For the best experience, open
https://m.punjabitribuneonline.com
on your mobile browser.
Advertisement

ਮੀਂਹ ਅਤੇ ਗੜਿਆਂ ਕਾਰਨ ਫ਼ਸਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ

07:28 AM Mar 04, 2024 IST
ਮੀਂਹ ਅਤੇ ਗੜਿਆਂ ਕਾਰਨ ਫ਼ਸਲਾਂ ਦਾ ਵੱਡੇ ਪੱਧਰ ’ਤੇ ਨੁਕਸਾਨ
ਜਲੰਧਰ ’ਚ ਮੀਂਹ ਕਾਰਨ ਖਰਾਬ ਹੋਈ ਆਲੂ ਦੀ ਫ਼ਸਲ। -ਫੋਟੋ: ਮਲਕੀਅਤ ਸਿੰਘ
Advertisement

ਹਤਿੰਦਰ ਮਹਿਤਾ
ਜਲੰਧਰ, 3 ਫਰਵਰੀ
ਜ਼ਿਲ੍ਹੇ ’ਚ ਬੀਤੇ ਦਿਨਾਂ ਤੋਂ ਪਏ ਮੀਂਹ ਅਤੇ ਗੜੇ ਪੈਣ ਕਾਰਨ ਕਿਸਾਨ ਕਾਫ਼ੀ ਪ੍ਰੇਸ਼ਾਨ ਹਨ। ਗੜਿਆਂ ਤੇ ਤੇਜ਼ ਹਵਾਵਾਂ ਕਾਰਨ ਖੇਤਾਂ ’ਚ ਖੜ੍ਹੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ ਜਦਕਿ ਤਾਪਮਾਨ ਵਿੱਚ ਵੀ ਪੰਜ ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਦਿਨ ਵੇਲੇ ਬੇਸ਼ੱਕ ਪੌਣੇ ਦੋ ਘੰਟੇ ਧੁੱਪ ਨਿਕਲੀ ਰਹੀ ਪਰ 10 ਤੋਂ 15 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਦੀਆਂ ਰਹੀਆਂ। ਪਹਾੜੀ ਇਲਾਕਿਆਂ ’ਚ ਬਰਫਬਾਰੀ ਕਾਰਨ ਤੇਜ਼ ਹਵਾਵਾਂ ਚੱਲਣ ਕਾਰਨ ਸ਼ੀਤ ਲਹਿਰ ਅੱਜ ਵੀ ਜਾਰੀ ਰਹੀ। ਖਰਾਬ ਹੋਏ ਮੌਸਮ ਕਾਰਨ ਆਲੂ, ਮਟਰ, ਲਸਣ, ਕਣਕ ਤੇ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ। ਗੜ੍ਹੇ ਪੈਣ ਕਾਰਨ ਜ਼ਿਲ੍ਹੇ ਵਿੱਚ ਆਲੂ ਦੀ ਫ਼ਸਲ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ।
ਪਿੰਡ ਰਹੀਮਪੁਰ, ਨਕੋਦਰ ਦੇ ਕਿਸਾਨ ਵਿਸ਼ਵਾ ਮਿੱਤਰ ਜੋਸ਼ੀ ਅਤੇ ਈਸ਼ਵਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਲੂ ਦੀ ਫਸਲ ਬੀਜੀ ਸੀ ਤੇ ਹੁਣ ਇੱਕ-ਦੋ ਦਿਨਾਂ ਤੱਕ ਪੁਟਾਈ ਸ਼ੁਰੂ ਕਰਨੀ ਸੀ ਪਰ ਗੜ੍ਹੇਮਾਰੀ ਕਾਰਨ ਉਨ੍ਹਾਂ ਦੀ ਸਾਰੀ ਫ਼ਸਲ ਤਬਾਹ ਹੋ ਗਈ। ਭਾਰੀ ਬਾਰਿਸ਼ ਕਾਰਨ ਕਈ ਇਲਾਕਿਆਂ ’ਚ ਬਲੈਕਆਊਟ ਵਾਲੀ ਸਥਿਤੀ ਹੋ ਗਈ ਅਤੇ ਹਨ੍ਹੇਰੀ ਕਾਰਨ ਮਹਾਨਗਰ ਦੇ 50 ਤੋਂ ਜ਼ਿਆਦਾ ਇਲਾਕਿਆਂ ’ਚ ਕਈ ਘੰਟਿਆਂ ਤੱਕ ਬਿਜਲੀ ਬੰਦ ਰਹੀ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਪਾਵਰਕੌਮ ਦੇ ਕਈ ਖੰਭੇ ਅਤੇ ਤਾਰਾਂ ਵੀ ਟੁੱਟ ਗਈਆਂ। ਤੇਜ਼ ਹਵਾਵਾਂ ਕਾਰਨ ਕਈ ਟਰਾਂਸਫਾਰਮਰਾਂ ਵਿੱਚ ਵੀ ਤਕਨੀਕੀ ਨੁਕਸ ਪੈ ਗਿਆ।
ਇਸ ਦੇ ਨਾਲ ਹੀ ਕੁਝ ਛੋਟੇ ਟਰਾਂਸਫਾਰਮਰ ਵੀ ਡਿੱਗ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਕੱਲੇ ਜਲੰਧਰ ਦੇ ਉੱਤਰੀ ਜ਼ੋਨ ਵਿੱਚ ਬਿਜਲੀ ਨਾ ਹੋਣ ਦੀਆਂ 9 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਹਨ। ਸ਼ਿਕਾਇਤਾਂ ਮਿਲਣ ਤੋਂ ਬਾਅਦ ਬਿਜਲੀ ਵਿਭਾਗ ਨੇ ਅੱਜ ਤੋਂ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਦਿਆਂ ਹੀ ਟੀਮਾਂ ਤੁਰੰਤ ਪ੍ਰਭਾਵ ਨਾਲ ਭੇਜੀਆਂ ਗਈਆਂ।

Advertisement

ਕਿਸਾਨਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾਉਣ ਦੀ ਮੰਗ

ਗੁਰਾਇਆ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਮੀਂਹ ਤੇ ਗੜਿਆਂ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਣਕ ਦੇ ਖੇਤਾਂ ਤੋਂ ਇਲਾਵਾ ਹਰੇ ਚਾਰੇ ਦਾ ਵੀ ਨੁਕਸਾਨ ਹੋਇਆ ਹੈ। ਗੜ੍ਹੇ ਪੈਣ ਕਾਰਨ ਫ਼ਸਲਾਂ ਤਬਾਹ ਹੋ ਗਈਆਂ ਹਨ। ਟੋਰਨੈਡੋ ਕਾਰਨ ਪਸ਼ੂਆਂ ਦੇ ਸ਼ੈੱਡ ਉੱਡ ਗਏ ਜਦਕਿ ਇਸ ਤੋਂ ਇਲਾਵਾ ਵੀ ਕਾਫੀ ਨੁਕਸਾਨ ਹੋਇਆ ਹੈ ਜਿਸ ਲਈ ਪੰਜਾਬ ਸਰਕਾਰ ਤੁਰੰਤ ਕਾਰਵਾਈ ਕਰਦੇ ਹੋਏ ਗਿਰਦਾਵਰੀ ਕਰਵਾਉਣ ਦਾ ਹੁਕਮ ਜਾਰੀ ਕਰੇ। -ਨਿੱਜੀ ਪੱਤਰ ਪ੍ਰੇਰਕ

Advertisement
Author Image

sanam grng

View all posts

Advertisement
Advertisement
×