ਅਨੰਤਨਾਗ ਮੁਕਾਬਲੇ ’ਚ ਮਾਰਿਆ ਗਿਆ ਲਸ਼ਕਰ ਕਮਾਂਡਰ ਉਜ਼ੈਰ ਖ਼ਾਨ
ਸ੍ਰੀਨਗਰ/ਜੰਮੂ, 19 ਸਤੰਬਰ
ਜੰਮੂੁ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਦਾ ਦਹਿਸ਼ਤਗਰਦਾਂ ਨਾਲ ਜਾਰੀ ਮੁਕਾਬਲਾ ਅੱਜ ਖ਼ਤਮ ਹੋ ਗਿਆ। ਕਸ਼ਮੀਰ ਦੇ ਏਡੀਜੀਪੀ ਵਿਜੈ ਕੁਮਾਰ ਨੇ ਦੱਸਿਆ ਕਿ ਮੁਕਾਬਲੇ ’ਚ ਮਾਰੇ ਗਏ ਦੋ ਦਹਿਸ਼ਤਗਰਦਾਂ ਵਿੱਚ ਲਸ਼ਕਰ-ਏ-ਤਇਬਾ ਦਾ ਕਮਾਂਡਰ ਉਜ਼ੈਰ ਖ਼ਾਨ ਵੀ ਸ਼ਾਮਲ ਹੈ। ਇਸੇ ਦੌਰਾਨ ਜੰਮੂ ਵਿੱਚ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸੁਰੱਖਿਆ ਬਲਾਂ ਵੱਲੋਂ ਜੰਮੂ-ਕਸ਼ਮੀਰ ਦੇ ਰਾਜੌਰੀ ਅਤੇ ਪੁਣਛ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਨੇੜੇ ਕੁਝ ਇਲਾਕਿਆਂ ’ਚ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸ਼ੱਕੀ ਵਿਅਕਤੀਆਂ ਦੀਆਂ ਸਰਗਰਮੀਆਂ ਦੀ ਸੂਹ ਮਿਲਣ ਮਗਰੋਂ ਸੋਮਵਾਰ ਸ਼ਾਮ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਏਡੀਜੀਪੀ ਕੁਮਾਰ ਨੇ ਦੱਸਿਆ ਕਿ ਗੋਲੀਬਾਰੀ ’ਚ ਸੈਨਾ ਦੇ ਦੋ ਅਧਿਕਾਰੀਆਂ ਅਤੇ ਇੱਕ ਪੁਲੀਸ ਮੁਲਾਜ਼ਮ ਸਣੇ ਚਾਰ ਜਵਾਨ ਸ਼ਹੀਦ ਹੋਏ ਹਨ। ਏਡੀਜੀਪੀ ਨੇ ਅਨੰਤਨਾਗ ’ਚ ਪੱਤਰਕਾਰਾਂ ਨੂੰ ਦੱਸਿਆ, ‘‘ਹੁਣ ਤੱਕ ਲਸ਼ਕਰ-ਏ-ਤਇਬਾ ਕਮਾਂਡਰ ਉਜ਼ੈਰ ਖ਼ਾਨ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਦੂਜੇ ਦਹਿਸ਼ਤਗਰਦ ਦੀ ਲਾਸ਼ ਦਿਖਾਈ ਦੇ ਰਹੀ ਹੈ ਪਰ ਹਾਲੇ ਤੱਕ ਉਸ ਨੂੰ ਕੱਢਣਾ ਸੰਭਵ ਨਹੀਂ ਹੋ ਸਕਿਆ।’’
ਏਡੀਜੀਪੀ ਕੁਮਾਰ ਨੇ ਕਿਹਾ ਕਿ ਪਿਛਲੇ ਹਫ਼ਤੇ ਬੁੱਧਵਾਰ ਨੂੰ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਗਡੋਲੇ ਜੰਗਲੀ ਇਲਾਕੇ ’ਚ ਸ਼ੁਰੂ ਹੋਈ ਗੋਲੀਬਾਰੀ ਖ਼ਤਮ ਹੋ ਗਈ ਹੈ ਪਰ ਤਲਾਸ਼ੀ ਮੁਹਿੰਮ ਹਾਲੇ ਜਾਰੀ ਰਹੇਗੀ। ਪੁਲੀਸ ਅਧਿਕਾਰੀ ਮੁਤਾਬਕ, ‘‘ਇੱਕ ਵੱਡੇ ਇਲਾਕੇ ਦੀ ਤਲਾਸ਼ੀ ਲਈ ਜਾਣੀ ਬਾਕੀ ਹੈ। ਬਹੁਤ ਸਾਰੇ ਅਣਚੱਲੇ ਗੋਲੇ ਹੋ ਸਕਦੇ ਹਨ। ਉਨ੍ਹਾਂ ਨੂੰ ਬਰਾਮਦ ਕਰਕੇ ਨਸ਼ਟ ਕੀਤਾ ਜਾਵੇਗਾ। ਅਸੀਂ ਲੋਕਾਂ ਨੂੰ ਇਸ ਇਲਾਕੇ ’ਚ ਨਾ ਜਾਣ ਦੀ ਅਪੀਲ ਕਰਦੇ ਹਾਂ।’’ ਏਡੀਜੀਪੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਰਿਪੋਰਟ ਮਿਲੀ ਸੀ ਕਿ ਉੱਥੇ ਦੋ ਤੋਂ ਤਿੰਨ ਦਹਿਸ਼ਤਗਰਦ ਹਨ। ਤੀਜੀ ਲਾਸ਼ ਵੀ ਉੱਥੇ ਹੋਣ ਦੀ ਸੰਭਾਵਨਾ ਹੈ। ਤਲਾਸ਼ੀ ਮੁਹਿੰਮ ਖ਼ਤਮ ਹੋਣ ’ਤੇ ਇਸ ਬਾਰੇ ਪਤਾ ਲੱਗੇਗਾ। -ਪੀਟੀਆਈ
ਜੰਮੂ-ਕਸ਼ਮੀਰ ’ਚ ਹਾਲਾਤ ਸਰਕਾਰ ਦੇ ਦਾਅਵਿਆਂ ਦੇ ਉਲਟ: ਉਮਰ ਅਬਦੁੱਲਾ
ਸ੍ਰੀਨਗਰ: ਨੈਸ਼ਨਲ ਕਾਨਫਰੰਸ (ਐੱਨਸੀ) ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਹਾਲਾਤ ਕੇਂਦਰ ਸਰਕਾਰ ਦੇ ਦਾਅਵਿਆਂ ਦੇ ਉਲਟ ਹਨ, ਜਿਸ ਨੂੰ ਉਹ (ਸਰਕਾਰ) ਝੂਠ ਦੇ ਸਹਾਰੇ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਬਦੁੱਲਾ ਨੇ ਕਿਹਾ, ‘‘ਮੁਕਾਬਲੇ (ਅਨੰਤਨਾਗ) ’ਚ ਚਾਰ ਵਿਅਕਤੀ ਮਾਰੇ ਗਏ ਹਨ। ਅੱਜ ਸੱਤਵਾਂ ਦਿਨ ਹੈ। ਸ਼ਾਇਦ ਕੋਈ ਦਹਿਸ਼ਤਗਰਦ ਨਹੀਂ ਮਾਰਿਆ ਗਿਆ। ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਕਿੰਨਾ ‘ਸ਼ਾਂਤੀਪੂਰਨ ਅਤੇ ਸਥਿਰ’’ ਹੈ।’’ ਘਾਟੀ ’ਚ ਸ਼ਾਂਤੀ ਹੋਣ ਦੇ ਉਪ ਰਾਜਪਾਲ ਦੀ ਅਗਵਾਈ ਵਾਲੇ ਪ੍ਰਸ਼ਾਸਨ ਦੇ ਦਾਅਵੇ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ, ‘‘ਹਾਂ, ਸ੍ਰੀਨਗਰ ਤੇ ਉਸ ਨੇੜੇ-ਨੇੜੇ ਸ਼ਾਂਤੀ ਤੇ ਸਥਿਰਤਾ ਹੈ ਕਿਉਂਕਿ ਉਨ੍ਹਾਂ (ਪ੍ਰਸ਼ਾਸਨ) ਨੂੰ ਗੋਲਫ਼ ਖੇਡਦੇ ਹੋਏ, ਮਿਸ ਵਰਲਡ ਦੇ ਨਾਲ ਘੁੰਮਦੇ ਹੋਏ ਅਤੇ ਜੀ-20 ਦੇ ਨੁਮਾਇੰਦਿਆਂ ਨੂੰ ਘੁਮਾਉਂਦੇ ਹੋਏ ਵੇਖਿਆ ਜਾ ਸਕਦਾ ਹੈ ਪਰ ਕੋਕਰਨਾਗ, ਉੜੀ ਅਤੇ ਰਾਜੌਰੀ ਤੁਹਾਨੂੰ ਦੱਸੇਗਾ ਸ੍ਰੀਨਗਰ ਤੋਂ ਬਾਹਰ ਕਿਹੋ ਜਿਹੇ ਹਾਲਾਤ ਹਨ।’’ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਪੀਰ ਪੰਜਾਲ ਇਲਾਕੇ ਵਿੱਚ ਅਤਿਵਾਦ ਨੇ ਫਿਰ ਸਿਰ ਚੁੱਕ ਲਿਆ ਹੈ। -ਪੀਟੀਆਈ