ਭਾਜਪਾ ਆਗੂ ਬਾਰੀ ਦੀ ਹੱਤਿਆ ਕਰਨ ਵਾਲਾ ਲਸ਼ਕਰ ਕਮਾਂਡਰ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਹਲਾਕ
ਸ੍ਰੀਨਗਰ, 18 ਅਗਸਤ
ਸੁਰੱਖਿਆ ਬਲਾਂ ਨੇ ਭਾਜਪਾ ਆਗੂ ਵਸੀਮ ਬਾਰੀ ਦੀ ਹੱਤਿਆ ਵਿੱਚ ਸ਼ਾਮਲ ਲਸ਼ਕਰ ਏ ਤਇਬਾ ਦੇ ਕਮਾਂਡਰ ਨੂੰ ਜੰਮੂ ਕਸ਼ਮੀਰ ਦੇ ਬਾਰਾਮੁੂਲਾ ਜ਼ਿਲ੍ਹੇ ਵਿੱਚ ਇਕ ਮੁਹਿੰਮ ਦੌਰਾਨ ਅੱਜ ਮਾਰ ਮੁਕਾਇਆ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਸੀਆਰਪੀਐਫ ਦੇ ਦੋ ਜਵਾਨਾਂ ਅਤੇ ਇਕ ਪੁਲੀਸ ਮੁਲਾਜ਼ਮ ਦੇ ਅਤਿਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਸ਼ਹੀਦ ਹੋਣ ਤੋਂ ਬਾਅਦ ਇਹ ਮੁਹਿੰਮ ਚਲਾਈ ਗਈ ਸੀ। ਇਸ ਮੁਹਿੰਮ ਤਹਿਤ ਅੱਜ ਤੀਜਾ ਦਹਿਸ਼ਤਗਰਦ ਮਾਰਿਆ ਗਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਲਸ਼ਕਰ ਏ ਤਇਬਾ ਦੇ ਇਸ ਵਿਦੇਸ਼ੀ ਅਤਿਵਾਦੀ ਅਤੇ ਕਮਾਂਡਰ ਦੀ ਪਛਾਣ ਉਸਮਾਨ ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਕਰੀਰੀ ਇਲਾਕੇ ਵਿੱਚ ਮੁਕਾਬਲੇ ਵਿੱਚ ਸੋਮਵਾਰ ਨੂੰ ਜ਼ਖ਼ਮੀ ਹੋਏ ਦੋ ਜਵਾਨ ਸ਼ਹੀਦ ਹੋ ਗਏ ਹਨ। ਸੁਰੱਖਿਆ ਬਲਾਂ ਨੇ ਹਮਲੇ ਬਾਅਦ ਅਤਿਵਾਦੀਆਂ ਦਾ ਪਿੱਛਾ ਕੀਤਾ ਸੀ ਅਤੇ ਉਨ੍ਹਾਂ ਵਿਚੋਂ ਦੋ ਨੂੰ ਮਾਰ ਮੁਕਾਇਆ , ਜਿਨ੍ਹਾਂ ਵਿੱਚ ਉੱਤਰੀ ਕਸ਼ਮੀਰ ਵਿਚ ਲਸ਼ਕਰ ਦਾ ਕਮਾਂਡਰ ਸੱਜਾਦ ਹੈਦਰ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਅਤਿਵਾਦੀ ਨੂੰ ਦੂਜੇ ਦਿਨ ਮਾਰ ਮੁਕਾਇਆ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਤੋਂ ਹਥਿਆਰ, ਗੋਲਾ ਬਾਰੂਦ ਤੇ ਇਤਰਾਜ਼ਯੋਗ ਸਮੱਗਰੀ ਮਿਲੀ ਹੈ।-ਏਜੰਸੀ