼ ਦੇ ਨਤੀਜੇ ਤਾਂ ਤੁਸੀਂ ਆਸਾਨੀ ਨਾਲ ਕਾਲ, ਹੜ੍ਹਾਂ ਤੇ ਮੌਸਮੀ ਤਬਦੀਲੀਆਂ ਦੇ ਰੂਪ ਵਿੱਚ ਭੁਗਤ ਹੀ ਰਹੇ ਹੋ। ਤੁਹਾਡੀਆਂ ਕੁਦਰਤ ਵਿਰੋਧੀ ਕਾਰਵਾਈਆਂ ਨਾਲ ਤਾਂ ਵਿਨਾਸ਼ ਹੋ ਹੀ ਰਿਹਾ ਹੈ, ਪਰ ਇਸ ਦੇ ਨਾਲ ਹੀ ਪੂੰਜੀਵਾਦ ਦੇ ਪ੍ਰਸਾਰ ਹਿੱਤ ਦੇਸ਼ਾਂ ਦੀਆਂ ਆਪਸੀ ਜੰਗਾਂ ਨੇ ਤੁਹਾਡੇ ਵਿਨਾਸ਼ ਦੀ ਰਫ਼ਤਾਰ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ।’’
‘‘ਜੇ ਤੁਸੀਂ ਇਸ ਵਿਨਾਸ਼ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਸੀ ਸ਼ਾਂਤਮਈ ਸਹਿਹੋਂਦ ਤੇ ਕੁਦਰਤ ਨਾਲ ਸੁਮੇਲਤਾ ਵਾਲਾ ਜੀਵਨ ਜਿਊਣਾ ਸਿੱਖੋ। ਜੇ ਤੁਸੀਂ ਆਪਣੇ ਜੀਵਨ ਢੰਗ ਨੂੰ ਤੁਰੰਤ ਨਾ ਬਦਲਿਆ ਤੇ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਨਾ ਰੋਕੀ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ, ਤਦ ਤੁਹਾਡੇ ਕੋਲ ਪਛਤਾਵੇ ਲਈ ਵੀ ਸਮਾਂ ਨਹੀਂ ਬਚੇਗਾ। ਜਾਓ ਤੇ ਸਾਰੀ ਦੁਨੀਆ ਵਿੱਚ ਸ਼ਾਂਤਮਈ ਸਹਿਹੋਂਦ ਤੇ ਕੁਦਰਤ ਨਾਲ ਸੁਮੇਲਤਾ ਵਾਲੇ ਜੀਵਨ ਚਲਣ ਦਾ ਸੁਨੇਹਾ ਘਰ ਘਰ ਤੱਕ ਪਹੁੰਚਾ ਦਿਓ। ਕਿਉਂ ਜੋ ਹਾਲਾਤ ਨੂੰ ਸਹੀ ਕਰਨ ਲਈ ਸਮਾਂ ਬਹੁਤ ਹੀ ਘੱਟ ਹੈ, ਇਸ ਲਈ ਤੁਹਾਡੇ ਸਭ ਵੱਲੋਂ ਸਹੀ ਸੇਧ ਵਿੱਚ ਤੇਜ਼ੀ ਨਾਲ ਕੰਮ ਕਰਨ ਦੀ ਤੁਰੰਤ ਲੋੜ ਹੈ। ਇਸ ਨੂੰ ਆਖ਼ਰੀ ਚਿਤਾਵਨੀ ਸਮਝਿਆ ਜਾਵੇ। ਅਸੀਂ ਤੁਹਾਨੂੰ ਸਹੀ ਦਿਸ਼ਾ ਵਿੱਚ ਕੰਮ ਕਰਨ ਲਈ ਸਿਰਫ਼ ਪ੍ਰੇਰ ਸਕਦੇ ਹਾਂ, ਮਜਬੂਰ ਨਹੀਂ ਕਰ ਸਕਦੇ। ਚੰਗਾ ਰਹੇਗਾ ਜੇ ਤੁਸੀਂ ਸਾਡੇ ਸੁਨੇਹੇ ਨੂੰ ਆਖ਼ਰੀ ਚਿਤਾਵਨੀ ਸਮਝਦੇ ਹੋਏ ਪੂਰੇ ਦਿਲੋ-ਦਿਮਾਗ਼ ਨਾਲ ਇਸ ਉੱਤੇ ਅਮਲ ਕਰ ਸਕੋ।’’
ਅਣਜਾਣ ਜੀਵਾਂ ਨੇ ਇਹ ਸੁਨੇਹਾ ਟੈਲੀਪੈਥਿਕ ਵਿਧੀ ਰਾਹੀਂ ਸਾਰੇ ਹਾਜ਼ਰ ਲੋਕਾਂ ਨੂੰ ਪਹੁੰਚਾ ਦਿੱਤਾ ਸੀ। ਸੁਨੇਹੇ ਦਾ ਸੰਚਾਰ ਖ਼ਤਮ ਹੁੰਦਿਆਂ ਹੀ ਉਨ੍ਹਾਂ ਅਣਜਾਣ ਜੀਵਾਂ ਦੇ ਟੋਪਾਂ ਵਿੱਚੋਂ ਨਿਕਲ ਰਹੀ ਰੋਸ਼ਨੀ ਦੀ ਚਮਕ ਘਟਣੀ ਸ਼ੁਰੂ ਹੋ ਗਈ ਸੀ। ਤਦ ਹੀ ਦਰਸ਼ਕਾਂ ਦੇ ਅੰਗਾਂ ਵਿੱਚ ਹਰਕਤ ਵਾਪਸ ਆ ਗਈ। ਇਸ ਤੋਂ ਪਹਿਲਾਂ ਕਿ ਉਨ੍ਹਾਂ ਨੂੰ ਕੋਈ ਸਵਾਲ ਪੁੱਛਦਾ, ਉਹ ਅਣਜਾਣੇ ਜੀਵ ਵਾਪਸ ਮੁੜ, ਆਪਣੇ ਵਾਹਨ ਅੰਦਰ ਚਲੇ ਗਏ। ਦਿਖਾਈ ਦੇ ਰਿਹਾ ਪਲੈਟਫਾਰਮ ਤੁਰੰਤ ਉੱਡਣ ਗੋਲੇ ਵਿੱਚ ਗਾਇਬ ਹੋ ਗਿਆ ਤੇ ਗੋਲੇ ਦੀ ਵੱਖੀ ਵਿੱਚ ਨਜ਼ਰ ਆ ਰਿਹਾ ਦਰਵਾਜ਼ਾ ਵੀ ਬੰਦ ਹੋ ਗਿਆ।
ਘੂੰ ਘੂੰ ਦੀ ਆਵਾਜ਼ ਹੌਲੀ ਹੌਲੀ ਇੰਨੀ ਤੇਜ਼ ਹੋ ਗਈ ਕਿ ਲੋਕ ਆਪਣੇ ਕੰਨਾਂ ਉੱਤੇ ਹੱਥ ਰੱਖ ਕੇ ਗੋਲੇ ਤੋਂ ਦੂਰ ਜਾਣ ਲਈ ਨੱਠ ਪਏੇ। ਕੁਝ ਦੇਰ ਬਾਅਦ ਹੀ ਉਹ ਗੋਲਾ ਹਿੱਲਿਆ ਤੇ ਸਿੱਧਾ ਉੱਪਰ ਵੱਲ ਜਾਣ ਲੱਗ ਪਿਆ। ਕੁਝ ਉਚਾਈ ’ਤੇ ਜਾ ਕੇ ਉਹ ਪਲ ਕੁ ਲਈ ਠਿਠਕਿਆ ਤੇ ਫਿਰ ਰਾਤ ਦੇ ਹਨੇਰੇ ਅੰਬਰ ਵਿੱਚ ਤੇਜ਼ ਲਾਲ ਰੋਸ਼ਨੀ ਛੱਡਦਾ ਹੋਇਆ ਅਚਾਨਕ ਗਾਇਬ ਹੋ ਗਿਆ।
ਹਨੇਰੇ ਅੰਬਰ ਹੇਠ, ਗੋਲੇ ਵਾਲੀ ਥਾਂ ਹੁਣ ਇੱਕ ਵੱਡਾ ਟੋਆ ਹੀ ਨਜ਼ਰ ਆ ਰਿਹਾ ਸੀ। ਇਸ ਅਜਬ ਵਰਤਾਰੇ ਦੇ ਖ਼ਾਤਮੇ ਪਿੱਛੋਂ ਘਰਾਂ ਨੂੰ ਵਾਪਸ ਜਾ ਰਹੇ ਲੋਕ ਉਨ੍ਹਾਂ ਅਜਨਬੀ ਜੀਵਾਂ ਵੱਲੋਂ ਦੱਸੇ ਸੱਚ ਬਾਰੇ ਸੋਚਦਿਆਂ ਧਰਤੀ ਉੱਤੇ ਮਨੁੱਖੀ ਸਦੀਵਤਾ ਤੇ ਪ੍ਰਫੁੱਲਤਾ ਲਈ ਆਪਣਾ ਯੋਗ ਹਿੱਸਾ ਪਾਉਣ ਲਈ ਚਿੰਤਾਤੁਰ ਲੱਗ ਰਹੇ ਸਨ।
***
ਘਰ ਵਾਪਸ ਆ ਕੇ ਮੈਂ ਤੇ ਮੇਰੇ ਵੱਡੇ ਭਰਾ ਨੇ ਵੀ ਇਸ ਵਾਰ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਦਾ ਫ਼ੈਸਲਾ ਕਰ ਲਿਆ ਸੀ ਅਤੇ ਤਦ ਹੀ ਅਸੀਂ ਦੋਵਾਂ ਨੇ ਹੋਰਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦਾ ਅਹਿਦ ਕੀਤਾ ਸੀ, ਜਿਸ ਦੀ ਪਾਲਣਾ ਅਸੀਂ ਅੱਜ ਵੀ ਕਰ ਰਹੇ ਹਾਂ। ਆਸ ਹੈ ਕਿ ਧਰਤੀ ਉੱਪਰ ਮਨੁੱਖ ਦੀ ਸਦੀਵਤਾ ਲਈ ਇਹ ਸਾਡਾ ਛੋਟਾ ਜਿਹਾ ਯੋਗਦਾਨ ਹੀ ਹੋਵੇਗਾ।
ਈਮੇਲ: drdpsn@hotmail.com

Advertisement
Author Image

Advertisement