ਜਸਬੀਰ ਸਿੰਘ ਸਾਬਰ ਨਮਿਤ ਅੰਤਿਮ ਅਰਦਾਸ ਅੱਜ
ਮਨਮੋਹਨ ਸਿੰਘ ਢਿੱਲੋਂ
ਅਮ੍ਰਿੰਤਸਰ, 22 ਅਕਤੂਬਰ
ਪ੍ਰਸਿੱਧ ਵਿਦਵਾਨ ਡਾ. ਜਸਬੀਰ ਸਿੰਘ ਸਾਬਰ ਮੱਧਕਾਲੀਨ ਪੰਜਾਬੀ ਸਾਹਿਤ ਅਤੇ ਵਿਸ਼ੇਸ਼ ਤੌਰ ’ਤੇ ਗੁਰਮਤਿ ਸਾਹਿਤ, ਗੁਰਬਾਣੀ, ਸਿੱਖ ਇਤਿਹਾਸ, ਸਿੱਖ ਸੱਭਿਆਚਾਰ ਅਤੇ ਗੁਰਮਤਿ ਸੰਗੀਤ ਨੂੰ ਸਮੇਂ ਦੇ ਹਾਣ ਦਾ ਪੇਸ਼ ਕਰਨ ਵਾਲੇ ਪ੍ਰਸਿੱਧ ਵਿਦਵਾਨ ਸਨ। ਡਾ. ਸਾਬਰ 18 ਅਕਤੂਬਰ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਪਾਕਿਸਤਾਨ ਦੇ ਪਿੰਡ ਕੈਮਲਪੁਰ ਵਿਚ 19 ਨਵੰਬਰ 1942 ਨੂੰ ਜਨਮੇ ਡਾ. ਸਾਬਰ ਪ੍ਰਸਿੱਧ ਆਜ਼ਾਦੀ ਘੁਲਾਟੀਏ ਸਰਦਾਰ ਸ਼ੇਰ ਸਿੰਘ ਦੇ ਪੁੱਤਰ ਸਨ। ਇਹ ਪਰਿਵਾਰ 1947 ਵਿਚ ਦੇਸ਼ ਵੰਡ ਮੌਕੇ ਬਠਿੰਡਾ ਦੇ ਨੇੜਲੇ ਪਿੰਡ ਠੁੱਠਿਆਂਵਾਲੀ ਵਿਚ ਆ ਵੱਸੇ ਸਨ।
ਡਾ. ਸਾਹਿਬ ਨੇ ਆਪਣੀ ਸਿੱਖਿਆ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਪੰਜਾਬੀ ਦੀ ਪੱਤਰਕਾਰੀ ਦੀ ਕੌਮੀ ਦਰਦ ਅਖ਼ਬਾਰ ਵਿੱਚ ਸੰਪਾਦਕ ਵਜੋਂ ਸ਼ੁਰੂਆਤ ਕੀਤੀ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਬੋਰਡ ਦੇ 1971-72 ਵਿੱਚ ਇੰਚਾਰਜ ਰਹੇ ਅਤੇ ਰਿਸਰਚ ਬੋਰਡ ਅਤੇ ਸਿੱਖ ਧਰਮ ਅਧਿਐਨ ਦੇ ਪੱਤਰ ਵਿਹਾਰ ਕੋਰਸ ਦੇ ਸਾਲ 2007-2012 ਤੱਕ ਡਾਇਰੈਕਟਰ ਰਹੇ। ਡਾ. ਸਾਬਰ ਦੀ ਅੰਤਿਮ ਅਰਦਾਸ 23 ਅਕਤੂਬਰ ਨੂੰ ਗੁਰਦੁਆਰਾ ਕਬੀਰ ਪਾਰਕ, ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਦੁਪਹਿਰ ਵੇਲੇ ਹੋਵੇਗੀ।