ਔਰਤਾਂ ਵੱਲੋਂ ਕਰਜ਼ਾ ਮੁਆਫ਼ੀ ਲਈ ਮੋਗਾ ਵਿੱਚ ਵੱਡਾ ਪ੍ਰਦਰਸ਼ਨ
ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਅਗਸਤ
ਇਥੇ ਨਵੀਂ ਅਨਾਜ ਮੰਡੀ ਵਿਖੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਬੈਨਰ ਹੇਠ ਔਰਤਾਂ ਅਤੇ ਮਜ਼ਦੂਰਾਂ ਵੱਲੋਂ ਮਾਈਕਰੋ ਫਾਇਨਾਂਸ ਤੇ ਪ੍ਰਾਈਵੇਟ ਕੰਪਨੀਆਂ ਦੀ ਜਬਰੀ ਉਗਰਾਹੀਂ ਖ਼ਿਲਾਫ਼ ਕਰਜ਼ਾ ਮੁਕਤੀ ਤਹਿਤ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਪ੍ਰਗਤੀਸ਼ੀਲ ਮੰਚ ਪੰਜਾਬ, ਸੂਬਾਈ ਪ੍ਰਧਾਨ ਬਲਕਰਨ ਮੋਗਾ, ਮਜ਼ਦੂਰ ਮੁਕਤੀ ਮੋਰਚਾ ਆਗੂ ਹਰਮਨ ਹਿੰਮਤਪੁਰਾ, ਔਰਤ ਮੁਕਤੀ ਮੋਰਚਾ ਆਗੂ ਸੋਨੀ ਹਿਮਤਪੁਰਾ, ਡਾ. ਜਗਰਾਜ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਵੱਲੋਂ ਸਵੈ ਰੁਜ਼ਗਾਰ ਦੇ ਨਾਮ ਉੱਤੇ ਗਰੁੱਪ ਬਣਾਕੇ ਦਿੱਤੇ ਕਰਜ਼ਿਆਂ ਨੂੰ ਸਰਕਾਰ ਮੁਆਫ਼ ਕਰਵਾਏ ਜਾਂ ਆਪਣੀ ਜ਼ਿੰਮੇਵਾਰੀ ਲਵੇ। ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਮਾੜੀ ਆਰਥਿਕਤਾ ਦੀਆਂ ਝੰਬੀਆਂ ਔਰਤਾਂ ਤੇ ਮਜ਼ਦੂਰ ਕਰਜ਼ਾ ਮੋੜਨ ਵਿੱਚ ਪੂਰੀ ਤਰ੍ਹਾਂ ਅਸਮਰਥ ਹਨ ਅਤੇ ਨਿੱਜੀ ਕੰਪਨੀਆਂ ਦੇ ਕਰਿੰਦੇ ਕਿਸ਼ਤਾਂ ਭਰਾਉਣ ਲਈ ਪ੍ਰੇਸ਼ਾਨ ਕਰ ਰਹੇ ਹਨ ,ਜਦ ਤੱਕ ਕਰਜ਼ਾ ਮੁਆਫ਼ ਨਹੀਂ ਹੁੰਦਾ ਇਸ ਦੀ ਜਬਰੀ ਵਸੂਲੀ ਅਤੇ ਵਿਆਜ ’ਤੇ ਰੋਕ ਲਗਾਈ ਜਾਵੇ। ਇਸ ਮੌਕੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਸੂਬਾਈ ਆਗੂ ਗੁਰਮੀਤ ਸਿੰਘ ਬਖਤਪੁਰਾ,ਸਕੱਤਰੇਤ ਮੈਂਬਰ ਰਾਜਵਿਦਰ ਸਿੰਘ ਰਾਣਾ ਅਤੇ ਪੰਜਾਬ ਕਿਸਾਨ ਯੂਨੀਅਨ ਆਗੂ ਰੂਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਆੜ ਵਿੱਚ ਦੇਸ਼ ਨੂੰ ਵੇਚਣ ’ਤੇ ਤੁਲੀ ਹੋਈ ਹੈ। ਇਸ ਮੌਕੇ ਪ੍ਰਗਤੀਸ਼ੀਲ ਮੰਚ ਦੇ ਆਗੂ ਨਵਜੋਤ ਸਿੰਘ ਜੋਗੇਵਾਲਾ,ਅਮਨਦੀਪ ਸਿੰਘ,ਅਕਾਲੀ ਦਲ (ਅ) ਦੇ ਆਗੂ ਬਲਰਾਜ ਸਿੰਘ, ਹਰਜੀਤ ਕੌਰ ਬੁੱਕਣਵਾਲਾ, ਵੀਰਪਾਲ ਕੌਰ ਚੰਦ ਨਵਾਂ, ਕੁਲਦੀਪ ਕੌਰ ਮਹੇਸ਼ਰੀ, ਸਵਰਨਜੀਤ ਕੌਰ ਘੋਲੀਆ ਖੁਰਦ, ਕੁਲਵੀਰ ਕੌਰ, ਸ਼ਿੰਦਰਪਾਲ ਕੌਰ ਲੰਡੇ, ਪਰਮਜੀਤ ਕੌਰ, ਰਾਜਦੀਪ ਕੌਰ ਨਿਹਾਲ ਸਿੰਘ ਵਾਲਾ, ਗੁਰਮੀਤ ਕੌਰ ਮੀਨੀਆਂ, ਗੁਰਬਚਨ ਸਿੰਘ ਮੀਨੀਆਂ, ਭਜਨ ਕੌਰ ਨੰਗਲ, ਜਸਪ੍ਰੀਤ ਕੌਰ ਫੂਲੇ ਵਾਲਾ, ਚਰਨਜੀਤ ਕੌਰ ਲੰਡੇ ਕੇ, ਬੱਬਲਜੀਤ ਕੌਰ ਭਾਗੀ ਕੇ, ਰਾਣੀ ਕੌਰ ਜੈ ਸਿੰਘ ਵਾਲਾ ਸਿਮਰਨ ਕੌਰ ਤੇ ਰਾਜਪਾਲ ਸਿੰਘ ਨੇ ਸੰਬੋਧਨ ਕੀਤਾ।