ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਸ਼ਾ ਵਿਭਾਗ ਕਰੇਗਾ 1.18 ਲੱਖ ਦੁਰਲੱਭ ਪੁਸਤਕਾਂ ਦੀ ਡਿਜੀਟਾਈਜ਼ੇਸ਼ਨ

07:32 AM Jan 10, 2025 IST
ਡਿਜੀਟਾਈਜ਼ੇਸ਼ਨ ਪ੍ਰਾਜੈਕਟ ਦੀ ਸ਼ੁਰੂਆਤ ਕਰਦੇ ਹੋਏ ਜਸਵੰਤ ਸਿੰਘ ਜ਼ਫ਼ਰ ਤੇ ਦਵਿੰਦਰਪਾਲ ਸਿੰਘ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਜਨਵਰੀ
ਭਾਸ਼ਾ ਵਿਭਾਗ ਪੰਜਾਬ ਵੱਲੋਂ ਹਵਾਲਾ ਲਾਇਬਰੇਰੀ ’ਚ ਮੌਜੂਦ 1.18 ਲੱਖ ਦੇ ਕਰੀਬ ਵੱਖ-ਵੱਖ ਭਾਸ਼ਾਵਾਂ ਦੀਆਂ ਦੁਰਲੱਭ ਤੇ ਮਿਆਰੀ ਪੁਸਤਕਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲਣ ਦਾ ਕਾਰਜ ਅੱਜ ਸ਼ੁਰੂ ਕੀਤਾ ਗਿਆ। ਇਨ੍ਹਾਂ ਵਿੱਚ 68 ਹਜ਼ਾਰ ਦੇ ਕਰੀਬ ਗੁਰਮੁਖੀ ਲਿਪੀ (ਪੰਜਾਬੀ) ਵਾਲੀਆਂ ਪੁਸਤਕਾਂ ਸ਼ਾਮਲ ਹਨ। ਇਸ ਤੋਂ ਇਲਾਵਾ ਹਿੰਦੀ, ਉਰਦੂ, ਸੰਸਕ੍ਰਿਤ ਤੇ ਅੰਗਰੇਜ਼ੀ ਦੀਆਂ ਪੁਸਤਕਾਂ ਵੀ ਹਨ। ਪੰਜਾਬ ਡਿਜੀਟਲ ਲਾਇਬਰੇਰੀ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿਘ ਜ਼ਫ਼ਰ ਨੇ ਕੀਤੀ। ਇਸ ਮੌਕੇ ਪੰਜਾਬ ਡਿਜੀਟਲ ਲਾਇਬਰੇਰੀ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਉੱਚੇਚੇ ਤੌਰ ’ਤੇ ਹਾਜ਼ਰ ਹੋਏ।
ਇਸ ਮੌਕੇ ਸ੍ਰੀ ਜ਼ਫ਼ਰ ਨੇ ਦੱਸਿਆ ਕਿ ਇਹ ਕਾਰਜ ਦੋ ਮੰਤਵਾਂ ਤਹਿਤ ਆਰੰਭ ਕੀਤਾ ਗਿਆ ਹੈ। ਪਹਿਲਾ ਭਾਸ਼ਾ ਵਿਭਾਗ ਪੰਜਾਬ ਕੋਲ ਮੌਜੂਦ ਵੱਡਮੁੱਲੇ ਸਾਹਿਤਕ ਵਿਰਸੇ ਨੂੰ ਸੰਭਾਲਣਾ ਹੈ ਤੇ ਦੂਜਾ ਮੰਤਵ ਪੰਜਾਬੀ ਭਾਸ਼ਾ ਨੂੰ ਮਸਨੂਈ ਬੌਧਕਿਤਾ (ਏਆਈ) ਦੇ ਖੇਤਰ ’ਚ ਸਥਾਪਤ ਕਰਨਾ ਹੈ। ਡਿਜੀਟਾਈਜ਼ੇਸ਼ਨ ਦੇ ਕਾਰਜ ਸਦਕਾ ਵੱਖ-ਵੱਖ ਭਾਸ਼ਾਵਾਂ ’ਚ ਤਿੰਨ ਸੌ ਸਾਲ ਤੋਂ ਪੁਰਾਣੀਆਂ ਹੱਥ ਲਿਖਤਾਂ, ਪੁਰਾਤਨ ਗ੍ਰੰਥ, ਸਿੱਖ ਗੁਰੂ ਸਾਹਿਬਾਨਾਂ ਦਾ ਸਮਕਾਲੀ ਸਾਹਿਤ, ਵਿਸ਼ਵ ਕਲਾਸਿਕ ਸਾਹਿਤ, ਭਾਸ਼ਾ ਵਿਭਾਗ ਦੇ ਰਸਾਲਿਆਂ ਦੇ ਵਿਸ਼ੇਸ਼ ਅੰਕ, ਪੁਰਾਣੇ ਨਕਸ਼ੇ ਅਤੇ ਹੋਰ ਬਹੁਤ ਸਾਰੀਆਂ ਵੱਡਮੁੱਲੀਆਂ ਲਿਖਤਾਂ ਡਿਜੀਟਲ ਰੂਪ ’ਚ ਉਪਲਬਧ ਹੋਣਗੀਆਂ। ਵਿਭਾਗ ਕੋਲ 20 ਹਜ਼ਾਰ ਦੇ ਕਰੀਬ ਅਜਿਹੀਆਂ ਪੁਸਤਕਾਂ ਜਿਨ੍ਹਾਂ ਦੀ ਸਿਰਫ਼ ਇੱਕ-ਇੱਕ ਕਾਪੀ ਹੀ ਮੌਜੂਦ ਹੈ। ਪੁਰਾਤਨ 542 ਹੱਥ ਲਿਖਤਾਂ ਨੂੰ ਦੇਖਣ ਲਈ ਅਕਸਰ ਹੀ ਖੋਜਾਰਥੀ ਤੇ ਹੋਰ ਲੋਕ ਵਿਭਾਗ ’ਚ ਆਉਂਦੇ ਰਹਿੰਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਨੁਕਸਾਨ ਪੁੱਜਣ ਦਾ ਡਰ ਰਹਿੰਦਾ ਸੀ।
ਇਸ ਸਮੱਗਰੀ ਨੂੰ ਜਲਦ ਹੀ ਇੱਕ ਪੋਰਟਲ ਜ਼ਰੀਏ ਜਨਤਕ ਕਰ ਦਿੱਤਾ ਜਾਵੇਗਾ। ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅੱਠ ਮੈਂਬਰੀ ਟੀਮ ਵੱਲੋਂ ਕਰੀਬ ਤਿੰਨ ਕਰੋੜ ਸਫ਼ੇ ਸਕੈਨ ਕਰ ਕੇ ਡਿਜੀਟਲ ਰੂਪ ’ਚ ਈ-ਪੁਸਤਕਾਂ ਤਿਆਰ ਕੀਤੀਆਂ ਜਾਣਗੀਆਂ। ਇਸ ਮੌਕੇ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ ਤੇ ਆਲੋਕ ਚਾਵਲਾ, ਸੁਪਰਡੈਂਟ ਭੁਪਿੰਦਰਪਾਲ ਸਿੰਘ, ਲਾਇਬਰੇਰੀਅਨ ਨੇਹਾ ਵੀ ਹਾਜ਼ਰ ਸਨ।

Advertisement

Advertisement